24 ਨੂੰ ਕੇਂਦਰੀ ਮੰਤਰੀ ਗਜੇਂਦਰ ਸੇਖਾਵਤ ਪੁੱਜ ਰਹੇ ਹਨ ਬਠਿੰਡਾ
ਭਾਜਪਾ ਵਿਚ ਜਾਣ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਅਪਣੇ ਹਿਮਾਇਤੀ ਕੋਂਸਲਰਾਂ ਨੂੰ ਪਿੰਡ ਬਾਦਲ ਸੱਦਿਆ
ਕਾਂਗਰਸ ਨੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਬਠਿੰਡਾ ਚ ਕੀਤੀ ਕੋਂਸਲਰਾਂ ਨਾਲ ਮੀਟਿੰਗ
ਕਾਂਗਰਸ ਦੇ ਕੋਂਸਲਰ ਦੋ ਧੜਿਆਂ ਵਿਚ ਗਏ ਵੰਡੇ ਦਿਖਾਈ ਦੇਣ ਲੱਗੇ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ : ਮਨਪ੍ਰੀਤ ਸਿੰਘ ਬਾਦਲ ਦੇ ਦੋ ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਹੁਣ ਬਠਿੰਡਾ ਨਗਰ ਨਿਗਮ ਦੀ ਸੱਤਾ ‘ਹਾਸਲ’ ਕਰਨ ਅਤੇ ਇਸਨੂੰ ‘ਬਰਕਰਾਰ’ ਰੱਖਣ ਲਈ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਧੜੇ ਵਿਚਕਾਰ ‘ਸ਼ਹਿ-ਮਾਤ’ ਦੀ ਖੇਡ ਸ਼ੁਰੂ ਹੋ ਗਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ 24 ਜਨਵਰੀ ਨੂੰ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ਼ ਗਜੇਂਦਰ ਸੇਖਾਵਤ ਬਠਿੰਡਾ ਵਿਚ ਪੁੱਜ ਰਹੇ ਹਨ। ਪਤਾ ਚੱਲਿਆ ਹੈ ਕਿ ਮਨਪ੍ਰੀਤ ਧੜੇ ਦੀ ਕੋਸ਼ਿਸ਼ ਹੈ ਕਿ ਉਕਤ ਦਿਨ ਉਹ ਅਪਣੇ ਹਿਮਾਇਤੀਆਂ ਦਾ ਵੱਡਾ ਇਕੱਠ ਕਰਕੇ ਪ੍ਰਭਾਵ ਛੱਡਣ ਵਿਚ ਕਾਮਯਾਬ ਹੋ ਸਕਦੇ ਹਨ। ਇਸੇ ਕੜੀ ਤਹਿਤ ਅੱਜ ਜਿੱਥੇ ਸਾਬਕਾ ਵਿਤ ਮੰਤਰੀ ਵਲੋਂ ਅਪਣੇ ਹਿਮਾਇਤੀ ਕੋਂਸਲਰਾਂ ਨੂੰ ਪਿੰਡ ਬਾਦਲ ਵਿਖੇ ਸੱਦਿਆ ਹੋਇਆ ਸੀ, ਉਥੇ ਕਾਂਗਰਸ ਨੇ ਵੀ ਇਸਦੀ ਸੂਹ ਮਿਲਦਿਆਂ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਸਥਾਨਕ ਲਾਰਡ ਰਾਮਾ ਸਕੂਲ ਦੇ ਇੱਕ ਦਫ਼ਤਰ ’ਚ ਕੋਂਸਲਰਾਂ ਨਾਲ ਮੀਟਿੰਗ ਕੀਤੀ। ਪੁਣ-ਛਾਣ ਕੇ ਹੁਣ ਤੱਕ ਬਾਹਰ ਆਈਆਂ ਖ਼ਬਰਾਂ ਮੁਤਾਬਕ ਹੁਣ ਤੱਕ ਦੋਨਾਂ ਧੜਿਆਂ ਕੋਲ ਲਗਭਗ ਬਰਾਬਰ-ਬਰਾਬਰ ਕੋਂਸਲਰ ਹਨ। ਹਲਾਂਕਿ ਕਾਂਗਰਸ ਦੇ ਆਗੂਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਮੀਟਿੰਗ ਵਿਚ 22 ਕੋਂਸਲਰ ਪੁੱਜੇ ਸਨ, ਜਿੰਨ੍ਹਾਂ ਨੇ ਦਸਖ਼ਤ ਵੀ ਕੀਤੇ ਹਨ। ਜਦੋਂਕਿ ਮਨਪ੍ਰੀਤ ਬਾਦਲ ਦੇ ਧੜੇ ਵਲੋਂ ਸੋਸਲ ਮੀਡੀਆ ’ਤੇ ਪਾਈ ਫ਼ੋਟੋ ’ਚ ਉਨ੍ਹਾਂ ਨਾਲ 18 ਕੋਂਸਲਰ ਖੜ੍ਹੇ ਹਨ। ਕਾਂਗਰਸ ਦੇ ਮੌਜੂਦਾ ਸਮੇਂ ਨਿਗਮ ਅੰਦਰ 40 ਕੋਂਸਲਰ ਹਨ। ਮਨਪ੍ਰੀਤ ਨਾਲ ਖੜ੍ਹਣ ਵਾਲੇ ਜਿਆਦਾਤਰ ਕੋਂਸਲਰਾਂ ਦਾ ਪਿਛਕੋੜ ਗੈਰ-ਕਾਂਗਰਸੀ ਹੈ, ਜਿੰਨ੍ਹਾਂ ਨੂੰ ਦੂਜੀਆਂ ਪਾਰਟੀਆਂ ਵਿਚੋਂ ਲਿਆ ਕੇ ਟਿਕਟ ਦਿੱਤੀ ਗਈ ਸੀ। ਹਾਲਾਂਕਿ ਸ਼ਹਿਰ ਦੇ ਕੁੱਝ ਕੋਂਸਲਰ ਅਜਿਹੇ ਵੀ ਹਨ, ਜਿਹੜੇ ਦੁਚਿੱਤੀ ਵਿਚ ਪਏ ਹੋਏ ਹਨ। ਕਾਂਗਰਸ ਨਾਲ ਡਟਕੇ ਖੜੇ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ, ਸਾਬਕਾ ਚੇਅਰਮੈਨ ਕੇ.ਕੇ.ਅਗਰਵਾਲ, ਸਾਬਕਾ ਜ਼ਿਲ੍ਹਾਂ ਪ੍ਰਧਾਨ ਅਰੁਣ ਵਧਾਵਨ, ਪਵਨ ਮਾਨੀ ਆਦਿ ਵਰਗੇ ਸੀਨੀਅਰ ਆਗੂਆਂ ਨੇ ਕੋਂਸਲਰਾਂ ਨੂੰ ਪਾਰਟੀ ਨਾਲ ਖੜਣ ਦੀ ਅਪੀਲ ਕੀਤੀ ਹੈ। ਜਦੋਂ ਮੇਅਰ ਤੇ ਡਿਪਟੀ ਮੇਅਰ ਨੇ ਮਨਪ੍ਰੀਤ ਦੇ ਹੱਕ ਵਿਚ ਖੜ੍ਹਣ ਦਾ ਫੈਸਲਾ ਕੀਤਾ ਹੈ। ਉਧਰ ਇਸ ਸਾਰੇ ਘਟਨਾਕ੍ਰਮ ਵਿਚ ਸਾਬਕਾ ਵਿਤ ਮੰਤਰੀ ਦੇ ਕੱਟੜ ਸਿਆਸੀ ਵਿਰੋਧੀ ਮੰਨੇ ਜਾਂਦੇ ਆਪ ਦੇ ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਸਾਬਕਾ ਅਕਾਲੀ ਵਿਧਾਇਕ ਤੇ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਵਲੋਂ ਨਿਭਾਈ ਜਾਣ ਵਾਲੀ ਭੂਮਿਕਾ ਨੇ ਵੀ ਅਸਰ ਦਿਖਾਉਣਾ ਹੈ। ਸੂਤਰਾਂ ਮੁਤਾਬਕ ਸ਼੍ਰੀ ਸਿੰਗਲਾ ਨੇ ਵੀ ਮਨਪ੍ਰੀਤ ਦੀ ਆਮਦ ਤੋਂ ਬਾਅਦ ਅਪਣੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪਤਾ ਲੱਗਿਆ ਹੈ ਕਿ ਮਨਪ੍ਰੀਤ ਦੇ ਕੱਟੜ ਸਮਰਥਕ ਕਹੇ ਜਾਣ ਵਾਲੇ ਕੋਂਸਲਰਾਂ ਦਾ ਭਾਜਪਾ ਵਿਚ ਆਉਣ ਦਾ ਸਵਾਗਤ ਤਾਂ ਜਰੂਰ ਕੀਤਾ ਜਾਵੇਗਾ ਪ੍ਰੰੰਤੂ ਨਾਲ ਹੀ ਇਹ ਵੀ ਫੈਸਲਾ ਲਿਆ ਹੈ ਕਿ ਉਨ੍ਹਾਂ ਨੂੰ ਇਹ ਸਪੱਸ਼ਟ ਕਰ ਦਿੱਤਾ ਜਾਵੇ ਕਿ ਇੱਥੇ ਕਾਂਗਰਸ ਦੀ ਤਰ੍ਹਾਂ ‘ਜੋ-ਜੋ’ ਕਲਚਰ ਨਹੀਂ ਚੱਲੇਗਾ ਅਤੇ ਭਾਜਪਾ ਦੀਆਂ ਨੀਤੀਆਂ ਮੁਤਾਬਕ ਹੀ ਚੱਲਣਾ ਪਏਗਾ। ਇਸਤੋਂ ਇਲਾਵਾ ਕੁੱਝ ਕੋਂਸਲਰਾਂ ਦੀਆਂ ਕੁੱਝ ‘ਵਿਸ਼ੇਸ਼ ਪ੍ਰਾਪਤੀਆਂ’ ਨੂੰ ਵੀ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਲੋੜ ਪੈਣ ’ਤੇ ਭਾਜਪਾ ਆਗੂਆਂ ਤੱਕ ਇੰਨ੍ਹਾਂ ਨੂੰ ਪੁੱਜਦਾ ਕੀਤਾ ਜਾ ਸਕੇ। ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਬੇਸ਼ੱਕ ਸ਼ਹਿਰ ਦੇ ਜਿਆਦਾਤਰ ਭਾਜਪਾ ਦੇ ਟਕਸਾਲੀ ਅਤੇ ਆਰਐਸਐਸ ਨਾਲ ਜੁੜੇ ਆਗੂ ਪਹਿਲਾਂ ਸਰੂਪ ਸਿੰਗਲਾ ਦੇ ਵੀ ਹੱਕ ਵਿਚ ਵੀ ਨਹੀਂ ਸਨ ਪ੍ਰੰਤੂ ਹੁਣ ਮਨਪ੍ਰੀਤ ਦੀ ਆਮਦ ਤੋਂ ਬਣੇ ਸਿਆਸੀ ਹਾਲਾਤਾਂ ਵਿਚ ਸਿੰਗਲਾ ਦੇ ਹੱਕ ਵਿਚ ਖੜਦੇ ਨਜ਼ਰ ਆ ਰਹੇ ਹਨ। ਜਿਸ ਕਾਰਨ ਜਿਆਦਾਤਰ ਕਾਂਗਰਸੀ ਕੋਂਸਲਰ ਇਹ ਵੀ ਪੱਖ ਵੀ ਸੋਚ ਕੇ ਚੱਲ ਰਹੇ ਹਨ ਕਿ ਭਾਜਪਾ ਵਿਚ ਵੀ ਉਨ੍ਹਾਂ ਲਈ ‘ਗੁਲਾਬ’ ਦੇ ਫੁੱਲਾਂ ਦੀ ਸ਼ੇਜ ਨਹੀਂ ਵਿਛੀ ਹੋਈ ਤੇ ਕਿਉੁਂਕਿ ਜਿੱਥੇ ਭਾਜਪਾ ਇੱਕ ਅਨੁਸਾਸਨਬਧ ਪਾਰਟੀ ਹੈ ਉਥੇ ਸਰੂਪ ਸਿੰਗਲਾ ਵੀ ਬੈਠੇ ਹੋਏ ਹਨ। ਜਦੋਂਕਿ ਉਨ੍ਹਾਂ ਉਪਰ ਦਲਬਦਲੂ ਦਾ ਟੈਗ ਅਲੱਗ ਤੋਂ ਲੱਗੇਗਾ। ਇਹ ਹਾਲਾਤ ਕਾਂਗਰਸ ਲਈ ਕਾਫ਼ੀ ਸਹਾਈ ਸਿੱਧ ਹੋ ਸਕਦੀ ਹੈ ਤੇ ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਬਠਿੰਡਾ ’ਚ ਕਾਂਗਰਸ ਦਾ ਕਿਲਾ ਬਰਕਰਾਰ ਰੱਖਣ ਲਈ ਜਿੱਥੇ ਅੱਜ-ਭਲਕ ਖੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੋਰਚਾ ਸੰਭਾਲਣ ਲਈ ਆ ਸਕਦੇੇ ਹਨ, ਉਥੇ ਬਠਿੰਡਾ ਵਿਚ ਕਾਂਗਰਸੀ ਕੋਂਸਲਰਾਂ ਨੂੰ ਇਕਜੁਟ ਰੱਖਣ ਲਈ ਪੰਜਾਬ ਦੇ ਕਿਸੇ ਧੜੱਲੇਦਾਰ ਟਕਸਾਲੀ ਕਾਂਗਰਸੀ ਆਗੂ ਦੀ ਡਿਊਟੀ ਮਨਪ੍ਰੀਤ ਬਾਦਲ ਨੂੰ ਸਿਆਸੀ ਮਾਤ ਦੇਣ ਲਈ ਲਗਾਈ ਜਾ ਰਹੀ ਹੈ। ਉਧਰ ਸ਼ਹਿਰ ਵਿਚ ਵਾਪਰ ਰਹੇ ਇਸ ਸਾਰੇ ਸਿਆਸੀ ਘਟਨਾਕ੍ਰਮ ਦੌਰਾਨ ਬਠਿੰਡਾ ਨਗਰ ਨਿਗਮ ਦੀ ‘ਮਾਂ’ ਮੰਨੇ ਜਾਂਦੇ ਸਾਬਕਾ ਕਾਂਗਰਸੀ ਆਗੂ ਤੇ ਮੌਜੂਦਾ ਆਪ ਵਿਧਾਇਕ ਜਗਰੂਪ ਸਿੰਘ ਗਿੱਲ ਚੁੱਪ ਹਨ ਤੇ ਹਾਲੇ ‘ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ’ ਵਾਲੀ ਨੀਤੀ ਉਪਰ ਚੱਲ ਰਹੇ ਹਨ ਅਤੇ ਕਰੀਬ 30 ਸਾਲ ਕੋਂਸਲਰ ਰਹਿਣ ਵਾਲੇ ਸ: ਗਿੱਲ ਸਿਆਸਤ ਦੇ ‘ਜਬਰਦਸਤ’ ਖਿਲਾੜੀ ਮੰਨੇ ਜਾਂਦੇ ਹਨ ਤੇ ਉਨ੍ਹਾਂ ਵਲੋਂ ਚੱਲੀ ਜਾਣ ਵਾਲੀ ਕੋਈ ਸਿਆਸੀ ਚਾਲ ਵੀ ਨਿਗਮ ਦੀ ਸੱਤਾ ਨੂੰ ਲੈ ਕੇ ਕਾਂਗਰਸ ਤੇ ਸਾਬਕਾ ਕਾਂਗਰਸੀ ਵਿਚਕਾਰ ਚੱਲ ਰਹੀ ਸਿਆਸੀ ਜੰਗ ਵਿਚ ਅਪਣੀ ਰੰਗ ਦਿਖਾ ਸਕਦਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਿਗਮ ਅੰਦਰ ਸੱਤ ਕੋਂਸਲਰ ਵੀ ਹਾਲੇ ਦੂਰ ਤੋਂ ਸਿਆਸੀ ਤਮਾਸਾ ਵੇਖਣ ਵਾਲੀ ਸਥਿਤੀ ਵਿਚ ਖੜੇ ਹੋਏ ਹਨ।
Share the post "ਬਠਿੰਡਾ ਨਿਗਮ ਦੀ ਸੱਤਾ ਹਾਸਲ ਕਰਨ ਲਈ ਮਨਪ੍ਰੀਤ ਬਾਦਲ ਤੇ ਕਾਂਗਰਸ ਵਿਚਕਾਰ ‘ਸ਼ਹਿ-ਮਾਤ’ ਦੀ ਖੇਡ ਸ਼ੁਰੂ"