’ਪੰਜਾਬ ਦੇ ਲੋਕ ਨਾਚ’, ’ਪਰਾਂਦਾ ਵਾਕ’ ਅਤੇ ’ਪੰਜਾਬੀ ਬੋਲੀਆਂ/ਟੱਪੇ’ ਵਿੱਚ ਪੰਜਾਬੀ ਵਿਰਸੇ ਦੀ ਕੀਤੀ ਪੇਸ਼ਕਾਰੀ
ਸੁਖਜਿੰਦਰ ਮਾਨ
ਬਠਿੰਡਾ, 14 ਅਪ੍ਰੈਲ : ਬਾਬਾ ਫ਼ਰੀਦ ਕਾਲਜ ਦੇ ਮੈਨੇਜਮੈਂਟ ਵਿਭਾਗ ਨੇ ਕਲਚਰਲ ਕਲੱਬ ਦੇ ਸਹਿਯੋਗ ਨਾਲ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਲਈ ’ਰੰਗ ਪੰਜਾਬ ਦੇ’ ਸਮਾਗਮ ਦਾ ਆਯੋਜਨ ਕਰ ਕੇ ਵਿਸਾਖੀ ਦਾ ਜਸ਼ਨ ਮਨਾਇਆ। ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ । ਇਸ ਸਮਾਗਮ ਵਿੱਚ ਅਨਿਲ ਠਾਕੁਰ ਚੇਅਰਮੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਪ੍ਰਮੁੱਖ ਤਿੰਨ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ’ਪੰਜਾਬ ਦੇ ਲੋਕ ਨਾਚ’, ’ਪਰਾਂਦਾ ਵਾਕ’ ਅਤੇ ’ਪੰਜਾਬੀ ਬੋਲੀਆਂ/ਟੱਪੇ’ ਆਦਿ ਸ਼ਾਮਲ ਸਨ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ.ਡੀ. ਸ਼ਰਮਾ, ਡਿਪਟੀ ਡਾਇਰੈਕਟਰ (ਸਹੂਲਤਾਂ) ਸ. ਹਰਪਾਲ ਸਿੰਘ ਅਤੇ ਪ੍ਰਬੰਧਕਾਂ ਨੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਸਮਾਗਮ ਦੌਰਾਨ ਹੋਏ ’ਪੰਜਾਬ ਦੇ ਲੋਕ ਨਾਚ’ ਮੁਕਾਬਲੇ ਵਿੱਚ ਬੀ.ਐਸ.ਸੀ.(ਆਨਰਜ਼) ਐਗਰੀਕਲਚਰ ਦੇ ਵਿਦਿਆਰਥੀ ਸੰਤੋਖ ਪਾਲ ਸਿੰਘ ਅਤੇ ਰਜਤ ਵਰਮਾ ਜੇਤੂ ਐਲਾਨੇ ਗਏ ਜਦੋਂ ਕਿ ’ਪਰਾਂਦਾ ਵਾਕ’ ਵਿੱਚ ਬੀ.ਬੀ.ਏ ਦੀ ਵਿਦਿਆਰਥਣ ਦਿਲਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ’ਪੰਜਾਬੀ ਬੋਲੀਆਂ/ਟੱਪੇ’ ਗਤੀਵਿਧੀ ਵਿੱਚ ਬੀ.ਐੱਡ ਦੀ ਵਿਦਿਆਰਥਣ ਜੋਤੀ ਅਤੇ ਉਸ ਦੇ ਗਰੁੱਪ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਨਾਮ ਵੰਡ ਸਮਾਗਮ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਅਤੇ ਮਹਿਮਾਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।ਸਮਾਗਮ ਦੇ ਅੰਤ ਵਿੱਚ ਮੈਨੇਜਮੈਂਟ ਵਿਭਾਗ ਦੀ ਮੁਖੀ ਪਵਨੀਤ ਕੌਰ ਨੇ ਸਮੂਹ ਮਹਿਮਾਨਾਂ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਵਿਸਾਖੀ ਮੌਕੇ ਬਾਬਾ ਫ਼ਰੀਦ ਕਾਲਜ ਵੱਲੋਂ ’ਰੰਗ ਪੰਜਾਬ ਦੇ’ ਸਮਾਗਮ ਆਯੋਜਿਤ
8 Views