ਭਗਵੰਤ ਮਾਨ ਦੀ ਚੁੱਪੀ ’ਤੇ ਚੁੱਕੇ ਸਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ,25 ਜਨਵਰੀ:ਸੂਬੇ ਨੂੰ ਕਥਿਤ ਤੌਰ ਤੇ ਬੇਮਿਸਾਲ ਪ੍ਰਸ਼ਾਸਕੀ ਗਿਰਾਵਟ ਵੱਲ ਧਕਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਸਾਬਕਾ ਐਮ ਪੀ ਅਤੇ ਸੀਨੀਅਰ ਭਾਜਪਾ ਆਗੂ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨੌਕਰਸ਼ਾਹੀ ਨਾਲ ਤਕਰਾਰ ਵਿੱਚ ਉਲਝ ਕੇ ਲੋਕਾਂ ਨੂੰ ਸੁਚਜਾ ਸਾਸ਼ਨ ਦੇਣ ਦਾ ਇਖਲਾਕੀ ਅਧਿਕਾਰ ਗੁਆ ਲਿਆ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਸਿਰਫ 10 ਕਰੋੜ ਰੁਪਏ ਦੇ ਬਜਟ ਵਾਲੇ ਆਮ ਆਦਮੀ ਕਲੀਨੀਕਾਂ ਦੀ 27 ਜਨਵਰੀ ਨੂੰ ਹੋਣ ਵਾਲੀ ਸ਼ੁਰੂਆਤ ਤੇ 30 ਕਰੋੜ ਰੁਪਏ ਦੀ ਇਸ਼ਤਿਹਾਰਬਾਜੀ ਦੇ ਮੱਤੇ ਨੂੰ ਨਾਜਾਇਜ਼ ਮਨਦੇ ਹੋਏ ਇਕ ਸੀਨੀਅਰ ਆਈਏਐਸ ਅਫਸਰ ਨੇ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ।ਇਹ ਸਥਿਤੀ ਮੁੱਖਮੰਤਰੀ ਲਈ ਚੁਣੌਤੀ ਭਰੀ ਹੈ । ਭਗਵੰਤ ਮਾਨ ਇਹ ਸਪਸ਼ਟ ਕਰਨ ਕਿ ਅਜਿਹੀ ਫਾਈਲ ਉਕਤ ਅਧਿਕਾਰੀ ਕੋਲ ਉਨ੍ਹਾਂ ਦੀ ਸਹਿਮਤੀ ਲਈ ਭੇਜੀ ਗਈ ਸੀ ਜਾਂ ਨਹੀਂ।ਸਾਬਕਾ ਐਮ ਪੀ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਭਗਵੰਤ ਮਾਨ ਉਚੇ ਅਹੁਦੇ ਤੇ ਵਿਰਾਜਮਾਨ ਜਰੂਰ ਹਨ ਲੇਕਿਨ ਕੀ ਜ਼ਮੀਨੀ ਸਤਾਹ ਤੇ ਉਹ ਸਚਮੁਚ ਰਾਜ ਚਲਾ ਰਹੇ ਹਨ, ਇਹ ਸਵਾਲ ਸਿਆਸੀ ਅਤੇ ਪ੍ਰਸ਼ਾਸਕੀ ਗਲਿਆਰਿਆਂ ਵਿੱਚ ਚੁੱਕਿਆ ਜਾ ਰਿਹਾ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਜਦ ਪੰਜਾਬ ਸਰਕਾਰ ਰੋਜਮਰਾ ਦੇ ਮਾਮਲੇ ਚਲਾਉਣ ਲਈ ਭਾਰੀ ਭਰਕਮ ਕਰਜ਼ ਲੈ ਰਹੀ ਹੈ ਤਾਂ ਸਰਕਾਰੀ ਸ਼੍ਰੋਤਾਂ ਦਾ ਇਹ ਬੇਸ਼ਰਮੀ ਭਰੀ ਦੁਰਵਰਤੋਂ ਸ਼ਰਮਨਾਕ ਹੈ। ਉਪਰੋਕਤ ਇਸ਼ਤਿਹਾਰਬਾਜੀ ਕਰਨ ਦਾ ਅਸਲੀ ਮਕਸਦ ਆਮ ਆਦਮੀ ਪਾਰਟੀ ਦਾ ਤਾਮਿਲਨਾਡੂ ਵਿੱਚ ਪ੍ਰਚਾਰ ਕਰਨਾ ਜਾਪਦਾ ਹੈ। ਸਰਕਾਰ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਪੰਜਾਬ ਤੋਂ ਬਾਹਰ ਅਜਿਹੇ ਪ੍ਰਚਾਰ ਦੀ ਯੋਜਨਾ ਮਨਾਈ ਵੀ ਗਈ ਜਾਂ ਨਹੀਂ।ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਅਜਿਹੀਆਂ ਹਰਕਤਾਂ ਨੂੰ ਕਦੇ ਸਹਿਣ ਨਹੀਂ ਕਰਨਗੇ।
Share the post "30 ਕਰੋੜ ਦੀ ਫਾਈਲ ਕਲੀਅਰ ਕਰਨ ਤੋਂ ਕੌਣ ਰੋਕ ਰਿਹਾ ਹੈ ਮੁੱਖ ਮੰਤਰੀ ਨੂੰ:ਸੁਨੀਲ ਜਾਖੜ"