ਜਥੇਬੰਦੀ ਦੇ ਸੰਵਿਧਾਨ ਅਤੇ ਐਲਾਨਨਾਮੇ ਨੂੰ ਬੁਲੰਦ ਕਰਾਂਗੇ: ਗੁਰਦੀਪ ਸਿੰਘ ਰਾਮਪੁਰਾ
ਸੁਖਜਿੰਦਰ ਮਾਨ
ਬਠਿੰਡਾ, 10 ਫਰਵਰੀ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅੰਦਰ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਕਾਟੋ-ਕਲੇਸ਼ ਦਾ ਹਾਲੇ ਤੱਕ ਅੰਤ ਹੁੰਦਾ ਦਿਖ਼ਾਈ ਨਹੀਂ ਦੇ ਰਿਹਾ ਹੈ। ਪਿਛਲੇ ਦਿਨਾਂ ’ਚ ਲੀਡਰਸ਼ਿਪ ਵਲੋਂ ਇੱਕ-ਦੂਜੇ ਵਿਰੁਧ ਚੱਲ ਰਹੀ ਇਲਜਾਮ ਤਰਾਸ਼ੀ ਦੌਰਾਨ ਹੁਣ ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੂੰ ਕੁਰਸੀਓ ਉਤਾਰਨ ਦੀ ਤਿਆਰੀ ਸਿਖ਼ਰਾਂ ’ਤੇ ਪੁੱਜ ਗਈ ਹੈ। ਪਤਾ ਲੱਗਿਆ ਹੈ ਕਿ ਵਿਰੋਧੀ ਗੁੱਟ ਵਲੋਂ ਇਸ ਸਬੰਧ ਵਿਚ 14 ਫ਼ਰਵਰੀ ਨੂੰ ਬਠਿੰਡਾ ’ਚ ਜਥੇਬੰਦੀ ਦੀ ਜਨਰਲ ਕੋਂਸਲ ਦੀ ਮੀਟਿੰਗ ਬੁਲਾਈ ਹੈ, ਜਿਸਦੇ ਵਿਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਬੂਟਾ ਸਿੰਘ ਬੁਰਜ ਗਿੱਲ ਦੀ ਥਾਂ ਮਨਜੀਤ ਸਿੰਘ ਪੰਧੇਰ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਸਮੇਂ ਦੌਰਾਨ ਜਥੇਬੰਦੀ ਦੀ ਪ੍ਰਧਾਨਗੀ ’ਤੇ ਕਾਬਜ਼ ਬੂਟਾ ਸਿੰਘ ਬੁਰਜਗਿੱਲ ਗੁੱਟ ਵਲੋਂ ਇੱਕ ਦਰਜ਼ਨ ਦੇ ਕਰੀਬ ਜਥੇਬੰਦੀ ਦੇ ਸੀਨੀਅਰ ਆਗੂਆਂ ਨੂੰ ਬਾਹਰ ਦਾ ਰਾਸਤਾ ਦਿਖਾ ਦਿੱਤਾ ਹੈ। ਦੋਨਾਂ ਧਿਰਾਂ ਵਲੋਂ ਇੱਕ ਦੂਜੇ ਵਿਰੁਧ ਜਥੇਬੰਦੀ ਦੇ ਫੰਡਾਂ ’ਚ ਗੜ੍ਹਬੜੀ ਦੇ ਦੋਸ਼ ਲਗਾਏ ਜਾ ਰਹੇ ਹਨ ਜਦੋਂਕਿ ਬੁਰਜਗਿੱਲ ਪਿਛਲੇ ਸਮੇਂ ਦੌਰਾਨ ਦਿੱਲੀ ’ਚ ਚੱਲੇ ਕਿਸਾਨ ਸੰਘਰਸ਼ ਦੌਰਾਨ ਭਾਜਪਾ ਆਗੂਆਂ ਨਾਲ ਅੰਦਰਖਾਤੇ ਸਾਂਠ-ਗਾਂਠ ਨੂੰ ਲੈ ਕੇ ਨਿਸ਼ਾਨੇ ’ਤੇ ਚੱਲ ਰਹੇ ਹਨ। ਜਿਕਰਯੋਗ ਹੈ ਕਿ 8 ਫ਼ਰਵਰੀ ਨੂੰ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਸੀਨੀਅਰ ਆਗੂਆਂ ਵਲੋਂ ਬਠਿੰਡਾ ’ਚ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਜਗਮੋਹਨ ਸਿੰਘ ਪਟਿਆਲਾ ਆਦਿ ਵਿਰੁਧ ਗੰਭੀਰ ਦੋਸ਼ ਲਗਾਉਂਦਿਆਂ ਦਿੱਲੀ ਵਿਖੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਚੱਲੇ ਇਤਿਹਾਸਕ ਸਾਂਝੇ ਕਿਸਾਨ ਅੰਦੋਲਨ ਦੌਰਾਨ ਕੇਂਦਰੀ ਏਜੰਸੀਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਕਥਿਤ ਤੌਰ ਤੇ ਸਾਂਝ ਭਿਆਲੀ ਪਾਉਣ ਦੇ ਦੋਸ਼ ਲਗਾਏ ਸਨ। ਬੁਰਜਗਿੱਲ ਵਿਰੋਧੀ ਧੜੇ ਵਿਚ ਮਨਜੀਤ ਧਨੇਰ ਤੋਂ ਇਲਾਵਾ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਰਾਮਪੁਰਾ, ਪ੍ਰੈੱਸ ਸਕੱਤਰ ਬਲਵੰਤ ਉੱਪਲੀ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਆਦਿ ਆਗੂ ਵੀ ਸ਼ਾਮਲ ਹਨ, ਨੇ ਕਿਹਾ ਕਿ ਪ੍ਰਧਾਨ ਤੇ ਉਸਦੇ ਸਾਥੀਆਂ ਵਲੋਂ ਲਏ ਜਾ ਰਹੇ ਆਪਹੁਦਰੇ ਫੈਸਲਿਟਾਂ ਦੇ ਚੱਲਦੇ ਬੀਕੇਯੂ ਏਕਤਾ ਡਕੌਂਦਾ ਦੇ ਸੁਪਰੀਮ ਅਦਾਰੇ ‘ਸੂਬਾ ਜਨਰਲ ਕੌਂਸਲ’ ਦਾ ਵਿਸ਼ਾਲ ਇਕੱਠ ਬੁਲਾਉਣ ਦਾ ਫ਼ੈਸਲਾ ਕੀਤਾ ਹੈ,ਜੋ ਕਿ 14 ਫਰਵਰੀ ਨੂੰ ਗੁਰਦੁਆਰਾ ਹਾਜੀ ਰਤਨ ਬਠਿੰਡਾ ਵਿਖੇ ਕੀਤਾ ਜਾ ਰਿਹਾ ਹੈ।
Share the post "ਕਿਸਾਨ ਜਥੇਬੰਦੀ ਦਾ ਵਿਵਾਦ: ਡਕੌਂਦਾ ਗਰੁੱਪ ਦੇ ਆਗੂਆਂ ਨੇ 14 ਨੂੰ ਬਠਿੰਡਾ ਚ ਸੱਦੀ ਜਨਰਲ ਕੌਂਸਲ ਦੀ ਮੀਟਿੰਗ"