ਔਰਤਾਂ ਦੀ ਘਰੇਲੂ ਹਿੰਸਾ ਵਿਰੁੱਧ ਵਧ ਰਹੇ ਅੰਕੜੇ ਚਿੰਤਾਜਨਕ-ਡਾ ਹਰਸ਼ਿੰਦਰ ਕੌਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 7 ਮਾਰਚ: ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲ੍ਹੋਂ ਸਿੱਖਿਆ ਵਿਕਾਸ ਮੰਚ ਮਾਨਸਾ,ਵਾਇਸ ਆਫ ਮਾਨਸਾ,ਨਹਿਰੂ ਯੁਵਾ ਕੇਦਰ ਮਾਨਸਾ ਅਤੇ ਇਸਤਰੀ ਭਲਾਈ ਸਭਾ ਦੇ ਸਹਿਯੋਗ ਨਾਲ ਬੱਚਤ ਭਵਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।ਬੁਲਾਰਿਆਂ ਨੇ ਔਰਤਾਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਵਿਰੁੱਧ ਦੇਸ਼ ਭਰ ਚ ਵਧ ਰਹੀ ਘਰੇਲੂ ਹਿੰਸਾ ਦੇ ਖਾਤਮੇ ਲਈ ਉਹ ਕ੍ਰਾਂਤੀਕਾਰੀ ਰੋਲ ਅਦਾ ਕਰਨ। ਸੈਮੀਨਾਰ ਦੇ ਮੁੱਖ ਬੁਲਾਰੇ ਡਾ ਹਰਸ਼ਿੰਦਰ ਕੌਰ ਐੱਮ ਡੀ ਮੈਡੀਕਲ ਕਾਲਜ ਪਟਿਆਲਾ ਨੇ ਕਿਹਾ ਕਿ ਬੇਸ਼ੱਕ ਔਰਤਾਂ ਨੇ ਅਪਣੇ ਬਲਬੂਤੇ ਹਰ ਖੇਤਰ ਚ ਤਰੱਕੀ ਕੀਤੀ ਹੈ,ਪਰ ਦੁਖਾਂਤ ਇਹ ਹੈ ਕਿ ਪੰਜਾਬ ਦੀ ਉਸ ਕ੍ਰਾਂਤੀਕਾਰੀ ਧਰਤੀ ’ਤੇ ਵੀ ਔਰਤਾਂ ਵਿਰੁੱਧ ਵਹਿਸ਼ੀਆਨਾ ਜੁਲਮ ਹੋ ਰਹੇ ਹਨ,ਜਿਸ ਧਰਤੀ ਤੋਂ ਜਬਰ ਜੁਲਮ ਦੇ ਖਿਲਾਫ ਨਿੱਤ ਮੁਹਿੰਮਾਂ ਉਠਦੀਆਂ ਰਹੀਆਂ ਹਨ। ਡਾ ਹਰਸ਼ਿੰਦਰ ਕੌਰ ਨੇ ਦੇਸ਼ ਵਿਦੇਸ਼ ਵਿੱਚ ਔਰਤਾਂ ਵਿਰੁੱਧ ਵਧ ਰਹੀ ਘਰੇਲੂ ਹਿੰਸਾ ਦੇ ਅੰਕੜਿਆਂ ਨੂੰ ਪੇਸ਼ ਕਰਦਿਆਂ ਇਸ ਨੁਕਤੇ ਨੂੰ ਵੀ ਨਿਕਾਰਿਆ ਕਿ ਸਿਰਫ ਔਰਤ ਹੀ ਔਰਤ ਦੀ ਦੁਸ਼ਮਣ ਹੈ। ਉਨ੍ਹਾਂ ਭਾਵੁਕ ਸੁਰ ਚ ਕਿਹਾ ਅਸੀਂ ਨਸ਼ਿਆਂ ਦੀ ਗਲਤਾਨ ਚ ਇਸ ਕਦਰ ਫਸ ਗਏ ਹਾਂ ਕਿ ਅਸੀਂ ਰਿਸ਼ਤਿਆਂ ਦੀ ਮਰਿਆਦਾ ਵੀ ਭੁੱਲ ਗਏ ਹਾਂ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ੍ਰੀਮਤੀ ਬਲਦੀਪ ਕੌਰ ਡਿਪਟੀ ਕਮਿਸ਼ਨਰ ਨੇ ਇਸ ਗੱਲ ’ਤੇ ਮਾਣ ਮਹਿਸੂਸ ਕੀਤਾ ਕਿ ਔਰਤਾਂ ਨੇ ਅਪਣੀ ਕਾਬਲੀਅਤ ਨਾਲ ਸਮਾਜ ਚ ਖੁਦ ਆਪਣੀ ਪਹਿਚਾਣ ਬਣਾਈ ਹੈ,ਅੱਜ ਲੜਕੀਆਂ ਸਿੱਖਿਆ, ਖੇਡਾਂ , ਸਭਿਆਚਾਰ ਅਤੇ ਪ੍ਰਸ਼ਾਨਕ ਅਤੇ ਰਾਜਨੀਤੀ ਚ ਵੱਡੀਆਂ ਉਪਲੱਬਧੀਆਂ ਹਾਸਲ ਕਰ ਰਹੀਆਂ ਹਨ।ਪਰ ਇਸ ਦੇ ਬਾਵਜੂਦ ਲੜਕੀਆਂ ਨੂੰ ਦਲੇਰੀ ਨਾਲ ਆਪਣੀ ਹੋਂਦ ਨੂੰ ਮਜਬੂਤ ਕਰਨ ਦੀ ਲੋੜ ਹੈ। ਉਨ੍ਹਾਂ ਲੜਕੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਭਰਾਵਾਂ ਦਾ ਸਹਾਰਾ ਬਣਕੇ ਉਨ੍ਹਾਂ ਨੂੰ ਸਹੀ ਰਾਹ ਦਿਖਾਉਣ ਦੀ ਲੋੜ ਹੈ,ਤਾਂ ਕਿ ਉਹ ਰਲ ਮਿਲਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ।
ਨਹਿਰੂ ਯੁਵਾ ਕੇਂਦਰ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ,ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ, ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ,ਵਿਸ਼ਵਜੀਤ ਬਰਾੜ,ਡਾ ਗੁਰਪ੍ਰੀਤ ਕੌਰ,ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ, ਸਮਾਜ ਸੇਵੀ ਇੰਦਰਜੀਤ ਸਿੰਘ ਉੱਭਾ ਨੇ ਕਿਹਾ ਕਿ ਸਮਾਜ ਚ ਔਰਤਾਂ ਦੇ ਹੱਕਾਂ ਲਈ ਜਿਥੇ ਉਨ੍ਹਾਂ ਨੇ ਖੁਦ ਵੱਡੇ ਹੰਭਲੇ ਮਾਰੇ ਹਨ,ਉਥੇ ਸਮਾਜ ਦੀਆਂ ਵੱਖ ਵੱਖ ਧਿਰਾਂ ਅਤੇ ਸਮਾਜਿਕ ਸੰਗਠਨਾਂ ਨੇ ਜਾਗ੍ਰਿਤੀ ਮੁਹਿੰਮਾਂ ਰਾਹੀਂ ਔਰਤ,ਮਰਦ ਦੀ ਬਰਾਬਰੀ ਲਈ ਬੇਸ਼ੱਕ ਯਤਨ ਕੀਤੇ ਹਨ,ਪਰ ਅਜੇ ਹੋਰ ਵੱਡੇ ਯਤਨਾਂ ਦੀ ਲੋੜ ਹੈ। ਸਹਿਯੋਗੀ ਸੰਸਥਾਵਾਂ ਦੇ ਆਗੂਆਂ ਵੀਨਾ ਅਗਰਵਾਲ , ਪਰਮਜੀਤ ਕੌਰ,ਸ਼ਰਨਜੀਤ ਕੌਰ, ਮਨੋਹਰ ਕੌਰ ਨੇ ਕਿਹਾ ਕਿ ਉਹ ਭਵਿੱਖ ਚ ਵੀ ਔਰਤਾਂ ਦੀ ਭਲਾਈ ਲਈ ਲੋੜੀਂਦੇ ਯਤਨ ਜਾਰੀ ਰੱਖਣਗੇ।