ਰਾਤ ਨੂੰ ਤਾਪਮਾਨ -1 ਡਿਗਰੀ ਹੋਇਆ
ਸੁਖਜਿੰਦਰ ਮਾਨ
ਬਠਿੰਡਾ, 17 ਜਨਵਰੀ: ਕਰੀਬ ਦੋ ਸਾਲਾਂ ਬਾਅਦ ਮੁੜ ਬਠਿੰਡਾ ’ਚ ਤਾਪਮਾਨ ਮਨਫ਼ੀ ’ਤੇ ਪੁੱਜ ਗਿਆ ਹੈ। ਮੌਸਮ ਵਿਭਾਗ ਵਲੋਂ ਦਿਤੀ ਜਾਣਕਾਰੀ ਮੁਤਾਬਕ ਬੀਤੀ ਰਾਤ ਦਾ ਤਾਪਮਾਨ -1 ਡਿਗਰੀ ਦਰਜ ਕੀਤਾ ਗਿਆ। ਇਸਤੋਂ ਪਹਿਲਾਂ ਸਾਲ 2021 ਦੀ 18 ਦਸੰਬਰ ਨੂੰ ਤਾਪਮਾਨ ਘਟ ਕੇ -0.8 ਡਿਗਰੀ ਅਤੇ 2020 ਵਿਚ 31 ਦਸੰਬਰ ਨੂੰ -0.5 ਡਿਗਰੀ ਰਹਿ ਗਿਆ ਸੀ। ਮੌਸਮ ਵਿਗਿਆਨੀਆਂ ਨੇ ਦਸਿਆ ਕਿ ਕਈ ਸਾਲਾਂ ਬਾਅਦ ਜਨਵਰੀ ਮਹੀਨੇ ਵਿਚ ਸਭ ਤੋਂ ਵੱਧ ਠੰਢ ਅਤੇ ਸ਼ੀਤ ਲਹਿਰ ਹਵਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਉਂਜ ਪਿਛਲੇ ਤਿੰਨ ਦਿਨਾਂ ਤੋਂ ਦਿਨ ਦੇ ਸਮੇਂ ਤੇਜ ਧੁੱਪ ਨਿਕਲ ਰਹੀ ਹੈ ਪ੍ਰੰਤੂ ਰਾਤਾਂ ਪੂਰੀ ਤਰ੍ਹਾਂ ਠਰ ਰਹੀਆਂ ਹਨ। ਇਹੀਂ ਨਹੀਂ ਬੀਤੀ ਰਾਤ ਪਹਿਲੀ ਵਾਰ ਭਾਰੀ ਕੋਹਰਾ ਵੀ ਪਿਆ ਹੈ ਅਤੇ ਇਲਾਕੇ ਵਿਚ ਕਈ ਥਾਵਾਂ ਪਹੀਆਂ ਅਤੇ ਖੇਤਾਂ ਵਿਚ ਕੋਹਰੇ ਦੀ ਚਿੱਟੀ ਚਾਦਰ ਵਿਛੀ ਨਜ਼ਰ ਆਈ ਹੈ। ਹਲਾਂਕਿ ਦਿਨ ਦਾ ਤਾਪਮਾਨ 18.4 ਡਿਗਰੀ ਤੱਕ ਪੁੱਜਿਆ ਹੋਇਆ ਸੀ। ਇਸਦੇ ਬਾਵਜੂਦ ਸਾਰਾ ਦਿਨ ਭਰ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ। ਜਿਸਦੇ ਚੱਲਦੇ ਧੁੱਪ ਦੇ ਵਿਚ ਵੀ ਠੰਢ ਦਾ ਅਹਿਸਾਸ ਹੁੰਦਾ ਰਿਹਾ। ਲਗਾਤਾਰ ਪੈ ਰਹੀ ਧੂੰਦ ਬੇਸ਼ੱਕ ਕਣਕ ਦੀ ਫ਼ਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ ਪ੍ਰੰਤੂ ਕੋਹਰਾ ਅਤੇ ਭਾਰੀ ਠੰਢ ਆਲੂ ਅਤੇ ਹੋਰ ਸਬਜੀਆਂ ਦੀਆਂ ਫ਼ਸਲਾਂ ਲਈ ਮਾਰੂ ਸਾਬਤ ਹੋ ਰਹੀ ਹੈ। ਫ਼ਸਲ ਵਿਗਿਆਨੀਆਂ ਨੇ ਵੀ ਸੰਕਾ ਜ਼ਾਹਰ ਕੀਤੀ ਹੈ ਕਿ ਜੇਕਰ ਇਸੇ ਤਰ੍ਹਾਂ ਆਉਣ ਵਾਲੇ ਕੁੱਝ ਦਿਨਾਂ ਤੱਕ ਸ਼ੀਤ ਲਹਿਰ ਹਵਾਵਾਂ ਅਤੇ ਕੋਹਰਾ ਪੈਂਦਾ ਰਿਹਾ ਤਾਂ ਆਲੂ ਅਤੇ ਹੋਰ ਸਬਜੀਆਂ ਲਈ ਇਹ ਖ਼ਤਰਨਾਕ ਸਾਬਤ ਹੋਵੇਗਾ। ਜਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੇ ਦੂਜੇ ਇਲਾਕਿਆਂ ਦੇ ਮੁਕਾਬਲੇ ਬਠਿੰਡਾ ਪੱਟੀ ਪਹਿਲਾਂ ਹੀ ਠੰਢੀ ਚੱਲ ਰਹੀ ਹੈ। ਸਾਲ 2023 ਦੇ ਚੜ੍ਹਣ ਤੋਂ ਲੈ ਕੇ ਹੁਣ ਤੱਕ ਮੈਦਾਨੀ ਇਲਾਕਾ ਸਿਮਲਾ ਬਣਿਆ ਹੋਇਆ ਹੈ। ਮੌਸਮ ਮਾਹਰਾਂ ਮੁਤਾਬਕ ਆਉਣ ਵਾਲੇ ਕੁੱਝ ਦਿਨਾਂ ਤੱਕ ਪਾਰਾ ਇਸੇ ਤਰ੍ਹਾਂ ਹੀ ਰਹਿ ਸਕਦਾ ਹੈ।
ਬਠਿੰਡਾ ਦਾ ਤਾਪਮਾਨ ਦੋ ਸਾਲ ਮੁੜ ਮਨਫ਼ੀ ’ਤੇ ਪੁੱਜਿਆ
9 Views