ਡਾਇਰੈਕਟਰ ਜਗਦੀਪ ਸਿੰਘ ਨਕਈ ਮੁੱਖ ਮਹਿਮਾਨ ਵਜੋਂ ਪੁੱਜੇ
ਪੰਜਾਬੀ ਖ਼ਬਰਸਾਰ ਬਿਉਰੋ
ਤਲਵੰਡੀ ਸਾਬੋ (ਬਠਿੰਡਾ) 15 ਮਾਰਚ : ਇਫਕੋ ਵੱਲੋਂ ਤਲਵੰਡੀ ਸਾਬੋ ਵਿਖੇ ਵਿਸ਼ੇਸ਼ ਫ਼ਸਲ ਵਿਚਾਰ ਗੋਸ਼ਠੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਡਾਇਰੈਕਟਰ ਇਫਕੋ ਜਗਦੀਪ ਸਿੰਘ ਨਕੱਈ ਵੱਲੋ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਹਾਜ਼ਰੀਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਦਿਲਬਾਗ ਸਿੰਘ ਨੇ ਉਚੇਚੇ ਤੌਰ ਤੇ ਪਹੁੰਚ ਕੇ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਸਟੇਟ ਮਾਰਕੀਟਿੰਗ ਮੈਨੇਜਰ ਇਫਕੋ ਪੰਜਾਬ ਸ. ਹਰਮੇਲ ਸਿੰਘ ਸਿੱਧੂ ਨੇ ਪ੍ਰੋਗਰਾਮ ਵਿੱਚ ਪਹੁੰਚੇ ਲੋਕਾਂ ਨੂੰ ਇਫਕੋ ਦੀਆਂ ਨੈਨੋ ਯੂਰੀਆ ਅਤੇ ਡੀਏਪੀ ਖਾਦਾਂ ਦੀ ਵਰਤੋਂ ਅਤੇ ਇਸਦੇ ਫਾਇਦਿਆਂ ਬਾਰੇ ਵਿਸਥਾਰ ਪੂਰਵਕ ਦੱਸਿਆ। ਇਸੇ ਤਰ੍ਹਾਂ ਹੀ ਮਿੱਟੀ ਵਿਗਿਆਨੀ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਪ੍ਰਿਤਪਾਲ ਸਿੰਘ ਅਤੇ ਖੇਤੀ ਵਿਗਿਆਨੀ ਕ੍ਰਿਸ਼ੀ ਵਿਗਿਆਨ ਕੇਂਦਰ ਮੈਡਮ ਨਵਨੀਤ ਕੌਰ ਵੱਲੋਂ ਮਿੱਟੀ ਦੀ ਸਿਹਤ ਅਤੇ ਉਪਜਾਊ ਸ਼ਕਤੀ ਵਿੱਚ ਵਾਧਾ ਕਰਨ ਲਈ ਸਹਾਈ ਖਾਦ ਦੀ ਵਰਤੋਂ ਦੀ ਤਕਨੀਕ ਅਤੇ ਮਾਤਰਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਪ੍ਰਬੰਧਕ (ਖੇਤੀ ਸੇਵਾਵਾਂ), ਡਾ. ਸੁਧੀਰ ਸਿੰਘ ਕਟਿਆਰ, ਫੀਲਡ ਅਫਸਰ ਇਫਕੋ ਬਠਿੰਡਾ ਸੁਦੇਸ਼ ਕੁਮਾਰ ਗੌਤਮ, ਫੀਲਡ ਅਫਸਰ ਇਫਕੋ ਰਾਮਪੁਰਾ ਫੂਲ ਨਰੇਂਦਰ ਕੁਮਾਰ ਸਾਗਰ ਵੱਲੋਂ ਇਫਕੋ ਦੇ ਹੋਰ ਉਤਪਾਦਾਂ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਚਰਨਪ੍ਰੀਤ ਸਿੰਘ ਨੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਕਿਸਾਨ ਭਲਾਈ ਸਕੀਮਾਂ ਬਾਰੇ ਚਾਨਣਾ ਪਾਇਆ। ਟੀਐਮਈ ਇਫਕੋ ਐਮ ਸੀ ਬਲਕਰਨ ਸਿੰਘ ਵੱਲੋਂ ਇਫਕੋ ਦੇ ਉਤਪਾਦਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।ਕੈਂਪ ਦੌਰਾਨ ਤਲਵੰਡੀ ਸਾਬੋ ਖੇਤਰ ਦੇ 26 ਪਿੰਡਾਂ ਦੇ ਕਰੀਬ 600 ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੌਰਾਨ ਫ਼ਸਲਾਂ ਤੇ ਨੈਨੋ ਯੂਰੀਆ ਦੇ ਛਿੜਕਾਅ ਲਈ ਕਿਸਾਨਾਂ ਨੂੰ ਸਪ੍ਰੇਅ ਪੰਪਾਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਅਗਾਂਹਵਧੂ ਕਿਸਾਨਾਂ ਲਈ ਡਰੋਨ ਰਾਹੀਂ ਨੈਨੋ ਖਾਦਾਂ ਦੇ ਛਿੜਕਾਅ ਕਰਨ ਲਈ ਡਰੋਨ ਸਪ੍ਰੇਅਰ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ।
Share the post "ਇਫਕੋ ਵੱਲੋਂ ਤਲਵੰਡੀ ਸਾਬੋ ਵਿਖੇ ਵਿਸ਼ੇਸ਼ ਫ਼ਸਲ ਵਿਚਾਰ ਗੋਸ਼ਠੀ ਪ੍ਰੋਗਰਾਮ ਆਯੋਜਿਤ"