ਕਾਂਗਰਸ ਨੇ ਦੇਸ਼ ਦੇ ਸੰਵਿਧਾਨ ਦੀ ਮਜ਼ਬੂਤੀ ਲਈ ਦਿੱਤੀਆਂ ਵੱਡੀਆਂ ਕੁਰਬਾਨੀਆਂ : ਖੁਸ਼ਬਾਜ ਸਿੰਘ ਜਟਾਨਾ
ਸੁਖਜਿੰਦਰ ਮਾਨ
ਬਠਿੰਡਾ, 9 ਅਪ੍ਰੈਲ: ਪਿਛਲੇ ਦਿਨੀਂ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਲੋਕ ਸਭਾ ਵਿਚ ਮੈਂਬਰਸਿਪ ਰੱਦ ਕਰਨ ਤੋਂ ਬਾਅਦ ਪਾਰਟੀ ਵਲੋਂ ਵਿੱਢੀ ‘ਸੰਵਿਧਾਨ ਬਚਾਓ ਦੇਸ਼ ਬਚਾਓ’ ਮੁਹਿੰਮ ਤਹਿਤ ਪਾਰਟੀ ਆਗੂਆਂ ਵਲੋਂ ਪਿੰਡਾਂ ਅਤੇ ਕਸਬਿਆਂ ਵਿਚ ਮੀਟਿੰਗਾਂ ਦਾ ਦੌਰ ਜਾਰੀ ਹੈ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਦੀ ਅਗਵਾਈ ਹੇਠ ਹੋਈਆਂ ਇੰਨ੍ਹਾਂ ਮੀਟਿੰਗਾਂ ਵਿਚ ਵੱਡੀ ਗਿਣਤੀ ’ਚ ਲੋਕ ਸਾਮਲ ਹੋਏ। ਇਸ ਮੌਕੇ ਜਟਾਣਾ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਦੇ ਸੰਵਿਧਾਨ ਦੀ ਮਜ਼ਬੂਤੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਜਦੋਂਕਿ ਨਰਿੰਦਰ ਮੋਦੀ ਸਰਕਾਰ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਵਿਰੋਧੀ ਧਿਰਾਂ ਦੀ ਆਵਾਜ਼ ਦਬਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਦੇਸ਼ ਦਾ ਕੋਈ ਵਰਗ ਸਤੁੰਸ਼ਟ ਨਹੀਂ ਕਿਉਂਕਿ ਸਰਕਾਰ ਅਮੀਰਾਂ ਨੂੰ ਲਾਭ ਪਹੁੰਚਾਉਣ ਅਤੇ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਮਦਦ ਕਰ ਰਹੀ ਹੈ ਅਤੇ ਜੋ ਵਿਰੋਧੀ ਧਿਰ ਦਾ ਆਗੂ ਇਨ੍ਹਾਂ ਦੇਸ਼ ਵਿਰੋਧੀ ਨੀਤੀਆਂ ਖਿਲਾਫ਼ ਬੋਲਦਾ ਹੈ ਤਾਂ ਉਸਦੀ ਮੈਂਬਰਸ਼ਿਪ ਰੱਦ ਕਰਕੇ ਅਵਾਜ਼ ਦਬਾਈ ਜਾ ਰਹੀ ਹੈ। ਜ਼ਿਲ੍ਹਾ ਪ੍ਰਧਾਨ ਨੇ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਕਾਂਗਰਸ ਪਾਰਟੀ ਦਬਣ ਜਾਂ ਡਰਨ ਵਾਲੀ ਨਹੀਂ ਅਤੇ ਦੇਸ਼ ਹਿੱਤ ਵਿਚ ਹਮੇਸ਼ਾ ਅਵਜ ਚੱਕਦੇ ਰਹਾਂਗੇ।ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਲਈ ਸਹਿਯੋਗ ਦੇਣ ਤਾਂ ਜੋ ਮਹਿੰਗਾਈ ਦੀ ਜਨਮਦਾਤਾ ਭਾਜਪਾ ਨੂੰ ਸੱਤਾ ਤੋਂ ਪਾਸੇ ਕੀਤਾ ਜਾ ਸਕੇ। ਇਸ ਮੌਕੇ ਉਨਾਂ ਪੰਜਾਬ ਦੇ ਵਿਗੜ ਰਹੇ ਹਾਲਾਤ ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਲਈ ਮਾਨ ਸਰਕਾਰ ਜਿੰਮੇਵਾਰ ਹੈ। ਇਸ ਮੌਕੇ ਰਣਜੀਤ ਸਿੰਘ ਸੰਧੂ, ਲਖਵਿੰਦਰ ਸਿੰਘ ਲੱਕੀ, ਕ੍ਰਿਸ਼ਨ ਸਿੰਘ ਭਾਗੀ ਬਾਂਦਰ, ਦਰਸ਼ਨ ਸਿੰਘ ਅਤੇ ਹੋਰ ਕਾਂਗਰਸੀ ਆਗੂ ਤੇ ਪੰਚ ਸਰਪੰਚ ਹਾਜਰ ਸਨ।
Share the post "ਕਾਂਗਰਸ ਪਾਰਟੀ ਵਲੋਂ ‘ਸੰਵਿਧਾਨ ਬਚਾਓ ਦੇਸ਼ ਬਚਾਓ’ ਮੁਹਿੰਮ ਤਹਿਤ ਪਿੰਡਾਂ ’ਚ ਮੀਟਿੰਗਾਂ ਦਾ ਦੌਰ ਜਾਰੀ"