ਬਾਕੀ ਰਹਿੰਦੇ ਪਰਿਵਾਰਾਂ ਲਈ ਵੀ ਜਲਦੀ ਹੀ ਘਰ ਤਿਆਰ ਕਰਕੇ ਦਿੱਤੇ ਜਾਣਗ:ਕੈਬਨਿਟ ਮੰਤਰੀ ਨਿੱਝਰ
ਭਵਿੱਖ ’ਚ ਵੀ ਸਮਾਜ ਸੇਵਾ ਦੇ ਕੰਮਾਂ ਨੂੰ ਇਥੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ:ਰਾਜਿੰਦਰ ਮਿੱਤਲ
ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ : ਸੂਬੇ ਦੇ ਊੱਘੇ ਉਦਯੋਗਪਤੀ ਸ਼੍ਰੀ ਰਜਿੰਦਰ ਮਿੱਤਲ ਵਲੋਂ ਅਪਣੀ ਮਾਤਾ ਦੀ ਇੱਛਾ ਨੂੰ ਪੂਰਾ ਕਰਦਿਆਂ ਅਪਣੇ ਸਵਰਗੀ ਪਿਤਾ ਦੀ ਯਾਦ ’ਚ ਬਣਾਏ ਦਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਵਲੋਂ ਬਠਿੰਡਾ ਦੀ ਉੜੀਆਂ ਕਾਲੋਨੀ ’ਚ ਨਵੇਂ ਬਣਾਏ ਗਏ 51 ਘਰਾਂ ਦੀਆਂ ਚਾਬੀਆਂ ਅਜ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਸੌਂਪੀਆਂ ਗਈਆਂ। ਵੱਡੀ ਗੱਲ ਇਹ ਹੈ ਕਿ ਮਿੱਤਲ ਵਲੋਂ ਕਰੋੜਾਂ ਰੁੂਪਏ ਅਪਣੇ ਕੋਲੋ ਖ਼ਰਚ ਕੇ ਇਹ ਘਰ ਬਣਾਉਣ ਤੋਂ ਬਾਅਦ ਲੋੜਵੰਦ ਪ੍ਰਵਾਰਾਂ ਦੀ ਖੋਜ ਦੀ ਜਿੰਮੇਵਾਰੀ ਨਗਰ ਨਿਗਮ ਬਠਿੰਡਾ ਨੂੰ ਸੌਂਪ ਦਿੱਤੀ ਸੀ। ਜਿਸਦੇ ਚੱਲਦੇ ਅੱਜ ਨਹਿਰ ਦੇ ਕੰਢੇ ਇਹ ਸਮਾਗਮ ਵੀ ਨਗਰ ਨਿਗਮ ਵਲੋਂ ਕਰਵਾਇਆ ਗਿਆ, ਜਿੱਥੇ ਸਥਾਨਕ ਸਰਕਾਰਾਂ ਵਿਭਾਗ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਸਮਾਗਮ ’ਚ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਹੋਰਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ, ਹਲਕਾ ਮੋੜ ਤੋਂ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਤੋਂ ਇਲਾਵਾ ਨਗਰ ਨਿਗਮ ਦੇ ਮੇਅਰ ਸ਼੍ਰੀਮਤੀ ਰਮਨ ਗੋਇਲ, ਡਿਪਟੀ ਕਮਿਸ਼ਨਰ ਬਠਿੰਡਾ ਸੌਕਤ ਅਹਿਮਦ ਪਰੇ, ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਣਾ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਰਾਹੁਲ ਆਦਿ ਹਾਜ਼ਰ ਰਹੇ। ਸਮਗਾਮ ’ਚ ਬੋਲਦਿਆ ਮੁੱਖ ਮਹਿਮਾਨ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿਝੱਰ ਨੇ ਮਿੱਤਲ ਗਰੁੱਪ ਦੀ ਇਸ ਪਹਿਲਕਦਮੀ ’ਤੇ ਖ਼ੁਸੀ ਜਤਾਉਂਦਿਆਂ ਕਿਹਾ ਕਿ ਹੋਰ ਲੋਕਾਂ ਨੂੰ ਵੀ ਉਦਯੋਗਪਤੀ ਰਾਜਿੰਦਰ ਮਿੱਤਲ ਦੇ ਇਸ ਕਾਰਜ ਤੋਂ ਸਬਕ ਲੈਂਦੇ ਹੋਏ ਸਮਾਜ ਸੇਵਾ ਦੇ ਖੇਤਰ ’ਚ ਵੱਧ ਚੜ੍ਹ ਦੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਉੜੀਆਂ ਕਾਲੋਨੀ ’ਚ ਜਲਦੀ ਹੀ ਇਕ ਸਕੂਲ ਅਤੇ ਸਿਹਤ ਕੇਂਦਰ ਬਣਾਏ ਜਾਣਗੇ। ਇਸਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਇਸ ਕਲੌਨੀ ਵਿਚ ਰਹਿੰਦੇ 129 ਹੋਰ ਪਰਿਵਾਰਾਂ ਲਈ ਵੀ ਦਵਾਰਕਾ ਦਾਸ ਮਿੱਤਲ ਚੈਰੀਟੇਬਲ ਟਰੱਸਟ ਨਾਲ ਮਿਲਕੇ ਜਲਦੀ ਹੀ ਘਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਥੇ ਕਲੋਨੀ ਵਿੱਚ ਸੀਵਰੇਜ, ਵਾਟਰ ਸਪਲਾਈ, ਲਾਈਟਾਂ, ਫੁੱਟਪਾਥ ਆਦਿ ਸਾਰਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ ਅਤੇ ਬੱਚਿਆਂ ਦੀ ਪੜ੍ਹਾਈ ਲਈ ਸਕੂਲ ਅਤੇ ਸਿਹਤ ਸਹੂਲਤਾਂ ਲਈ ਆਮ ਆਦਮੀ ਕਲੀਨਿਕ ਵੀ ਜਲਦ ਖੋਲ੍ਹੇ ਜਾਣਗੇ। ਉਨ੍ਹਾਂ ਇੱਥੇ ਰਹਿ ਰਹੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣ ਕਿਉਂਕਿ ਉਹ ਪੜ੍ਹਾਈ ਨਾਲ ਹੀ ਗਰੀਬੀ ਨੂੰ ਖਤਮ ਕਰ ਸਕਦੇ ਹਨ।ਇਸ ਮੌਕੇ ਬੋਲਦਿਆ ਮਿੱਤਲ ਗਰੁੱਪ ਦੇ ਮੈਨੈਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੀ ਸਵਰਗੀ ਮਾਤਾ ਜੀ ਦਾ ਸੁਪਨਾ ਸੀ ਕਿ ਉਹ ਆਪਣੇ ਪੋਤਰੇ ਕੁਸ਼ਲ ਮਿੱਤਲ ਦੇ ਵਿਆਹ ਦੀ ਖੁਸ਼ੀ ਮੌਕੇ ਬੇਘਰੇ ਲੋਕਾਂ ਲਈ ਘਰ ਬਣਾਉਣ ਦੀ ਹੱਲਾਸ਼ੇਰੀ ਦਿੱਤੀ ਸੀ। ਜਿਸਤੋਂ ਬਾਅਦ ਟਰੱਸਟ ਰਾਹੀ ਇਹ 51 ਘਰ ਲੋੜਵੰਦ ਪਰਿਵਾਰਾਂ ਲਈ ਬਣਾਕੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਤੀ ਘਰ ਸਾਢੇ ਤਿੰਨ ਲੱਖ ਰੁਪਏ ਖਰਚਾ ਆਇਆ ਹੈ, ਜਿਹੜਾ ਖੁਦ ਟਰੱਸਟ ਵੱਲੋਂ ਖ਼ੁਦ ਕੀਤਾ ਗਿਆ ਹੈ। ਉਨ੍ਹਾਂ ਮੌਕੇ ’ਤੇ ਮੌਜੂਦ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਹੋਰਾਂ ਨੂੰ ਵੀ ਅਪੀਲ ਕੀਤੀ ਕਿ ਜਿਹੜੇ ਹੋਰ ਪਰਿਵਾਰ ਰਹਿ ਗਏ ਹਨ ਉਨ੍ਹਾਂ ਲਈ ਘਰ ਬਣਾਉਣ ਖਾਤਰ ਸਰਕਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਪ੍ਰਤੀ ਘਰ ਅੱਧੇ ਫੰਡ ਦਾ ਜੇਕਰ ਯੋਗਦਾਨ ਪਾਉਂਦੀ ਹੈ ਤਾਂ ਉਹ ਬਾਕੀ ਰਹਿੰੇਦੇ ਘਰਾਂ ਨੂੰ ਵੀ ਜਲਦੀ ਹੀ ਤਿਆਰ ਕਰਵਾ ਦੇਣਗੇ। ਉਨ੍ਹਾਂ ਦੱਸਿਆ ਕਿ ਗਰੁੱਪ ਵੱਲੋਂ ਸਮਾਜ ਸੇਵੀ ਕੰਮਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਅਤੇ ਇਸੇ ਤਹਿਤ ਏਮਜ਼ ਬਠਿੰਡਾ ਵਿਖੇ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਮਰੀਜ਼ਾ ਅਤੇ ਉਨ੍ਹਾਂ ਦੇ ਵਾਰਸਾਂ ਦੇ ਠਹਿਰਣ ਲਈ ਇਕ ਧਰਮਸ਼ਾਲਾ ਦਾ ਵੀ ਨਿਰਮਾਣ ਕਰਵਾਇਆ ਜਾ ਰਿਹਾ ਹੈ। ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਸ ਉਪਰਾਲੇ ਲਈ ਉਦਯੋਗਪਤੀ ਰਾਜਿੰਦਰ ਮਿੱਤਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਉੜੀਆਂ ਕਾਲੋਨੀ ਅਤੇ ਹੋਰ ਸ਼ਹਿਰ ’ਚ ਜਿਹੜੇ ਨਵੇਂ ਵਿਕਾਸ ਕਾਰਜ ਹੋ ਰਹੇ ਹਨ ਉਨ੍ਹਾਂ ਪ੍ਰਤੀ ਲੋਕਾਂ ਨੂੰ ਜਾਣੂੰ ਕਰਵਾਇਆ। ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਸਿੰਧੂ ਵੱਲੋਂ ਸਾਰੇ ਪਹੁੰਚੇ ਹੋਏ ਮਹਿਮਾਨਾਂ ਅਤੇ ਹੋਰ ਲੋਕਾਂ ਦੇ ਸਮਾਗਮ ’ਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ।
Share the post "ਮੰਤਰੀ ਨਿੱਝਰ ਨੇ ਮਿੱਤਲ ਗਰੁੱਪ ਵਲੋਂ ਉੜੀਆਂ ਕਾਲੋਨੀ ’ਚ ਨਵੇਂ ਬਣਾਏ 51 ਘਰਾਂ ਦੀਆਂ ਚਾਬੀਆਂ ਪਰਿਵਾਰਾਂ ਨੂੰ ਸੌਪੀਆਂ"