ਪਿਛਲੇ 22 ਸਾਲਾਂ ਤੋਂ ਪੀਆਰਟੀਸੀ ’ਚ ਠੇਕੇ ’ਤੇ ਸੇਵਾ ਨਿਭਾ ਰਿਹਾ ਹੈ ‘ਹੀਰੋ ਆਫ਼ ਰੋਡ’
ਸੁਖਜਿੰਦਰ ਮਾਨ
ਬਠਿੰਡਾ, 21 ਅਪ੍ਰੈਲ: ਪੀਆਰਟੀਸੀ ਦੇ ਬਠਿੰਡਾ ਡਿੱਪੂ ’ਚ ਬਤੌਰ ਡਰਾਈਵਰ ਸੇਵਾਵਾਂ ਨਿਭਾ ਰਹੇ ਮੁਖਤਿਆਰ ਸਿੰਘ ਨੂੰ ਕੌਮੀ ਪੱਧਰ ’ਤੇ ਸੇਫ਼ ਡਰਾਈਵਿੰਗ ’ਚ ਸਨਮਾਨਤ ਕੀਤਾ ਗਿਆ ਹੈ। ਕੇਂਦਰੀ ਟ੍ਰਾਂਸਪੋਰਟ ਵਿਭਾਗ ਵਲੋਂ ਐਸੋਸੀਏਸ਼ਨ ਆਫ਼ ਸਟੇਟ ਰੋਡ ਟ੍ਰਾਂਸਪੋਰਟ ਅੰਡਰਟੇਕਿੰਗ ਦੇ ਸਹਿਯੋਗ ਨਾਲ 18 ਅਪ੍ਰੈਲ ਨੂੰ ਦਿੱਲੀ ’ਚ ਕਰਵਾਏ ਗਏ ਇਸ ਸਨਮਾਨ ਸਮਾਰੋਹ ਵਿਚ ਦੇਸ ਭਰ ਦੇ 42 ਡਰਾਈਵਰਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ ਤੇ ਇੰਨ੍ਹਾਂ 42 ਡਰਾਈਵਰਾਂ ਵਿਚੋਂ ਮੁਖਤਿਆਰ ਸਿੰਘ ਪੰਜਾਬ ਨਾਲ ਸਬੰਧਤ ਇਕੱਲਾ ਡਰਾਈਵਰ ਹੈ, ਜਿਸਨੇ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਸੜਕੀ ਤੇ ਆਵਾਜਾਈ ਵਿਭਾਗ ਦੇ ਕੇਂਦਰੀ ਰਾਜ ਮੰਤਰੀ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਦੇਸ ਭਰ ਦੇ ਉਨ੍ਹਾਂ ਸੁਪਰ 42 ਡਰਾਈਵਰਾਂ ਨੂੰ ਸਨਮਾਨਿਤ ਪੱਤਰ, 5 ਹਜ਼ਾਰ ਰੁਪਏ ਦੇ ਨਗਰ ਇਨਾਮ, ਅਵਾਰਡ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ, ਜਿੰਨ੍ਹਾਂ ਅਪਣੇ ਕਾਰਜ਼ਕਾਲ ਦੌਰਾਨ ਇੱਕ ਵੀ ਹਾਦਸਾ ਨਹੀਂ ਹੋਣ ਦਿੱਤਾ ਤੇ ਨਾਲ ਹੀ ਸੁਰੱਖਿਅਤ ਡਰਾਈਵਿੰਗ ਵੱਲ ਵਿਸੇਸ ਧਿਆਨ ਦਿੱਤਾ। ਸੁੱਕਰਵਾਰ ਨੂੰ ਸਨਮਾਨਿਤ ਹੋਣ ਤੋਂ ਬਾਅਦ ਵਾਪਸ ਬਠਿੰਡਾ ਪੁੱਜੇ ਡਰਾਈਵਰ ਮੁਖਤਿਆਰ ਸਿੰਘ ਤੇ ਉਨ੍ਹਾਂ ਦੀ ਪਤਨੀ ਦਾ ਰੇਲਵੇ ਸਟੇਸ਼ਨ ਉਪਰ ਬਠਿੰਡਾ ਡਿੱਪੂ ਦੇ ਕਰਮਚਾਰੀਆਂ ਵਲੋਂ ਹਾਰਾਂ ਤੇ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਮਿਲੀ ਸੂਚਨਾ ਮੁਤਾਬਕ ਟ੍ਰਾਂਸਪੋਰਟ ਵਿਭਾਗ ਵਲੋਂ ਸੇਫ਼ ਡਰਾਈਵਿੰਗ ਨੂੰ ਊਤਸ਼ਾਹਤ ਕਰਨ ਲਈ ਹਰ ਸਾਲ ਇਹ ਅਵਾਰਡ ਸਟੇਟ ਟ੍ਰਾਂਸਪੋਰਟ ਨਾਲ ਜੁੜੇ ਡਰਾਈਵਰਾਂ ਨੂੰ ਦਿੱਤਾ ਜਾਂਦਾ ਹੈ ਤੇ ਇਸਦਾ ਮੁੱਖ ਉਦੇਸ਼ ਸੇਫ਼ ਡਰਾਈਵਿੰਗ ਨੂੰ ਉਤਸ਼ਾਹਤ ਕਰਨਾ ਹੁੰਦਾ ਹੈ। ਬਠਿੰਡਾ ਡਿੱਪੂ ਦੇ ਜੀਐਮ ਅਮਨਵੀਰ ਸਿੰਘ ਟਿਵਾਣਾ ਨੇ ਅਪਣੇ ਡਿੱਪੂ ਦੇ ਡਰਾਈਵਰ ਮੁਖਤਿਆਰ ਸਿੰਘ ਨੂੰ ਇਹ ਅਵਾਰਡ ਮਿਲਣ ’ਤੇ ਖ਼ੁਸੀ ਜਾਹਰ ਕਰਦਿਆਂ ਕਿਹਾ ਕਿ ਇਸਦੇ ਨਾਲ ਦੂਜੇ ਸਟਾਫ਼ ਨੂੰ ਵੀ ਪ੍ਰੇਰਨਾ ਮਿਲਦੀ ਹੈ।
ਬਾਕਸ
ਅਗਲੇ ਸਾਲ ਸੇਵਾਮੁਕਤ ਹੋਣ ਜਾ ਰਿਹਾ ਮੁਖਤਿਆਰ ਸਿੰਘ 22 ਸਾਲਾਂ ਤੋਂ ਨਿਭਾ ਰਿਹਾ ਹੈ ਠੇਕੇ ’ਤੇ ਸੇਵਾਵਾਂ
ਬਠਿੰਡਾ: ਵੱਡੀ ਗੱਲ ਇਹ ਵੀ ਹੈ ਕਿ ਦੇਸ ਭਰ ਵਿਚੋਂ ਸੇਫ਼ ਡਰਾਈਵਿੰਗ ਦਾ ਸਨਮਾਨ ਹਾਸਲ ਕਰਨ ਵਾਲਾ ਪੰਜਾਬ ਦਾ ਇਕਲੌਤਾ ਡਰਾਈਵਰ ਮੁਖਤਿਆਰ ਸਿੰਘ ਪਿਛਲੇ 22 ਸਾਲਾਂ ਤੋਂ ਠੇਕੇ ’ਤੇ ਪੀਆਰਟੀਸੀ ਵਿਚ ਨਿਗੂਣੀ ਤਨਖ਼ਾਹ ’ਤੇ ਅਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਤੇ ਅਗਲੇ ਸਾਲ ਉਸਨੇ ਸੇਵਾਮੁਕਤ ਹੋ ਜਾਣਾ ਹੈ। ਬੱਸ ਅੱਡੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਖਤਿਆਰ ਸਿੰਘ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਸਰਕਾਰ ਤੇ ਯਾਤਰੀਆਂ ਲਈ ਕੰਮ ਕਰ ਰਹੇ ਹਨ ਤੇ ਸਰਕਾਰ ਨੂੰ ਵੀ ਉਨ੍ਹਾਂ ਨੂੰ ਰੈਗੂਲਰ ਕਰਨਾ ਚਾਹੀਦਾ ਹੈ। ਇਸ ਮੌਕੇ ਪਨਬਸ-ਪੀਆਰਟੀਸੀ ਵਰਕਰ ਯੂਨੀਅਨ ਦੇ ਆਗੂ ਕੁਲਵੰਤ ਸਿੰਘ ਨੇ ਅਪਣੇ ਸਾਥੀ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਪਣੇ ਵਾਅਦੇ ਮੁਤਾਬਕ ਕੱਚੇ ਕਾਮਿਆਂ ਨੂੰ ਪੱਕੇ ਕਰੇ ਤਾਂ ਕਿ ਉਹ ਹੋਰ ਉਤਸ਼ਾਹ ਨਾਲ ਕੰਮ ਕਰ ਸਕਣ।
ਸੇਫ਼ ਡਰਾਈਵਿੰਗ ਲਈ ਬਠਿੰਡਾ ਡਿੱਪੂ ਦੇ ਡਰਾਈਵਰ ਨੂੰ ਮਿਲਿਆ ਕੌਮੀ ਸਨਮਾਨ
210 Views