ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਕਾਨਫਰੰਸ ਲਈ ਵਿੱਢੀਆਂ ਤਿਆਰੀਆਂ
ਸੁਖਜਿੰਦਰ ਮਾਨ
ਬਠਿੰਡਾ, 8 ਅਪ੍ਰੈਲ : ਵੱਡੀਆਂ ਸਿਆਸੀ ਧਿਰਾਂ ਨੇ ਇਸ ਵਾਰ ਮੁੜ ਖ਼ਾਲਸਾ ਸਾਜ਼ਨਾ ਦਿਵਸ ਮੌਕੇ ਸਿੱਖਾਂ ਦੇ ਚੌਥੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਿਆਸੀ ਕਾਨਫਰੰਸਾਂ ਕਰਨ ਤੋਂ ਪਾਸਾ ਵੱਟ ਲਿਆ ਹੈ। ਪਤਾ ਚੱਲਿਆ ਹੈ ਕਿ ਜਲੰਧਰ ਉਪ ਚੋਣ ਦੇ ਚੱਲਦੇ ਸਿਆਸੀ ਮੈਦਾਨ ’ਚ ਫ਼ਸੀਆਂ ਸੱਤਾਧਿਰ ਸਹਿਤ ਮੁੱਖ ਵਿਰੋਧੀ ਧਿਰਾਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਹਿਤ ਭਾਜਪਾ ਵਲੋਂ ਇਸ ਵਾਰ ਇਹ ਕਾਨਫਰੰਸ ਨਹੀਂ ਕੀਤੀ ਜਾ ਰਹੀ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਿਆਸੀ ਤਾਲ ਠੋਕਣ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਸਿਆਸੀ ਧਿਰਾਂ ਵਲੋਂ ਕਾਨਫਰੰਸਾਂ ਨਾ ਕਰਨ ਪਿੱਛੇ ਇੱਕ ਹੋਰ ਮੁੱਖ ਕਾਰਨ ਵੀ ਦਸਿਆ ਜਾ ਰਿਹਾ ਹੈ ਕਿ ਬੇਮੌਸਮੀ ਬਾਰਸ਼ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋਣ ਕਾਰਨ ਉਨ੍ਹਾਂ ਵਿਚ ਉਤਸ਼ਾਹ ਨਹੀਂ ਦੇਖਣ ਨੂੰ ਮਿਲ ਰਿਹਾ ਹੈ ਜਦੋਂਕਿ ਇੰਨ੍ਹਾਂ ਕਾਨਫਰੰਸਾਂ ਦੌਰਾਨ ਜਿਆਦਾਤਰ ਪੇਂਡੂ ਖੇਤਰਾਂ ਤੋਂ ਹੀ ਕਾਰਕੁੰਨ ਵੱਡੀ ਗਿਣਤੀ ਵਿਚ ਪੁੱਜਦੇ ਰਹੇ ਹਨ। ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਸਾਖ਼ੀ ਮੌਕੇ ਦਮਦਮਾ ਸਾਹਿਬ ਵਿਖੇ ਵਿਸਾਖੀ ਕਾਨਫਰੰਸ ਨਾ ਕਰਨ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਸਦੇ ਪਿੱਛੇ ਉਨ੍ਹਾਂ ਕੋਈ ਕਾਰਨਾਂ ਦਾ ਖ਼ੁਲਾਸਾ ਨਹੀਂ ਕੀਤੀ ਹੈ। ਉਂਜ ਕਾਂਗਰਸ ਪਾਰਟੀ ਵਲੋਂ ਪਿਛਲੇ ਕੁੱਝ ਸਾਲਾਂ ਤੋਂ ਸਿਆਸੀ ਕਾਨਫਰੰਸ ਕਰਨ ਤੋਂ ਬਚਿਆ ਜਾ ਰਿਹਾ ਹੈ। 