ਸੁਖਜਿੰਦਰ ਮਾਨ
ਬਠਿੰਡਾ, 13 ਮਾਰਚ: ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਆਰਟਸ ਦੇ ਰਿਸਰਚ ਐਂਡ ਇਨੋਵੇਸ਼ਨ ਸੈੱਲ ਵੱਲੋਂ ਬਿਜ਼ਨਸ ਆਈਡੀਆ ਪੈਦਾ ਕਰਨ ਵਾਲੀ ਪ੍ਰਤੀਯੋਗਤਾ ’ਆਈਡੀਆ ਫੈਸਟ’ ਦਾ ਆਯੋਜਨ ਕੀਤਾ। ਇਸ ਗਤੀਵਿਧੀ ਨੇ ਵਿਦਿਆਰਥੀਆਂ ਨੂੰ ਆਪਣੇ ਇਨੋਵੇਟਿਵ ਬਿਜ਼ਨਸ ਆਈਡੀਆ ਨੂੰ ਲੈ ਕੇ ਅੱਗੇ ਆਉਣ ਦਾ ਮੌਕਾ ਪ੍ਰਦਾਨ ਕੀਤਾ। ਇਸ ਮੁਕਾਬਲੇ ਵਿੱਚ 12 ਟੀਮਾਂ ਨੇ ਪੈਨਲ ਅੱਗੇ ਆਪਣੇ ਬਿਜ਼ਨਸ ਆਈਡੀਆ ਪੇਸ਼ ਕੀਤੇ ਅਤੇ ਉਨ੍ਹਾਂ ਨੂੰ ਲਾਗੂ ਕਰਨ ਅਤੇ ਮਾਰਕੀਟਿੰਗ ਤਕਨੀਕਾਂ ਬਾਰੇ ਵੀ ਦੱਸਿਆ। ਡਾ. ਜਗਮਿੰਦਰ ਕੌਰ (ਐਚ.ਓ.ਡੀ.-ਯੂ.ਜੀ.) ਨੇ ਨੌਜਵਾਨਾਂ ਨੂੰ ਹਰ ਮੌਕੇ ਦਾ ਲਾਭ ਲੈਣ ਅਤੇ ਦਾਇਰੇ ਤੋਂ ਬਾਹਰ ਵੀ ਸੋਚਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਜੱਜਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਅਤੇ ਸਾਰੇ ਨੌਜਵਾਨ ਉੱਦਮੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਰਫ਼ ਨੌਕਰੀ ਲੱਭਣ ਵਾਲੇ ਬਣਨ ਦੀ ਬਜਾਏ ਨੌਕਰੀ ਪ੍ਰਦਾਨ ਕਰਨ ਵਾਲੇ ਬਣਨ ਦਾ ਸਬਕ ਦਿੱਤਾ। ਇਸ ਮੁਕਾਬਲੇ ਦੇ ਨਤੀਜੇ ਅਨੁਸਾਰ ਐਮ.ਏ. ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਸੰਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਜਿਸ ਨੇ ਕੰਮ ਕਰਨ ਵਾਲੇ ਮਾਪਿਆਂ ਦੇ ਬੱਚਿਆਂ ਲਈ ਡੇਅ ਕੇਅਰ ਸੈਂਟਰ ਖੋਲ੍ਹਣ ਦਾ ਵਿਚਾਰ ਪੇਸ਼ ਕੀਤਾ। ਬੀ.ਏ. ਪਹਿਲਾ ਸਾਲ ਦੀ ਹਰਮਨਪ੍ਰੀਤ ਕੌਰ ਅਤੇ ਤਰਨਪ੍ਰੀਤ ਕੌਰ ਨੇ ਆਰਗੈਨਿਕ ਫੂਡ ਦੀ ਮਾਰਕੀਟਿੰਗ ਦੇ ਵਿਚਾਰ ਨੂੰ ਸਿੱਧਾ ਖਪਤਕਾਰਾਂ ਨਾਲ ਜੋੜ ਕੇ ਦੂਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਐਪ ਬਣਾਉਣ ਦੀ ਇੱਕ ਵਧੀਆ ਯੋਜਨਾ ਦੇ ਨਾਲ ਬੀ.ਏ ਤੀਸਰਾ ਸਾਲ ਦੀ ਸੁਨਿਧੀ ਗਰਗ ਨੇ ਅਤੇ ਬੀ.ਏ. ਪਹਿਲਾ ਸਾਲ ਦੀ ਅਮਨਦੀਪ ਕੌਰ ਤੇ ਕੋਮਲਪ੍ਰੀਤ ਕੌਰ ਨੇ ਇੱਕ ਬੁਟੀਕ ਖੋਲ੍ਹਣ ਦਾ ਇੱਕ ਸ਼ਾਨਦਾਰ ਵਿਚਾਰ ਪੇਸ਼ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਜੇਤੂਆਂ ਅਤੇ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
Share the post "ਬਾਬਾ ਫ਼ਰੀਦ ਕਾਲਜ ਨੇ ਬਿਜ਼ਨਸ ਆਈਡੀਆ ਪੇਸ਼ ਕਰਨ ਲਈ ’ਆਈਡੀਆ ਫੈਸਟ’ ਮੁਕਾਬਲੇ ਦਾ ਕੀਤਾ ਆਯੋਜਨ"