ਸੁਖਜਿੰਦਰ ਮਾਨ
ਬਠਿੰਡਾ, 10 ਫ਼ਰਵਰੀ : ਪਿਛਲੇ ਕੁੱਝ ਸਾਲਾਂ ਦੌਰਾਨ ਬਠਿੰਡਾ ਸ਼ਹਿਰ ਵਿਚ ਖੁੰਬਾਂ ਵਾਂਗ ਬਣੀਆਂ ਨਜਾਇਜ਼ ਇਮਾਰਤਾਂ ਵਿਰੁਧ ਨਗਰ ਨਿਗਮ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਸ਼ੁਰੂ ਕੀਤੀ ਮੁਹਿੰਮ ਹਾਲੇ ਵੀ ਜਾਰੀ ਹੈ। ਇਸ ਮੁਹਿਤ ਤਹਿਤ ਸ਼ਹਿਰ ਵਿਚ ਨਿਗਮ ਵਲੋਂ ਨਿਯਮਾਂ ਦੇ ਉਲਟ ਬਣੀਆਂ ਚਾਰ ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ। ਜਦੋਂਕਿ ਇਸਤੋਂ ਪਹਿਲਾਂ ਕਈ ਇਮਾਰਤਾਂ ਨੂੰ ਢਾਹੁਣ ਤੋਂ ਇਲਾਵਾ ਦਰਜ਼ਨਾਂ ਨੂੰ ਸੀਲ ਕੀਤਾ ਜਾ ਚੁੱਕਾ ਹੈ। ਨਿਗਮ ਕਮਿਸ਼ਨਰ ਸ਼੍ਰੀ ਰਾਹੁਲ ਨੇ ਦਾਅਵਾ ਕੀਤਾ ਕਿ ਇਹ ਮੁਹਿੰਮ ਆਉਣ ਵਾਲੇ ਦਿਨਾਂ ‘ਚ ਜਾਰੀ ਰਹੇਗੀ ਤੇ ਗੈਰ ਕਨੂੰਨੀ ਢੰਗ ਨਾਲ ਉਸਾਰੀਆਂ ਇਮਾਰਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕੋਈ ਢਿੱਲ ਦਿੱਤੀ ਜਾਵੇਗੀ। ਨਿਗਮ ਅਧਿਕਾਰੀਆਂ ਮੁਤਾਬਕ ਅੱਜ ਸੀਲ ਕੀਤੀਆਂ ਗਈਆਂ ਇਮਾਰਤਾਂ ਸ਼ਹਿਰ ਦੇ 80 ਫੁੱਟ ਰੋਡ ’ਤੇ ਸਥਿਤ ਛਾਬੜਾ ਹਸਪਤਾਲ ਦੇ ਸਾਹਮਣੇ, ਭੱਟੀ ਰੋਡ ’ਤੇ ਵਰਮਾ ਹਸਪਤਾਲ ਦੇ ਸਾਹਮਣੇ, ਭੱਟੀ ਰੋਡ ਤੇ ਵਿਰਦੀ ਮਾਰਕਿਟ ਅਤੇ ਭਾਗੂ ਰੋਡ ਗਲੀ ਨੰਬਰ 10 ਚ ਸਥਿਤ ਸਨ। ਇਸ ਮੌਕੇ ਸ਼੍ਰੀ ਰਾਹੁਲ ਨੇ ਇਹ ਵੀ ਦੱਸਿਆ ਕਿ ਜਿੱਥੇ ਕਿਤੇ ਵੀ ਕਿਸੇ ਬਿਲਡਿੰਗ ਦੀ ਉਸਾਰੀ ਬਿਨਾਂ ਮਨਜੂਰੀ ਤੋਂ ਸ਼ੁਰੂ ਕੀਤੀ ਗਈ ਹੈ ਉਸ ਦਾ ਕੰਮ ਰੋਕ ਦਿੱਤਾ ਗਿਆ ਅਤੇ ਸਬੰਧਤ ਉਸਾਰੀ ਕਰਤਾ ਨੂੰ ਉਸਾਰੀ ਤੋਂ ਪਹਿਲਾਂ ਆਪਣੀ ਆਨ-ਲਾਈਨ ਫਾਈਲ ਅਪਲਾਈ ਕਰਕੇ ਮਨਜੂਰੀ ਲੈਣ ਲਈ ਹਦਾਇਤ ਵੀ ਕੀਤੀ ਗਈ। ਗੌਰਤਲਬ ਹੈ ਕਿ ਨਿਗਮ ਕਮਿਸ਼ਨਰ ਵਲੋਂ ਸੋਮਵਾਰ ਸ਼ਾਮ ਨੂੰ ਬਿਲਡਿੰਗ ਬਾਂਚ ਨਾਲ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ, ਜਿਸ ਵਿਚ ਸਾਰੇ ਬਿਲਡਿੰਗ ਇੰਸਪੈਕਟਰਾਂ ਦੇ ਜ਼ੋਨ ਬਦਲਣ ਦਾ ਫੈਸਲਾ ਕੀਤਾ ਗਿਆ ਸੀ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਬਠਿੰਡਾ ਸ਼ਹਿਰ ਵਿਚ ਜਿਆਦਾਤਰ ਨਜਾਇਜ਼ ਇਮਾਰਤਾਂ ਦੀ ਉਸਾਰੀ ਸਾਲ 2022 ਦੀਆਂ ਚੋਣਾਂ ਸਮੇਂ ਦੌਰਾਨ ਹੋਈ ਸੀ, ਜਿਸ ਕਾਰਨ ਨਿਗਮ ਵਿਚ ਤੈਨਾਤ ਕੁੱਝ ਅਧਿਕਾਰੀਆਂ ਉਪਰ ਵੀ ਉਂਗਲੀ ਉੱਠੀ ਸੀ ਪ੍ਰੰਤੂ ਤਤਕਾਲੀ ਸਰਕਾਰ ਦੇ ਇੱਕ ਪ੍ਰਭਾਵਸ਼ਾਲੀ ਮੰਤਰੀ ਵਲੋਂ ਇਸ ਮਾਮਲੇ ਵਿਚ ਚੁੱਪ ਵੱਟ ਲਈ ਗਈ ਸੀ, ਜਿਸਦਾ ਖ਼ਮਿਆਜ਼ਾ ਉਨ੍ਹਾਂ ਨੂੰ ਚੋਣਾਂ ਵਿਚ ਵੀ ਭੁਗਤਣਾ ਪਿਆ ਸੀ।
Share the post "ਬਠਿੰਡਾ ਸ਼ਹਿਰ ’ਚ ਨਜਾਇਜ਼ ਇਮਾਰਤਾਂ ਵਿਰੁਧ ਨਗਰ ਨਿਗਮ ਦੀ ਮੁਹਿੰਮ ਜਾਰੀ, 4 ਇਮਾਰਤਾਂ ਨੂੰ ਕੀਤਾ ਸੀਲ"