ਮੁਦਈ ਦੀ ਕਾਲ ਰਿਕਾਰਡਿੰਗ ਦੀ ਕਾਪੀ ਨਾ ਮਿਲਣ ਕਾਰਨ ਸੁਣਵਾਈ 27 ’ਤੇ ਪਈ
ਸੁਖਜਿੰਦਰ ਮਾਨ
ਬਠਿੰਡਾ, 20 ਅਪ੍ਰੈਲ : ਭ੍ਰਿਸਟਾਚਾਰ ਦੇ ਦੋਸਾਂ ਹੇਠ ਕਰੀਬ ਦੋ ਮਹੀਨੇ ਪਹਿਲਾਂ ਗ੍ਰਿਫਤਾਰ ਕੀਤੇ ਗਏ ਬਠਿੰਡਾ ਦਿਹਾਤੀ ਹਲਕੇ ਦੇ ਵਿਧਾਇਕ ਅਮਿਤ ਰਤਨ ਅੱਜ ਸਥਾਨਕ ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਸ਼੍ਰੀ ਰਾਮ ਕੁਮਾਰ ਸਿੰਗਲਾ ਦੀ ਅਦਾਲਤ ’ਚ ਪੇਸ਼ ਹੋਏ। ਜਿੱਥੇ ਉਨ੍ਹਾਂ ਦੇ ਵਕੀਲ ਵਲੋਂ ਪਿਛਲੇ ਦਿਨੀਂ ਵਿਜੀਲੈਂਸ ਦੁਆਰਾ ਪੇਸ਼ ਕੀਤੀ ਚਾਰਜ਼ਸੀਟ ਦੀ ਕਾਪੀ ਮੰਗੀ। ਸੂਚਨਾ ਮੁਤਾਬਕ ਇਸ ਦੌਰਾਨ ਮੁਦਈ ਦੀ ਵਿਜੀਲੈਂਸ ਵਲੌਂ ਕਢਵਾਈ ਕਾਲ ਰਿਕਾਰਡਿੰਗ ਦੀ ਕਾਪੀ ਨਾ ਮਿਲਣ ਦੇ ਚੱਲਦੇ ਵਿਧਾਇਕ ਦੇ ਵਕੀਲ ਵਲੋਂ ਅਧੂਰੀ ਚਾਰਜ਼ਸੀਟ ਦੀ ਕਾਪੀ ਲੈਣ ਤੋਂ ਇੰਨਕਾਰ ਕਰ ਦਿੱਤਾ। ਜਿਸਦੇ ਚੱਲਦੇ ਅਦਾਲਤ ਨੇ ਹੁਣ ਇਸ ਕੇਸ ਦੀ ਅਗਲੀ ਸੁਣਵਾਈ 27 ਅਪ੍ਰੈਲ ’ਤੇ ਪਾ ਦਿੱਤੀ। ਦਸਣਾ ਬਣਦਾ ਹੈ ਕਿ ਹਲਕੇ ਅਧੀਨ ਪੈਂਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕਾਕਾ ਕੋਲੋ ਪਿੰਡ ਦੇ ਵਿਕਾਸ ਕਾਰਜ਼ਾਂ ਲਈ ਆਈਆਂ ਗ੍ਰਾਂਟਾਂ ਨੂੰ ਰਿਲੀਜ਼ ਕਰਵਾਉਣ ਬਦਲੇ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਟੀਮ ਨੇ ਵਿਧਾਇਕ ਦੇ ਪ੍ਰਾਈਵੇਟ ਪੀਏ ਰਿਸਮ ਗਰਗ ਨੂੰ ਸਥਾਨਕ ਸਰਕਟ ਹਾਊਸ ਵਿਚੋਂ 16 ਫ਼ਰਵਰੀ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਇਸ ਦੌਰਾਨ ਵਿਧਾਇਕ ਖੁਦ ਵੀ ਮੌਕੇ ’ਤੇ ਮੌਜੂਦ ਸੀ ਪ੍ਰੰਤੂ ਵਿਜੀਲੈਂਸ ਟੀਮ ਨੇ ਕੋਈ ਪੁਖਤਾ ਸਬੂਤ ਨਾ ਹੋਣ ਕਾਰਨ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਸੀ। ਪ੍ਰੰਤੂ ਵਿਜੀਲੈਂਸ ਅਧਿਕਾਰੀਆਂ ਮੁਤਾਬਕ ਰਿਸਮ ਕੋਲੋ ਕੀਤੀ ਪੁਛਗਿਛ ਅਤੇ ਮੁਦਈ ਵਲੋਂ ਮੁਹੱਈਆਂ ਕਰਵਾਈ ਰਿਕਾਰਡ ਦੇ ਆਧਾਰ ’ਤੇ ਵਿਧਾਇਕ ਨੂੰ ਵੀ ਇਸ ਕੇਸ ਵਿਚ ਨਾਮਜਦ ਕੀਤਾ ਗਿਆ ਸੀ, ਜਿਸਤੋਂ ਬਾਅਦ 20 ਫ਼ਰਵਰੀ ਨੂੰ ਉਸਦੀ ਗ੍ਰਿਫਤਾਰੀ ਕੀਤੀ ਗਈ ਸੀ। ਇਸ ਮਾਮਲੇ ਵਿਚ ਕਈ ਵਾਰ ਵਿਜੀਲੈਂਸ ਟੀਮ ਵਲੋਂ ਵਿਧਾਇਕ ਤੇ ਉਸਦੇ ਪੀਏ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁਛਗਿਛ ਕੀਤੀ ਗਈ ਸੀ। ਜਿਸਤੋਂ ਬਾਅਦ ਦੋਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਮੌਜੂਦਾ ਸਮੇਂ ਵਿਧਾਇਕ ਪਟਿਆਲਾ ਅਤੇ ਪੀਏ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਹੈ। ਇਸ ਦੌਰਾਨ ਕੁੱਝ ਦਿਨ ਪਹਿਲਾਂ ਵਿਜੀਲੈਂਸ ਨੇ ਦੋਨਾਂ ਵਿਰੁਧ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਸੀ। ਜਿਸਦੀ ਕਾਪੀ ਹਾਸਲ ਕਰਨ ਲਈ ਵਿਧਾਇਕ ਵਲੋਂ ਅਦਾਲਤ ਵਿਚ ਅਰਜੀ ਲਗਾਈ ਗਈ ਸੀ ਤੇ ਇਸਦੇ ਕੇਸ ਵਿਚ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਚੱਲਦੇ ਅੱਜ ਪੁਲਿਸ ਵਿਧਾਇਕ ਨੂੰ ਪਟਿਆਲਾ ਜੇਲ੍ਹ ਤੋਂ ਬਠਿੰਡਾ ਲੈ ਕੇ ਪੁੱਜੀ ਹੋਈ ਸੀ। ਵਿਧਾਇਕ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਨੇ ਇਸਦੀ ਪੁਸ਼ਟੀ ਕਰਦਿਆਂ ਦਾਅਵਾ ਕੀਤਾ ਕਿ ਅਧੂਰੀ ਚਾਰਜ਼ਸੀਟ ਮਿਲਣ ਕਾਰਨ ਅਗਲੀ ਤਰੀਕ ਪਾਈ ਗਈ ਹੈ।
ਚਾਰਜ਼ਸੀਟ ਦੀ ਕਾਪੀ ਲੈਣ ਲਈ ਵਿਧਾਇਕ ਅਮਿਤ ਰਤਨ ਪੁੱਜੇ ਅਦਾਲਤ ’ਚ
10 Views