ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਉਪਰ ਲੋਕਾਂ ਦੀ ਜਾਨਮਾਲ ਨੂੰ ਲੈ ਕੇ ਚੁੱਕੇ ਸਵਾਲ
ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਸੂਬੇ ’ਚ ਫ਼ਿਰੌਤੀਆਂ ਲਈ ਦਿਨੋਂ-ਦਿਨ ਕਤਲੋਗਾਰਦ ਦੀਆਂ ਵਧ ਰਹੀਆਂ ਘਟਨਾਵਾਂ ਦੌਰਾਨ ਹੁਣ ਬਠਿੰਡਾ ਜ਼ਿਲ੍ਹੇ ਦੇ ਭਾਜਪਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਹਰਕਤ ਵਿਚ ਆਉਂਦਿਆਂ ਨਾ ਸਿਰਫ਼ ਸ਼੍ਰੀ ਸਿੰਗਲਾ ਦੀ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਹੈ, ਬਲਕਿ ਧਮਕੀ ਭਰਿਆਂ ਫ਼ੋਨ ਕਰਨ ਵਾਲੇ ਵਿਅਕਤੀ ਦੀ ਪੈੜ ਨੱਪਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮੁਤਾਬਕ ਸ੍ਰੀ ਸਿੰਗਲਾ ਨੂੰ ਦੋ ਪੁਲਿਸ ਮੁਲਾਜ਼ਮ ਹੋਰ ਦਿੱਤੇ ਹਨ ਜਦਕਿ ਦੋ ਪਹਿਲਾਂ ਹੀ ਮੌਜੂਦ ਸਨ। ਇਸੇ ਤਰ੍ਹਾਂ ਪੀਸੀਆਰ ਅਤੇ ਮੋਟਰਸਾਈਕਲ ਵਾਲੇ ਮੁਲਾਜ਼ਮਾਂ ਨੂੰ ਸਿੰਗਲਾ ਦੇ ਘਰ ਦੇ ਇਸ ਪਾਸੇ ਗਸਤ ਕਰਨ ਲਈ ਕਿਹਾ ਹੈ। ਉਧਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਭਾਜਪਾ ਕਾਰਜਕਾਰਨੀ ਵਲੋਂ ਵੀ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਸਰਕਾਰ ਦੀ ਲਾਪਰਵਾਹੀ ਦੀ ਨਿੰਦਾ ਕਰਦਿਆਂ ਸੂਬੇ ਦੇ ਲੋਕਾਂ ਦੀ ਜਾਨਮਾਲ ਦੀ ਰੱਖਿਆ ਕਰਨ ਦੀ ਮੰਗ ਕੀਤੀ। ਇਸ ਦੌਰਾਨ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦਸਿਆ ਕਿ ਉਨ੍ਹਾਂ ਨੂੰ ਪਹਿਲੀ ਧਮਕੀ 29 ਦਸੰਬਰ ਨੂੰ ਆਈ ਸੀ ਜਿਸ ਦੀ ਸੂਚਨਾ ਪੁਲੀਸ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਬੀਤੀ ਕੱਲ ਸਵੇਰ 10.59 ਵਜੇਂ ਉਨ੍ਹਾਂ ਦੇ ਮੋਬਾਇਲ ਦੇ ਵਟਸਐਪ ਉਪਰ ਉਸੇ ਨੰਬਰ ਤੋਂ ਮੁੜ ਕਾਲ ਆਈ, ਜਿਸਦੀ ਅਪਣੇ ਨਿੱਜੀ ਸਹਾਇਕ ਦੀ ਮੱਦਦ ਨਾਲ ਵੀਡੀਓ ਵੀ ਬਣਾ ਲਈ ਗਈ। ਉਨ੍ਹਾਂ ਦਸਿਆ ਕਿ ਵਿਦੇਸ਼ੀ ਨੰਬਰ ਤੋਂ ਆਈ ਇਸ ਕਾਲ ਵਿਚ ਇੱਕ ਵਿਅਕਤੀ ਨੇ ਉਸਨੂੰ ਗਾਲੀ ਗਲੋਚ ਕਰਦਿਆਂ ਭਾਜਪਾ ਨਾਲ ਕੰਮ ਕਰਨ ਵਿਰੁਧ ਚੇਤਾਵਨੀ ਦਿੰਦਿਆਂ ਧਮਕੀ ਦਿੱਤੀ ਕਿ ਭਲਕੇ ਪਾਰਟੀ ਦੀ ਅੰਮ੍ਰਿਤਸਰ ਵਿਚ ਹੋਣ ਵਾਲੀ ਕਰਜਕਰਨੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਤਾਂ ਉਸਨੂੰ ਮਾਰ ਦਿੱਤਾ ਜਾਵੇਗਾ। ਧਮਕੀ ਦੇਣ ਵਾਲੇ ਨੇ ਸ਼੍ਰੀ ਸਿੰਗਲਾ ਨੂੰ ਸੁਧੀਰ ਸੂਰੀ ਦੇ ਹੋਏ ਹਸਰ ਦਾ ਹਵਾਲਾ ਦਿੰਦਿਆਂ ਉਸਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਕਿਹਾ। ਇਸਤੋਂ ਬਾਅਦ ਭਾਜਪਾ ਆਗੂਆਂ ਦਾ ਇੱਕ ਵਫ਼ਦ ਇਸ ਮਾਮਲੇ ਵਿੱਚ ਆਈ. ਜੀ ਸੁਰਿੰਦਰਪਾਲ ਪਰਮਾਰ ਅਤੇ ਐਸ. ਐਸ. ਪੀ ਇਲੀਚੇਲੀਅਨ ਨੂੰ ਮਿਲਿਆ ਤੇ ਲਿਖਤ ਸਿਕਾਇਤ ਦਿੱਤੀ। ਪਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਜਿਸਦੇ ਬਾਰੇ ਉਹ ਜਲਦੀ ਖੁਲਾਸਾ ਕਰਨਗੇ। ਇਸਤੋਂ ਇਲਾਵਾ ਸ੍ਰੀ ਸਿੰਗਲਾ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਮੋਹਨ ਲਾਲ ਗਰਗ, ਅਸੋਕ ਭਾਰਤੀ, ਸੁਨੀਲ ਸਿੰਗਲਾ, ਨਰਿੰਦਰ ਮਿੱਤਲ, ਵਰਿੰਦਰ ਸ਼ਰਮਾ, ਅਸੋਕ ਬਾਲਿਆਵਾਲੀ, ਸ਼ਾਮ ਲਾਲ, ਸੰਦੀਪ ਅਗਰਵਾਲ, ਉਮੇਸ਼ ਗੁਪਤਾ ਅਤੇ ਰਾਕੇਸ਼ ਸਿੰਗਲਾ ਆਦਿ ਹਾਜ਼ਰ ਸਨ।
Share the post "ਧਮਕੀਆਂ ਮਿਲਣ ਤੋਂ ਬਾਅਦ ਪੁਲਿਸ ਨੇ ਸਾਬਕਾ ਵਿਧਾਇਕ ਸਰੂਪ ਸਿੰਗਲਾ ਦੀ ਸੁਰੱਖਿਆ ਵਧਾਈ"