ਤਲਵੰਡੀ ਸਾਬੋ ’ਚ ਵਿਸਾਖੀ ਦਿਹਾੜੇ ਮੌਕੇ ਕੀਤੀ ਸਿਆਸੀ ਕਾਨਫਰੰਸ
ਸੁਖਜਿੰਦਰ ਮਾਨ
ਦਮਦਮਾ ਸਾਹਿਬ, (ਬਠਿੰਡਾ) 14 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਕੇਂਦਰ ਨੂੰ ਸਿੱਖਾਂ ’ਤੇ ਜੁਲਮ ਬੰਦ ਕਰਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ‘‘ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਫ਼ਿਰ ਸਿੱਖ ਵੀ ਅੱਗੇ ਹੱਥ ਵਧਾਉਣ ਲਈ ਤਿਆਰ ਹਨ। ’’ ਵਿਸਾਖੀ ਦੇ ਦਿਹਾੜੇ ਮੌਕੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੀਤੀ ਸਿਆਸੀ ਕਾਨਫਰੰਸ ’ਚ ਪਾਰਟੀ ਆਗੂਆਂ ਨੇ ਕੇਂਦਰ ਤੇ ਪੰਜਾਬ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਜਲੰਧਰ ਉਪ ਚੋਣ ’ਚ ਪਾਰਟੀ ਨੂੰ ੰਸੰਗਰੂਰ ਦੀ ਤਰ੍ਹਾਂ ਫ਼ਤਵਾਂ ਦੇਣ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਕਿ ਇਸਦੇ ਨਾਲ 2027 ਵਿਚ ਪੰਜਾਬ ’ਚ ਪੰਥਕ ਸਰਕਾਰ ਬਣਨ ਦਾ ਮੁਢ ਬੱਝੇਗਾ। ਹਰ ਵਾਰ ਦੀ ਤਰ੍ਹਾਂ ਸਿਆਸੀ ਕਾਨਫਰੰਸ ’ਚ ਖ਼ਾਲਿਸਤਾਨ ਦਾ ਮੁੱਦਾ ਚੁਕਦਿਆਂ ਸ: ਮਾਨ ਨੇ ਕਿਹਾ ਕਿ ਸਿੱਖਾਂ ਉਪਰ ਪਿਛਲੇ ਸਮਿਆਂ ਤੋਂ ਲੈ ਕੇ ਸਰਕਾਰਾਂ ਜ਼ਬਰ ਜ਼ੁਲਮ ਕਰਦੀਆਂ ਆਈਆਂ ਹਨ ਪਰ ਸਿੱਖ ਕੌਮ ਇਸ ਦਾ ਮੁਕਾਬਲਾ ਕਰਦੀ ਆਈ ਹੈ। ਉਨ੍ਹਾਂ ਮੁੜ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਯਾਦ ਰੱਖਣਾ ਕਿ ਸਿੱਖ ਮਰ ਸਕਦਾ ਹੈ ਪਰ ਆਤਮ ਸਮਰਪਣ ਨਹੀਂ ਕਰ ਸਕਦਾ। ਉਨ੍ਹਾਂ ਪੰਜਾਬ ਵਿਚ ਭਾਰੀ ਗਿਣਤੀ ’ਚ ਕੇਂਦਰੀ ਬਲ ਤੇ ਪੰਜਾਬ ਪੁਲਿਸ ਨੂੰ ਤੈਨਾਤ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ‘‘ ਇਸ ਸਮੇਂ ਨਾ ਪੰਜਾਬ ਵਿੱਚ ਕੋਈ ਗੋਲੀ ਚੱਲੀ ਹੈ ਤੇ ਨਾ ਕੋਈ ਫਿਰਕੂ ਘਟਨਾ ਵਾਪਰੀ।ਫਿਰ ਵੀ ਪੰਜਾਬ ਅੰਦਰ ਵੱਡੀ ਫੋਰਸ ਲਗਾਈ ਗਈ ਅਤੇ ਸਿੱਖ ਨੌਜਵਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਰਹੀ ਹੈ। ਉਨ੍ਹਾਂ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚੇ ਦਰਜ ਕਰਕੇ ਡਿਬਰੂਗੜ ਵਰਗੀਆਂ ਜ਼ੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ’’ ਉਨਾਂ ਕਿਹਾ ਕਿ ਪਹਿਲਾਂ ਲੋਕ ਉਸ ਉਪਰ ਉਂਗਲ ਚੁੱਕਦੇ ਸਨ ਕਿ ਸਿਮਰਨਜੀਤ ਸਿੰਘ ਮਾਨ ਨੇ ਚਿੱਠੀਆਂ ਦੇ ਕੇ ਨੌਜਵਾਨਾਂ ਨੂੰ ਵਿਦੇਸ਼ਾਂ ’ਚ ਭੇਜ ਦਿੱਤਾ ਪਰ ਅੱਜ ਉਹ ਮਾਣ ਨਾਲ ਕਹਿ ਸਕਦੇ ਹਨ ਕਿ ਅਜਿਹਾ ਕਰਕੇ ਪੂਰੀ ਦੁਨੀਆਂ ਸਿੱਖਾਂ ਦੀ ਸਕਤੀ ਇਕੱਠੀ ਕੀਤੀ ਹੈ ਤੇ ਅੱਜ ਪੰਜਾਬ ਵਿਚ ਰਹਿੰਦਾ ਸਿੱਖ ਇਕੱਲਾ ਨਹੀਂ, ਬਲਕਿ ਦੁਨੀਆਂ ਦੇ ਹਰ ਕੋਨੇ ਵਿਚ ਵਸਿਆ ਸਿੱਖ ਉਨ੍ਹਾਂ ਦੇ ਨਾਲ ਖੜ੍ਹਾ ਹੈ। ਸੰਗਰੂਰ ਤੋਂ ਲੋਕ ਸਭਾ ਮੈਂਬਰ ਸ: ਮਾਨ ਕੇਂਦਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਦੇਸ਼ ਦੇ ਲੋਕਾਂ ਨੂੰ ਆਪਣੇ ਵਿਰੁੱਧ ਕਰ ਲਿਆ ਤਾਂ ਬਾਹਰਲੀਆਂ ਦੁਸ਼ਮਣ ਸ਼ਕਤੀਆਂ ਦਾ ਮੁਕਾਬਲਾ ਕਿਵੇਂ ਕੀਤਾ ਜਾਵੇਗਾ। ਇਸ ਕਾਨਫਰੰਸ ਨੂੰ ਕਰਨੈਲ ਸਿੰਘ ਪੰਜੌਲੀ, ਲੱਖਾ ਸੁਧਾਣਾ, ਜਲੰਧਰ ਸੀਟ ਦੇ ਉਮੀਦਵਾਰ ਗੁਰਜੰਟ ਸਿੰਘ ਕੁੱਟੂ, ਪ੍ਰੋਫੈਸਰ ਮੁਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨਗੜ੍ਹ, ਗੁਰਸੇਵਕ ਸਿੰਘ ਜਵਾਹਰਕੇ, ਪਰਵਿੰਦਰ ਸਿੰਘ ਬਾਲਿਆਵਾਲੀ, ਮਨਦੀਪ ਕੌਰ ਸੰਧੂ,ਗੁਰਚਰਨ ਸਿੰਘ ਭੁੱਲਰ ਆਦਿ ਨੇ ਵੀ ਸਬੋਧਨ ਕੀਤਾ।
ਬਾਕਸ
ਮਾਨ ਦਲ ਦੀ ਕਾਨਫਰੰਸ ’ਚ ਵੱਡੀ ਗਿਣਤੀ ਵਿਚ ਪੁਲਿਸ ਰਹੀ ਮੌਜੂਦ
ਦਮਦਮਾ ਸਾਹਿਬ: ਭਾਈ ਅੰਮ੍ਰਿਤਪਾਲ ਸਿੰਘ ਦੇ ਵਿਸਾਖੀ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਕੀਤੀ ਜਾਣ ਵਾਲੀ ਦਮਦਮਾ ਸਾਹਿਬ ਦੀ ਸਿਆਸੀ ਕਾਨਫਰੰਸ ਵਿਚ ਪੁੱਜਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਪੁਲਿਸ ਤੈਨਾਤ ਕੀਤੀ ਹੋਈ ਸੀ। ਐਸ.ਐਸ.ਪੀ ਰੈਂਕ ਦੇ ਦੋ ਅਧਿਕਾਰੀਆਂ ਹੇਠ ਜਿੱਥੇ ਸੈਕੜਿਆਂ ਦੀ ਤਾਦਾਦ ਪੁਲਿਸ ਵਰਦੀ ਵਿਚ ਮੌਜੂਦ ਸੀ ਅਤੇ ਕਾਨਫਰੰਸ ਨੂੰ ਚਾਰ-ਚੁਫ਼ੇਰਿਓ ਘੇਰਿਆਂ ਹੋਇਆ ਸੀ, ਉਥੇ ਸਿਵਲ ਵਰਦੀ ਤੇ ਖ਼ਾਸਕਰ ਦੇਸੀ ਪਹਿਰਾਵੇਂ ਵਿਚ ਸੈਕੜਿਆਂ ਦੀ ਤਾਦਾਦ ਵਿਚ ਕਾਨਫਰੰਸ ਦੇ ਪੰਡਾਲ ਹਾਲ ’ਚ ਪੁਲਿਸ ਮੁਲਾਜਮਾਂ ਨੂੰ ਬਿਠਾਇਆ ਹੋਇਆ ਸੀ। ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਸਟੇਜ਼ ਦੇ ਹੇਠਾਂ ਵੀ ਪੁਲਿਸ ਮੁਲਾਜਮ ਭਾਈ ਅੰਮ੍ਰਿਤਪਾਲ ਸਿੰਘ ਦੀ ਭਾਲ ’ਚ ਗੁੱਪ-ਚੁੱਪ ਤਰੀਕੇ ਨਾਲ ਬੈਠੇ ਹੋਏ ਸਨ।
Share the post "ਕੇਂਦਰ ਸਿੱਖਾਂ ’ਤੇ ਜੁਲਮ ਕਰਨ ਦੀ ਬਜਾਏ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸਵੀਕਾਰ ਕਰੇ: ਸਿਮਰਨਜੀਤ ਸਿੰਘ ਮਾਨ"