66 ਕਰੋੜ ਵਧਾ ਕੇ ਜ਼ਿਲ੍ਹੇ ਦੇ ‘ਠੇਕੇ’ ਮੁੜ ਸੰਭਾਲੇ, ਸਰਕਾਰ ਨੂੰ ਬਠਿੰਡਾ ਵਿਚੋਂ ਹੋਵੇਗੀ 408 ਕਰੋੜ ਦੀ ਆਮਦਨ
ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ: ਸਰਾਬ ਕਾਰੋਬਾਰੀ ਤੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੀ ਬਠਿੰਡਾ ’ਚ ਮੁੜ ਅਜਾਰੇਦਾਰੀ ਕਾਇਮ ਹੋ ਗਈ ਹੈ। ਪੰਜਾਬ ਸਰਕਾਰ ਵਲੋਂ ਰੇਟ ਵਧਾ ਕੇ ਸਰਾਬ ਦੇ ਠੇਕਿਆਂ ਦੇ ਮੁੜ ‘ਨਵੀਨੀਕਰਨ’ ਦੀ ਦਿੱਤੀ ਸਹੂਲਤ ਦਾ ਫ਼ਾਈਦਾ ਉਠਾਉਂਦਿਆਂ ਇਸ ਗਰੁੱਪ ਨੇ ਜ਼ਿਲ੍ਹੇ ਦੇ ਸਮੂਹ ਗਰੁੱਪਾਂ ਨੂੰ ਸਾਲ 2023-24 ਲਈ ‘ਰਿਨਊ’ ਕਰਵਾ ਲਿਆ ਹੈ। ਸਰਕਾਰ ਨੂੰ ਨਵੀਂ ਪਾਲਿਸੀ ਨਾਲ ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ 408 ਕਰੋੜ ਦੀ ਸਲਾਨਾ ਆਮਦਨ ਹੋਵੇਗੀ ਜੋਕਿ ਪਿਛਲੇ ਸਾਲ ਦੇ ਮੁਕਾਬਲੇ 66 ਕਰੋੜ ਰੁਪਏ ਵੱਧ ਬਣਦੇ ਹਨ। ਇਸਤੋਂ ਇਲਾਵਾ ਨਵੀਨੀਕਰਨ ਫ਼ੀਸ ਵਜੋਂ ਵੀ ਜ਼ਿਲ੍ਹੇ ਵਿਚੋਂ ਸਰਕਾਰ ਨੂੰ ਕਰੀਬ ਢਾਈ ਕਰੋੜ ਦੀ ਆਮਦਨੀ ਹੋਈ ਹੈ। ਐਕਸਾਈਜ਼ ਵਿਭਾਗ ਦੇ ਸੂਤਰਾਂ ਮੁਤਾਬਕ ਠੇਕੇ ਵਿਕਣ ਕਾਰਨ ਬਠਿੰਡਾ ਪੰਜਾਬ ਦੇ ਉਨ੍ਹਾਂ ਅੱਧੀ ਦਰਜ਼ਨ ਜ਼ਿਲ੍ਹਿਆਂ ਵਿਚ ਸ਼ੁਮਾਰ ਹੋ ਗਿਆ ਹੈ, ਜਿੰਨ੍ਹਾਂ ਦੇ ਸਮੂਹ ਗਰੁੱਪ ਪਹਿਲੇ ਹੀ ਹੱਲੇ ਹੱਥੋਂ-ਹੱਥੀ ਵਿਕ ਗਏ ਹਨ। ਹੋਰਨਾਂ ਜ਼ਿਲ੍ਹਿਆਂ ਵਿਚ ਤਰਨਤਾਰਨ, ਮੋਗਾ, ਮੁਹਾਲੀ ਅਤੇ ਰੋਪੜ ਆਦਿ ਸ਼ਾਮਲ ਦੱਸੇ ਜਾ ਰਹੇ ਹਨ। ਉਂਜ ਸਰਕਾਰ ਦੀ ਇਸ ਨੀਤੀ ਕਾਰਨ 31 ਮਾਰਚ ਨੂੰ ਸਸਤੀ ਸਰਾਬ ਖਰੀਦਣ ਦੇ ਚਾਹਵਾਨਾਂ ਦੇ ਦਿਲਾਂ ਨੂੰ ਜਰੂਰ ਠੇਸ ਪੁੱਜੇਗੀ ਕਿਉਂਕਿ ਮੌਜੂਦਾ ਗਰੁੱਪ ਕੋਲ ਹੀ ਸਰਾਬ ਦਾ ਕਾਰੋਬਾਰ ਰਹਿਣ ਕਾਰਨ ਸ਼ਰਾਬ ਦੇ ਸਸਤੀ ਹੋਣ ਦੀ ਘਟ ਹੀ ਸੰਭਾਵਨਾ ਹੈ। ਗੌਰਤਲਬ ਹੈ ਕਿ ਬੀਤੇ ਦਿਨੀਂ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਵਿਚ ਐਕਸਾਈਜ਼ ਦੀ ਨਵੀਂ ਪਾਲਿਸੀ ਨੂੰ ਮੰਨਜੂਰੀ ਦਿੰਦਿਆਂ 10 ਤੋਂ 16 ਫ਼ੀਸਦੀ ਦੇ ਵਾਧੇ ਨਾਲ ਮੌਜੂਦਾ ਠੇਕੇਦਾਰਾਂ ਨੂੰ ਅਗਲੇ ਵਿੱਤੀ ਸਾਲ ਲਈ ਨਵੀਨੀਕਰਨ ਕਰਵਾਉਣ ਦੀ ਸਹੂਲਤ ਦਿੱਤੀ ਸੀ। ਬਠਿੰਡਾ ਜ਼ਿਲ੍ਹੇ ਵਿਚ ਮੌਜੂਦਾ ਸਮੇਂ ਸੱਤ ਗਰੁੱਪ ਹਨ, ਜਿੰਨ੍ਹਾਂ ਵਿਚ ਮੋੜ ਗਰੁੱਪ ਸਭ ਤੋਂ ਵੱਧ 16 ਫ਼ੀਸਦੀ ਦੇ ਵਾਧੇ ਨਾਲ ਮੁੜ ਵਿਕਿਆ ਹੈ। ਜਦੋਂਕਿ ਕੈਨਾਲ ਕਲੌਨੀ ਗਰੁੱਪ ਸਭ ਤੋਂ ਘੱਟ 10 ਫ਼ੀਸਦੀ ਦੇ ਵਾਧੇ ਨਾਲ ਰੱਖਿਆ ਗਿਆ ਹੈ। ਇਸਤੋਂ ਇਲਾਵਾ ਜ਼ਿਲ੍ਹੇ ਦੇ ਬਾਕੀ ਪੰਜ ਗਰੁੱਪ ਰੇਲਵੇ ਸਟੇਸ਼ਨ, ਪਾਵਰ ਹਾਊਸ ਰੋਡ, ਰਾਮਪੁਰਾ, ਗੋਨਿਆਣਾ ਅਤੇ ਰਾਮਾ 12-12 ਫ਼ੀਸਦੀ ਦੇ ਵਾਧੇ ਨਾਲ ਅਗਲੇ ਵਿਤੀ ਸਾਲ ਲਈ ਵਿਕੇ ਹਨ। ਉਂਜ ਸਰਕਾਰ ਨੇ ਇਸ ਵਾਰ ਰੇਲਵੇ ਸਟੇਸ਼ਨਾਂ ਨਜ਼ਦੀਕ 24 ਘੰਟੇ ਠੇਕਾ ਖੋਲਣ ਦੀ ਦਿੱਤੀ ਮੌਜੂਦਾ ਛੁੂਟ ਨੂੰ ਵੀ ਆਮਦਨੀ ਦਾ ਜਰੀਆ ਬਣਾ ਲਿਆ ਹੈ। ਜੇਕਰ ਅਗਲੇ ਵਿਤੀ ਸਾਲ ਠੇਕੇਦਾਰ ਰੇਲਵੇ ਸਟੇਸ਼ਨ ਨਜਦੀਕ ਸਰਾਬ ਦੇ ਠੇਕੇ ਨੂੰ 24 ਘੰਟੇ ਲਈ ਖੁੱਲਾ ਰੱਖਣਾ ਚਾਹੁੰਣਗੇ ਤਾਂ ਇਸਦੇ ਲਈ ਉਨ੍ਹਾਂ ਨੂੰ ਸਰਕਾਰ ਕੋਲ ਦਸ ਲੱਖ ਰੁਪਏ ਅਲੱਗ ਤੋਂ ਜਮ੍ਹਾਂ ਕਰਵਾਉਣੇ ਹੋਣਗੇ।
ਬਾਕਸ
ਸਰਾਬ ਮਹਿੰਗੀ ਹੋਣ ਦੀ ਸੰਭਾਵਨਾ, ਬੀਅਰ ’ਤੇ ਘੱਟੋ-ਘੱਟ ਅਤੇ ਵੱਧੋ-ਵੱਧ ਵਿਕਰੀ ਰੇਟ ਹੋਵੇਗਾ ਪ੍ਰਕਾਸ਼ਤ
ਬਠਿੰਡਾ: ਸਰਕਾਰ ਦੀ ਨਵੀਂ ਪਾਲਿਸੀ ਤਹਿਤ ਅੰਗਰੇਜੀ ਸਰਾਬ ਪ੍ਰਤੀ ਬਲਕ ਲੀਟਰ 20 ਰੁਪਏ, ਦੇਸੀ 11 ਰੁਪਏ ਅਤੇ ਬੀਅਰ 8 ਰੁਪਏ ਪ੍ਰਤੀ ਬਲਕ ਲੀਟਰ ਮਹਿੰਗੀ ਕੀਤੀ ਜਾ ਰਹੀ ਹੈ, ਜਿਸਦੇ ਨਾਲ ਰੀਟੇਲ ਵਿਚ ਵੀ ਗ੍ਰਾਹਕਾਂ ਨੂੰ ਸਰਾਬ ਮਹਿੰਗੇ ਰੇਟਾਂ ਉਪਰ ਮਿਲਣ ਦੀ ਪੂਰੀ ਸੰਭਾਵਨਾ ਹੈ। ਇਸਤੋਂ ਇਲਾਵਾ ਮੌਜੂਦਾ ਠੇਕੇਦਾਰ ਇਸ ਸਾਲ ਦੇ ਬਚੇ ਹੋਏ ਮਾਲ ਨੂੰ ਅਗਲੇ ਵਿਤੀ ਸਾਲ ਵਿਚ 31 ਅਗੱਸਤ 2023 ਤੱਕ ਵੇਚ ਸਕਦੇ ਹਨ। ਉਧਰ ਪੰਜਾਬ ਸਰਕਾਰ ਦੀ ਨਵੀਂ ਨੀਤੀ ਤਹਿਤ ਇਸ ਵਾਰ ਬੀਅਰ ਦੀ ਬੋਤਲ ਉਪਰ ਪਹਿਲੀ ਵਾਰ ਘੱਟੋ-ਘੱਟ ਅਤੇ ਵੱਧੋ-ਵੱਧ ਰੇਟ ਲਿਖਿਆ ਜਾਵੇਗਾ। ਜਦੋਂਕਿ ਦੇਸੀ ਅਤੇ ਅੰਗਰੇਜ਼ੀ ਸਰਾਬ ਉਪਰ ਸਿਰਫ਼ ਘੱਟੋ-ਘੱਟ ਵਿਕਰੀ ਰੇਟ ਹੀ ਲਿਖਿਆ ਹੋਵੇਗਾ।
ਬਠਿੰਡਾ ’ਚ ਸਰਾਬ ਕਾਰੋਬਾਰੀ ਮਲਹੋਤਰਾ ਗਰੁੱਪ ਦੀ ਮੁੜ ਹੋਈ ਸਰਦਾਰੀ ਕਾਇਮ
18 Views