ਸੁਖਜਿੰਦਰ ਮਾਨ
ਬਠਿੰਡਾ, 13 ਫਰਵਰੀ: ਇਨਕਲਾਬੀ ਗਾਇਕ ਜਗਸੀਰ ਸਿੰਘ ਜੀਦਾ ਦੇ ਖੇਤ ਦਾ ਰਾਹ ਰੋਕਣ ਅਤੇ ਪਿੰਡ ਜਿਉਦ ਦੀ ਦਲਿਤ ਮਜ਼ਦੂਰ ਔਰਤ ਨੂੰ ਜਾਤੀ ਸੂਚਕ ਸਬਦ ਬੋਲਣ ਵਾਲਿਆਂ ਵਿਰੁਧ ਐਸੀ / ਐਸੀ ਟੀ ਐਕਟ ਦੀਆਂ ਧਰਾਵਾਂ ਤਹਿਤ ਪਰਚਾ ਦਰਜ਼ ਕਰਵਾਉਣ ਲਈ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਐਸ ਐਸ ਪੀ ਬਠਿੰਡਾ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਦਿਆਂ ਪ੍ਰਸ਼ਾਸਨ ਵਿਰੁਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿੱਚ ਪਹੁੰਚੇ ਮਜ਼ਦੂਰਾਂ ਨੂੰ ਸਬੋਧਨ ਕਰਦੇ ਹੋਏ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਜਿਲਾ ਕਨਵੀਨਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ , ਜਿਲਾ ਕਮੇਟੀ ਮੈਬਰ ਤੀਰਥ ਸਿੰਘ ਕੋਠਾ ਗੁਰੂ ਤੇ ਮਨਦੀਪ ਸਿੰਘ ਸਿਵੀਆਂ ਨੇ ਜਿਲੇ ਅੰਦਰ ਦਲਿਤਾਂ ਨਾਲ ਹੋ ਰਹੇ ਜਾਤੀ ਅਧਾਰਤ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਪਿੰਡ ਜੀਦੇ ਦੇ ਇਨਕਲਾਬੀ ਗਾਇਕ ਜਗਸੀਰ ਸਿੰਘ ਜੀਦਾ ਨੇ ਪਿੰਡ ਵਿੱਚ ਇੱਕ ਏਕੜ ਜਮੀਨ ਖਰੀਦੀ ਸੀ । ਰਜਿਸਟਰੀ ਵਿੱਚ ਖੇਤ ਨੂੰ ਰਾਹ ਤੇ ਪਾਣੀ ਦੇਣ ਦਾ ਵੇਰਵਾ ਦਰਜ ਕੀਤਾ ਹੋਇਆ ਹੈ। ਪਰ ਇਸਦੇ ਬਾਵਜੂਦ ਜਮੀਨ ਦੇ ਮਾਲਕ ਨੇ ਪਿੰਡ ਦੇ ਕੁੱਝ ਲੋਕਾਂ ਦੇ ਦਬਾਅ ਹੇਠ ਖੇਤ ਦਾ ਪਾਣੀ ਤੇ ਰਾਹ ਬੰਦ ਕਰ ਦਿੱਤਾ ਹੈ। ਜਿਸ ਕਾਰਨ ਜਗਸੀਰ ਸਿੰਘ ਪਿਛਲੇ ਇੱਕ ਸਾਲ ਤੋਂ ਫਸਲ ਨਹੀਂ ਬੀਜ ਸਕਿਆ। ਇਸੇ ਤਰਾਂ ਪਿੰਡ ਜਿਉਦ ਦੀ ਮਜ਼ਦੂਰ ਔਰਤ ਕਰਮਜੀਤ ਕੌਰ ਨੂੰ ਪਿੰਡ ਦੇ ਇੱਕ ਵਿਅਕਤੀ ਵਲੋਂ ਜਾਤੀ ਅਧਾਰਤ ਗੰਦੀਆਂ ਗਾਲਾਂ ਕੱਢਕੇ ਅਪਮਾਨਿਤ ਕਰਨ ਕਰਕੇ ਉਸ ਉੱਤੇ ਵੀ ਐਸੀ ਐਸੀ ਟੀ ਦੀਆਂ ਧਰਾਵਾਂ ਹੇਠ ਕੇਸ ਦਰਜ ਹੋਇਆ ਸੀ। ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਬੁਲਾਰਿਆਂ ਨੇ ਸਰਕਾਰ ਅਤੇ ਪੁਲਿਸ ਦੇ ਜਿਲਾ ਅਧਿਕਾਰੀਆਂ ’ਤੇ ਦੋਸ਼ ਲਾਉਦਿਆ ਕਿਹਾ ਕਿ ਇਹ ਮਸਲੇ ਯੂਨੀਅਨ ਵੱਲੋਂ ਲਗਾਤਾਰ ਉਨਾਂ ਦੇ ਧਿਆਨ ਵਿੱਚ ਲਿਆਦੇ ਗਏ ਪਰ ਦੋਸ਼ੀਆਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ । ਉਨਾਂ ਭਗਵੰਤ ਮਾਨ ਦੀ ਸਰਕਾਰ ਦੀ ਕਰੜੇ ਸਬਦਾ ਵਿੱਚ ਅਲੋਚਨਾ ਕਰਦਿਆਂ ਕਿਹਾ ਕਿ ਉਨਾਂ ਦੇ ਰਾਜ ਅੰਦਰ ਦਲਿਤ ਮਜ਼ਦੂਰਾਂ ’ਤੇ ਹੋ ਰਿਹਾ ਜਬਰ ਜੁਲਮ ਸਾਰੇ ਹੱਦਾਂ ਬੰਨੇ ਟੱਪ ਚੁੱਕਾ ਹੈ । ਪਿੰਡ ਮੋਰਾਂ ਵਾਲੀ ( ਮਲੇਰਕੋਟਲਾ ) ਗੁਜਰਾਂ ( ਸੰਗਰੂਰ ) ਜੈ ਸਿੰਘ ਵਾਲਾ ( ਬਠਿੰਡਾ ) ਤੇ ਰੱਲਾ ( ਮਾਨਸਾ ) ਵਿੱਚ ਕੀਤੇ ਕਤਲ ਤੇ ਲੱਤਾਂ ਬਾਹਾਂ ਤੋੜ ਦੇਣ ਦੀਆਂ ਹੋਈਆਂ ਤਾਜੀਆਂ ਘਟਨਾਵਾਂ ਇਸ ਦਾ ਪ੍ਰਤੱਖ ਸਬੂਤ ਹਨ। ਹੋਰਨਾਂ ਤੋਂ ਇਲਾਵਾ ਭਰਾਤਰੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਸਕੱਤਰ ਹਰਜਿੰਦਰ ਸਿੰਘ ਬੱਗੀ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਜਿਲਾ ਆਗੂ ਜਸਵੰਤ ਸਿੰਘ ਪੂਹਲਾ ਨੇ ਵੀ ਮਜ਼ਦੂਰਾਂ ਦਾ ਹਰ ਪੱਖੋਂ ਸਹਿਯੋਗ ਦੇਣ ਦਾ ਐਲਾਨ ਕੀਤਾ ।
ਦਲਿਤ ਮਜ਼ਦੂਰਾਂ ’ਤੇ ਜ਼ਬਰ ਕਰਨ ਵਾਲਿਆਂ ਉੱਤੇ ਕੇਸ ਦਰਜ਼ ਕਰਵਾਉਣ ਲਈ ਲਾਇਆ ਧਰਨਾ
12 Views