ਸੈਮੀਨਾਰ ਦੌਰਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਮਨਜੀਤ ਕੌਰ ਔਲਖ,ਡੀਈਓ ਹਰਿੰਦਰ ਭੁੱਲਰ,ਡਿਪਟੀ ਡੀਈਓ ਗੁਰਲਾਭ ਸਿੰਘ,ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ,ਡਾ ਯੋਗਿਤਾ ਜੋਸ਼ੀ, ਮਨਪ੍ਰੀਤ ਕੌਰ ਵਾਲੀਆਂ,ਰੋਹਤਾਂਸ਼ ਸਿੰਗਲਾ,ਬਲਰਾਜ ਮਾਨ,ਸ਼ਾਇਰ ਗੁਰਪ੍ਰੀਤ,ਹਰਿੰਦਰ ਮਾਨਸ਼ਾਹੀਆ, ਰਾਜਿੰਦਰ ਵਰਮਾ ਡਾ ਬਲਜੀਤ ਕੋਰ ਐਸ ਡੀ ਕਾਲਜ ਮਾਨਸਾ ਅਤੇ ਡਾ ਬਲਮ ਲੀਬਾਂ ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਨੇ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਬਲਦੀਪ ਕੌਰ,ਡਾ ਹਰਸ਼ਿੰਦਰ ਕੌਰ ਪਟਿਆਲਾ, ਡਾ ਗੁਰਪ੍ਰੀਤ ਕੌਰ,ਮਨਜੀਤ ਕੌਰ ਔਲਖ ਅਤੇ ਔਰਤ ਸੰਬੰਧੀ ਵੱਖ ਵੱਖ ਮੁਕਾਬਲਿਆਂ ਦੌਰਾਨ ਮੋਹਰੀ ਰਹੇ ਮਾਤਾ ਸੁੰਦਰੀ ਗਰਲਜ ਕਾਲਜ ਮਾਨਸਾ ਡਾਈਟ ਅਹਿਮਦਪੁਰ,ਸੈਕੰਡਰੀ ਸਕੂਲ ਫੱਤਾ ਮਾਲੋਕਾ, ਸਿਲਾਈ ਸੈਟਰ ਖਾਰਾ,ਅਰਸ਼ਪ੍ਰੀਤ ਕੋਰ ਬੱਛੋਆਣਾ ਅਤੇ ਸਿਲਾਈ ਸੈਂਟਰ ਖਾਰਾ ਦੀਆਂ ਲੜਕੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।ੲਸ ਮੌਕੇ ਡਾ ਮਿਲਨ ਸ਼ਰਮਾ,ਉਸ਼ੀਨ ਸ਼ਰਮਾ, ਮੈਡਮ ਰੇਨੂੰ,ਐਡਵੋਕੇਟ ਮੰਜੂ ਰਾਣੀ, ਮਨੋਜ ਕੁਮਾਰ,ਬੇਅੰਤ ਕੌਰ,ਮਨਪ੍ਰੀਤ ਕੌਰ,ਐਡਵੋਕੇਟ ਗਗਨਦੀਪ ਕੌਰ,ਰਾਜਿੰਦਰ ਕੌਰ,ਦੇਵਿੰਦਰ ਕੌਰ ਵੀ ਹਾਜ਼ਰ ਸਨ।
Share the post "ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸੈਮੀਨਾਰ ਦੌਰਾਨ ਘਰੇਲੂ ਹਿੰਸਾ ਵਿਰੁੱਧ ਔਰਤਾਂ ਨੂੰ ਦਲੇਰੀ ਨਾਲ ਡਟਣ ਦਾ ਸੱਦਾ"