ਸ. ਭਗਤ ਸਿੰਘ ਪਿਆਰ, ਹਮਦਰਦੀ, ਦੇਸ਼ ਭਗਤੀ ਅਤੇ ਮਨੁੱਖਤਾ ਦਾ ਮੁਰੀਦ ਸੀ -ਪ੍ਰੋਫੈਸਰ ਜਗਮੋਹਨ ਸਿੰਘ
ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਆਜ਼ਾਦੀ ਦੇ ਪਰਵਾਨਿਆਂ ਅਤੇ ਕ੍ਰਾਂਤੀਕਾਰੀਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਵੱਲੋਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਤਿੰਨ ਰੋਜ਼ਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪਹਿਲੇ ਦਿਨ ਬੀ.ਐਫ.ਜੀ.ਆਈ. ਦੇ ਵੱਖ-ਵੱਖ ਕਾਲਜਾਂ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ। ਦੂਸਰੇ ਦਿਨ ਅੰਤਰ-ਕਾਲਜ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਮ.ਬੀ.ਏ. ਦੀ ਵਿਦਿਆਰਥਣ ਰਿਤੀਕਾ ਗੁਪਤਾ ਨੇ ਪਹਿਲਾ ਸਥਾਨ, ਬੀ.ਬੀ.ਏ. ਦੇ ਵਿਦਿਆਰਥੀ ਭਾਰਤ ਭੂਸ਼ਨ ਨੇ ਦੂਸਰਾ ਸਥਾਨ ਜਦੋਂ ਕਿ ਬੀ.ਐਸ.ਸੀ. (ਆਨਰਜ਼) ਕੈਮਿਸਟਰੀ ਦੀ ਵਿਦਿਆਰਥਣ ਮਹਿਕ ਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਮਾਗਮ ਦੇ ਦੂਸਰੇ ਦਿਨ, ਤਰਕਸ਼ੀਲ ਸੁਸਾਇਟੀ, ਬਠਿੰਡਾ ਵੱਲੋਂ ਕਿਤਾਬਾਂ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਸਮਾਗਮ ਦੇ ਤੀਸਰੇ ਦਿਨ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸ. ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ (ਡਾਇਰੈਕਟਰ ਸ਼ਹੀਦ ਭਗਤ ਸਿੰਘ ਕ੍ਰੀਏਟੀਵਿਟੀ ਸੈਂਟਰ ਲੁਧਿਆਣਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਸਾਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ. ਭਗਤ ਸਿੰਘ ਦੇ ਭਾਣਜੇ ਸਾਡੇ ਅੱਜ ਦੇ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਹਨ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਜਗਮੋਹਨ ਸਿੰਘ ਨੇ ਸ. ਭਗਤ ਸਿੰਘ ਦੇ ਜੀਵਨ, ਵਿਚਾਰਧਾਰਾ ਅਤੇ ਲਿਖਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸ. ਭਗਤ ਸਿੰਘ ਦੇ ਜੀਵਨ ਪ੍ਰਸੰਗਾਂ ਦੀ ਅਸਲ ਹਕੀਕਤ ਅਤੇ ਮਹੱਤਵਪੂਰਨ ਤੱਥਾਂ ਨੂੰ ਉਜਾਗਰ ਕੀਤਾ । ਉਨ੍ਹਾਂ ਨੇ ਦੱਸਿਆ ਕਿ ਸ. ਭਗਤ ਸਿੰਘ ਨਾਸਤਿਕ ਕਿਉਂ ਸੀ ਅਤੇ ਉਸ ਦਾ ਮੁੱਖ ਧਰਮ ਪਿਆਰ, ਹਮਦਰਦੀ, ਦੇਸ਼ ਭਗਤੀ ਅਤੇ ਮਨੁੱਖਤਾ ਸੀ। ਇਸ ਮੌਕੇ ਉਨ੍ਹਾਂ ਨੇ ਖ਼ੂਨਦਾਨ ਕਰਨ ਵਾਲੇ 70 ਤੋਂ ਵੱਧ ਵਿਦਿਆਰਥੀਆਂ ਅਤੇ 15 ਫੈਕਲਟੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਅਤੇ ਭਾਸ਼ਣ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਅਤੇ ਦੇਸ਼ ਭਗਤੀ ਦੇ ਗੀਤ-ਸੰਗੀਤ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਬੀ.ਐਫ.ਜੀ.ਆਈ. ਦੀ ਸਮੁੱਚੀ ਮੈਨੇਜਮੈਂਟ ਵੱਲੋਂ ਪ੍ਰੋਫੈਸਰ ਜਗਮੋਹਨ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।
ਬੀ.ਐਫ.ਜੀ.ਆਈ. ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
6 Views