ਸੁਖਜਿੰਦਰ ਮਾਨ
ਬਠਿੰਡਾ, 29 ਮਾਰਚ : ਜ਼ਿਲ੍ਹਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਸਪੈਸ਼ਲ ਸਟਾਫ਼ ਵਲੋਂ ਬੰਬੀਹਾ ਗੈਂਗ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਗੁਲਨੀਤ ਸਿੰਘ ਖ਼ੁਰਾਣਾ ਨੇ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਇਸ ਕਾਰਵਾਈ ਵਿਚ ਇਸ ਗੈਂਗ ਦੇ ਇੰਦਰਜੀਤ ਸਿੰਘ ਉਰਫ਼ ਬਾਘ ਵਾਸੀ ਤਾਜੋਕੇ ਅਤੇ ਗੁਰਪ੍ਰੀਤ ਸਿੰਘ ਬੱਬੂ ਵਾਸੀ ਕੋਟਕਪੂਰਾ ਨੂੰ ਸਥਾਨਕ ਬੀਬੀਵਾਲਾ ਚੌਕ ਕੋਲੋ ਮੋਟਰਸਾਈਲ ਉਪਰ ਕਾਬੂ ਕੀਤਾ ਗਿਆ। ਇਸ ਦੌਰਾਨ ਕਥਿਤ ਦੋਸ਼ੀਆਂ ਕੋਲੋ 3 32 ਬੌਰ ਦੇਸੀ ਪਿਸਤੌਲ ਅਤੇ 2 ਦੇਸੀ 30 ਬੌਰ ਪਿਸਤੌਲ ਅਤੇ ਭਾਰੀ ਮਾਤਰਾ ’ਚ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੁਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਗੌਰਵ ਪਟਿਆਲ ਵਾਸੀ ਚੰਡੀਗੜ੍ਹ, ਸਖਦੂਲ ਸਿੰਘ ਉਰਫ਼ ਸੁੱਖਾ ਦੁਨੇਕੇ ਵਾਸੀ ਕੈਨੇਡਾ ਅਤੇ ਜਗਤਾਰ ਸਿੰਘ ਵਾਸੀ ਮੰਧੇਰ ਕਲਾਂ ਜਿਲ੍ਹਾ ਸੰਗਰੂਰ
ਨਾਲ ਸੰਪਰਕ ਵਿਚ ਸਨ। ਜਿਸਦੇ ਚੱਲਦੇ ਉਹ ਪੰਜਾਬ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ ਕਰ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਇਹ ਵੀ ਦਸਿਆ ਕਿ ਬਰਾਮਦ ਹਥਿਆਰ ਸੁੱਖਾ ਦੁੱਨੇਕਾ ਤੇ ਲੱਕੀ ਪਟਿਆਲ ਆਦਿ ਦੇ ਕਹਿਣ ’ਤੇ ਮੱਧ ਪ੍ਰਦੇਸ਼ ਵਿਚੋਂ ਲਿਆਂਦੇ ਗਏ ਸਨ। ਜਿਸਦੇ ਨਾਲ ਕੋਈ ਅਗਲੀ ਕਾਰਵਾਈ ਕੀਤੀ ਜਾਣੀ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗ੍ਰਿਫਤਾਰ ਦੋਨਾਂ ਮੁਜਰਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਜਿਸਤੋਂ ਬਾਅਦ ਪੁਛਿਆ ਜਾਵੇਗਾ ਕਿ ਉਨ੍ਹਾਂ ਵਲੋਂ ਇਹ ਹਥਿਆਰ ਕਿੱਥੋਂ ਲਿਆਂਦੇ ਗਏ ਅਤੇ ਇਸਦੇ ਨਾਲ ਕੀ ਕੀਤਾ ਜਾਣਾ ਸੀ। ਇਹ ਵੀ ਪਤਾ ਚੱਲਿਆ ਹੈ ਕਿ ਗ੍ਰਿਫਤਾਰ ਗੈਂਗਸਟਰ ਬੱਬਾ ਵਿਰੁਧ ਦੋ ਅਤੇ ਬਾਘ ਵਿਰੁਧ ਪਹਿਲਾਂ ਵੀ ਇੱਕ ਪਰਚਾ ਦਰਜ਼ ਹੈ। ਹੁਣ ਇੰਨ੍ਹਾਂ ਵਿਰੁਧ ਥਾਣਾ ਥਰਮਲ ਵਿਚ ਮੁਕੱਦਮਾ ਨੰਬਰ 28 ਅ/ਧ 25/54/59 ਅਸਲਾ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।
Share the post "ਬਠਿੰਡਾ ਪੁਲਿਸ ਵਲੋਂ ਬੰਬੀਹਾ ਗੈਂਗ ਦੇ ਦੋ ਮੈਂਬਰ ਕਾਬੂ, ਲੱਕੀ ਪਟਿਆਲ ਸਹਿਤ ਪੰਜ ਵਿਰੁਧ ਪਰਚਾ ਦਰਜ਼"