ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ, ਇੱਕ ਨੌਜਵਾਨ ’ਤੇ ਸ਼ੱਕ
ਸੁਖਜਿੰਦਰ ਮਾਨ
ਬਠਿੰਡਾ, 20 ਮਾਰਚ: ਬੀਤੀ ਦੇਰ ਰਾਤ ਥਾਣਾ ਨਹਿਆਵਾਲਾ ਅਧੀਨ ਆਉਂਦੇ ਪਿੰਡ ਕੋਠੇ ਨਾਥਿਆਣਾ ਵਿਖੇ ਗੁਰੂ ਘਰ ਲਈ ਡਾਲੀ ਕਰਨ ਵਾਲੇ ਇੱਕ ਬਜੁਰਗ ਨਿਹੰਗ ਸਿੰਘ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਢਲੀ ਜਾਂਚ ਮੁਤਾਬਕ ਇਸ ਘਟਨਾ ਨੂੰ ਪਿੰਡ ਦੇ ਹੀ ਨੌਜਵਾਨ ਨੇ ਅੰਜਾਮ ਦਿੱਤਾ ਹੈ, ਜਿਸਨੂੰ ਉਕਤ ਨਿਹੰਗ ਸਿੰਘ ਉਪਰ ਅਪਣੀ ਮਾਤਾ ਨਾਲ ਕਥਿਤ ਸਬੰਧ ਹੋਣ ਦਾ ਸ਼ੱਕ ਸੀ। ਪੁਲਿਸ ਨੇ ਕਤਲ ਦਾ ਮੁਕੱਦਮਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਬਜੁਰਗ ਦੀ ਪਹਿਚਾਣ ਸੁਖਦੇਵ ਸਿੰਘ (62) ਵਾਸੀ ਪਿੰਡ ਸਿਵੀਆਂ ਦੇ ਤੌਰ ’ਤੇ ਹੋਈ ਹੈ। ਉਸਦੀ ਲਾਸ਼ ਕੋਠੇ ਨਾਥਿਆਣਾ ਦੇ ਰਾਹ ਉਪਰ ਪਈ ਹੋਈ ਸੀ। ਸੂਚਨਾ ਮਿਲਣ ’ਤੇ ਥਾਣਾ ਨੇਹਿਆਵਾਲਾ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਜਿਸਤੋਂ ਬਾਅਦ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਮਦਦ ਨਾਲ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਪਹੁੰਚਾਇਆ। ਥਾਣਾ ਮੁਖੀ ਤਰੁਣਦੀਪ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਸੁਖਦੇਵ ਸਿੰਘ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਖੇ ਲੰਗਰ ਅਤੇ ਦੁੱਧ ਇਕੱਤਰ ਕਰਨ ਲਈ ਡਾਲੀ ਦੀ ਸੇਵਾ ਕਰਦਾ ਸੀ। ਸੂਤਰਾਂ ਮੁਤਾਬਕ ਇਸ ਕਾਂਡ ’ਚ ਸ਼ਾਮਲ ਪਿੰਡ ਦੇ ਹੀ ਇੱਕ ਨੌਜਵਾਨ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ ਤੇ ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਕਥਿਤ ਕਾਤਲ ਜੋਕਿ ਪਿੰਡ ਕੋਠੇ ਨਾਥਿਆਣਾ ਦੀ ਹੀ ਹੈ, ਨੂੰ ਸ਼ੱਕ ਸੀ ਕਿ ਉਕਤ ਨਿਹੰਗ ਸਿੰਘ ਦੇ ਉਸਦੀ ਮਾਤਾ ਨਾਲ ਕਥਿਤ ਸਬੰਧ ਹਨ। ਜਿਸਦੇ ਚੱਲਦੇ ਹੀ ਉਸਨੇ ਮੌਕਾ ਦੇਖ ਕੇ ਤੇਜਧਾਰ ਹਥਿਆਰਾਂ ਨਾਲ ਸੁਖਦੇਵ ਸਿੰਘ ਦਾ ਕਤਲ ਕਰ ਦਿੱਤਾ।
Share the post "ਗੁਰਦੂਆਰਾ ਸਾਹਿਬ ’ਚ ਡਾਲੀ ਕਰਨ ਵਾਲੇ ਨਿਹੰਗ ਸਿੰਘ ਦਾ ਕੀਤਾ ਅਣਪਛਾਤਿਆਂ ਨੇ ਕਤਲ"