ਬਾਦਲ ਪ੍ਰਵਾਰ ਵਿਰੁਧ ਸਿਆਸੀ ਰੰਜਿਸ਼ ਤਹਿਤ ਦਿੱਤਾ ਗਿਆ ਪਰਚਾ: ਸੁਖਬੀਰ ਬਾਦਲ
ਸਿੱਖਾਂ ਦੀ ਮਿੰਨੀ ਪਾਰਲੀਮਾਨੀ ਤੋੜ ਕੇ ਹਰਿਆਣਾ ਤੇ ਦਿੱਲੀ ’ਚ ਆਰਐਸਐਸ ਨੇ ਕੀਤਾ ਕਬਜ਼ਾ
ਸੁਖਜਿੰਦਰ ਮਾਨ
ਬਠਿੰਡਾ, 17 ਮਾਰਚ: ਪੰਜਾਬ ਸਰਕਾਰ ਦੇ ਇੱਕ ਸਾਲ ਪੂਰਾ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਧਰਨੇ ਦੀ ਲੜੀ ਤਹਿਤ ਅੱਜ ਬਠਿੰਡਾ ਜ਼ਿਲ੍ਹੇ ਦੇ ਹਲਕਾ ਭੁੱਚੋ ਮੰਡੀ ਦੇ ਅਕਾਲੀ ਵਰਕਰਾਂ ਵੱਲੋਂ ਬਠਿੰਡਾ ਦੇ ਮਿਨੀ ਸਕੱਤਰੇਤ ਅੱਗੇ ਧਰਨਾ ਦਿੱਤਾ ਗਿਆ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਅੱਜ ਪੰਜਾਬ ’ਚ ਹਾਲਾਤ ਬਹੁਤ ਮਾੜੀ ਬਣੀ ਹੋਈ ਹੈ ਤੇ ਹਰ ਰੋਜ਼ ਕਤਲ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਨੂੰ ਸਰਕਾਰ ਨਹੀਂ, ਬਲਕਿ ਲਾਰੈਂਸ ਬਿਸਨੋਈ ਵਰਗੇ ਗੈਂਗਸਟਰ ਚਲਾ ਰਹੇ ਹਨ। ਉਹਨਾਂ ਕਿਹਾ ਕਿ ਹਾਲਾਤ ਇੰਨੇ ਮਾੜੇ ਹਨ ਜਿਸ ਕਾਰਨ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਤੇ ਆਮ ਆਦਮੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਬਾਦਲ ਪ੍ਰਵਾਰ ਵਿਰੁਧ ਕੋਟਕਪੂਰਾ ਗੋਲੀ ਕਾਂਡ ’ਚ ਪਰਚਾ ਦੇਣ ਤੋਂ ਸਿਆਸੀ ਰੰਜਿਸ਼ ਕਰਾਰ ਦਿੰਦਿਆਂ ਐਲਾਨ ਕੀਤਾ ਕਿ ਉਹ ਇਸਨੂੰ ਕਦੇ ਨਹੀਂ ਭੁੱਲਣਗੇ ਤੇ ਸਮਾਂ ਆਉਣ ’ਤੇ ਜਵਾਬ ਦੇਣਗੇ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਤੇ ਫਿਰ ਉਸਦਾ ਪ੍ਰਚਾਰ ਕਰਨ ਲਈ ਸ੍ਰੀ ਭਗਵੰਤ ਮਾਨ ’ਤੇ ਹੀ ਕੇਸ ਦਰਜ ਹੋਵੇਗਾ। ਉਨ੍ਹਾਂ ਕਿਹਾ ਕੇ ਇੱਕ ਸਾਲ ਬੀਤਣ ਦੇ ਬਾਵਜੂਦ ਆਪ ਸਰਕਾਰ ਨੇ ਪੰਜਾਬ ਵਿਚ ਕੋਈ ਕੰਮ ਨਹੀਂ ਕੀਤਾ ਹੈ ਤੇ ਜੇਕਰ ਕੋਈ ਕੰਮ ਕੀਤਾ ਹੈ ਤਾਂ ਉਹ ਮੁੱਖ ਮੰਤਰੀ ਸਾਹਿਤ ਮੰਤਰੀ ਅਤੇ ਐਮ ਐਲ ਏ ਵਿਆਹ ਕਰਵਾਉਣ ਲੱਗੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਪੰਜ ਸਾਲਾਂ ਬਾਅਦ ਇਹ ਵੀ ਨਹੀਂ ਹੋਣਾ ਹੈ। ਉਨ੍ਹਾਂ ਸਿਆਸੀ ਤੰਜ਼ ਕਸਦਿਆ ਕਿਹਾ ਕਿ ਜਿਨ੍ਹਾਂ ਨੂੰ ਕੋਈ ਪਿੰਡ ਵਿੱਚ ਸਤਿ ਸ੍ਰੀ ਅਕਾਲ ਬੁਲਾ ਕੇ ਰਾਜ਼ੀ ਨਹੀਂ ਸੀ ਅੱਜ ਉਹ ਐਮ ਐਲ ਏ ਬਣੇ ਹੋਏ ਹਨ। ਆਪ ਸਰਕਾਰ ਦੇ ਨਾਲ-ਨਾਲ ਭਾਜਪਾ ’ਤੇ ਸਿਆਸੀ ਹਮਲੇ ਕਰਦਿਆਂ ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ ਕਿ ‘‘ ਅੱਜ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਤੋੜ ਕੇ ਹਰਿਆਣਾ ਤੇ ਦਿੱਲੀ ਵਿਚ ਆਰਐਸਐਸ ਵਲੋਂ ਕਬਜ਼ਾ ਕਰ ਲਿਆ ਗਿਆ ਹੈ। ’’ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਪੰਥਕ ਜਮਾਤ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਨੇ ਮੁਸਲਮਾਨਾਂ ਦੀ ਬਾਬਰੀ ਮਸਜਿਦ ਨੂੰ ਢਾਹਿਆ ਸੀ ਜਿਨ੍ਹਾਂ ਨੇ ਅੱਜ ਤੱਕ ਉਸਨੂੰ ਵੋਟ ਨਹੀਂ ਪਾਈ ਜਦੋਂ ਕੇ ਸਿੱਖਾਂ ਵੱਲੋਂ ਮੂਹਰੇ ਹੋ ਹੋ ਕੇ ਕਾਂਗਰਸ ਦੇ ਸਰੋਪੇ ਪਵਾਏ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀਆਂ ਦੀ ਅਸਲ ਵਾਰਸ ਅਤੇ ਕਿਸਾਨਾਂ ਮਜਦੂਰਾਂ ਦੀ ਸਭ ਤੋਂ ਵੱਡੀ ਹਮਦਰਦ ਜਮਾਤ ਕਰਾਰ ਦਿੰਦਿਆਂ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ੇਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ। ਇਸ ਮੌਕੇ ਹੋਏ ਧਰਨੇ ਨੂੰ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਹਲਕਾ ਨਿਗਰਾਨ ਜਗਸੀਰ ਸਿੰਘ ਜੱਗਾ ਕਲਿਆਣ, ਯੂਥ ਆਗੂ ਗਰਦੌਰ ਸਿੰਘ ਸੰਧੂ, ਪ੍ਰੀਤਮ ਸਿੰਘ ਖਿਆਲੀਵਾਲਾ, ਹਰਗੋਬਿੰਦ ਸਿੰਘ ਲਹਿਰਾਖਾਨਾ, ਸਰਪੰਚ ਜਗਮੀਤ ਸਿੰਘ ਭੋਖੜਾ, ਸਰਪੰਚ ਸੁਖਰਾਜ ਸਿੰਘ ਮਹਿਮਾ, ਇਕਬਾਲ ਸਿੰਘ ਬਰਕੰਦੀ, ਸਰਪੰਚ ਜਗਮੀਤ ਸਿੰਘ ਹਰਰਾਏਪੁਰ, ਜਥੈਦਾਰ ਗੁਰਤੇਜ ਸਿੰਘ ਤੇਜੀ ਆਦਿ ਹਾਜ਼ਰ ਸਨ।
Share the post "ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵਿਰੁਧ ਇੱਕ ਸਾਲ ਪੂਰਾ ਹੋਣ ’ਤੇ ਦਿੱਤਾ ਧਰਨਾ"