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਕਾਂਗਰਸ ਸਰਕਾਰ ਵਲੋਂ ਪਹਿਲੇ ਦੋ ਸਾਲ ਸਿਆਸੀ ਕਾਨਫਰੰਸ ਕੀਤੀ ਗਈ ਸੀ ਹਾਲਾਂਕਿ ਇਸ ਕਾਨਫਰੰਸ ਦੌਰਾਨ ਖ਼ੁਦ ਮੁੱਖ ਮੰਤਰੀ ਨਹੀਂ ਆਏ ਸਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪਾਰਟੀ ਦੇ ਕੁੱਝ ਵੱਡੇ ਆਗੂ ਬਤੌਰ ਸਰਧਾਲੂ ਵਿਸਾਖੀ ਵਾਲੇ ਦਿਨ ਇੱਥੇ ਨਤਮਸਤਕ ਹੋਣ ਆ ਸਕਦੇ ਹਨ। ਇਸੇ ਤਰ੍ਹਾਂ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਵੀ ਸਪੱਸ਼ਟ ਕੀਤਾ ਹੈ ਕਿ ਸਿਆਸੀ ਕਾਨਫਰੰਸ ਦਾ ਕੋਈ ਪ੍ਰੋਗਰਾਮ ਨਹੀਂ ਹੈ। ਪਾਰਟੀ ਦੇ ਆਗੂ ਬਲਕਾਰ ਸਿੰਘ ਗੋਨਿਆਣਾ ਨੇ ਕਿਹਾ ਕਿ ਹਾਲੇ ਤੱਕ ਕਾਨਫਰੰਸ ਬਾਰੇ ਉਨ੍ਹਾਂ ਨੂੰ ਕੋਈ ਸੁਨੈਹਾ ਨਹੀਂ ਹੈ। ਆਮ ਆਦਮੀ ਪਾਰਟੀ ਦੀ ਸੂਬੇ ਵਿਚ ਸਰਕਾਰ ਬਣਨ ਤੋਂ ਬਾਅਦ ਇਹ ਦੂਜੀ ਵਿਸ਼ਾਖੀ ਕਾਨਫਰੰਸ ਹੈ। ਹਾਲਾਂਕਿ ਪਿਛਲੀ ਕਾਨਫਰੰਸ ਦੌਰਾਨ ਵੀ ਪਾਰਟੀ ਨੇ ਕਾਨਫਰੰਸ ਨਹੀਂ ਕੀਤੀ ਸੀ ਕਿਉਂਕਿ ਉਹ ਸਰਕਾਰ ਬਣਾਉਣ ਵਿਚ ਉਲਝੀ ਹੋਈ ਸੀ। ਪਾਰਟੀ ਦੇ ਕੁੱਝ ਸੀਨੀਅਰ ਆਗੂਆਂ ਨੇ ਦਸਿਆ ਕਿ ‘‘ ਸਿਆਸੀ ਕਾਨਫਰੰਸ ਨਹੀਂ ਕੀਤੀ ਜਾ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਖ਼ਤ ਸਾਹਿਬ ਉਪਰ ਮੱਥਾ ਟੇਕਣ ਆ ਸਕਦੇ ਹਨ। ’’ ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਧਾਰਮਿਕ ਸਥਾਨਾਂ ਉਪਰ ਸਿਆਸੀ ਕਾਨਫਰੰਸਾਂ ਨਾ ਕਰਨ ਸਬੰਧੀ ਧਾਰਮਿਕ ਆਗੂਆਂ ਵਲੋਂ ਕੀਤੀਆਂ ਅਪੀਲਾਂ ਦਾ ਵੀ ਅਸਰ ਦਿਸਦਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵਲੋਂ ਅੱਜ ਕਾਨਫਰੰਸ ਵਾਲੀ ਜਗ੍ਹਾਂ ਦਾ ਦੌਰਾ ਵੀ ਕੀਤਾ ਗਿਆ। ਪਾਰਟੀ ਦੇ ਆਗੂ ਗੁਰਸੇਵਕ ਸਿੰਘ ਜਵਾਹਰਕੇ ਨੇ ਦਾਅਵਾ ਕੀਤਾ ਕਿ ‘‘ ਕਾਨਫਰੰਸ ਰਾਹੀਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਚਰਚਾ ਕੀਤੀ ਜਾਵੇਗੀ।’’
Share the post "ਵਿਸਾਖੀ ਮੌਕੇ ਦਮਦਮਾ ਸਾਹਿਬ ’ਚ ਵੱਡੀਆਂ ਸਿਆਸੀ ਧਿਰਾਂ ਨਹੀਂ ਕਰਨਗੀਆਂ ਸਿਆਸੀ ਕਾਨਫਰੰਸਾਂ"