ਡਿਪਟੀ ਕਮਿਸ਼ਨਰ ਨੇ ਨਿਰੰਕਾਰੀ ਭਵਨ ਵਿਖੇ ਲੱਗੇ ਖੂਨਦਾਨ ਕੈਂਪ ਵਿੱਚ ਕੀਤੀ ਸ਼ਿਰਕਤ
ਕੈਂਪ ਦੌਰਾਨ 150 ਯੂਨਿਟ ਬਲੱਡ ਕੀਤਾ ਗਿਆ ਇਕੱਤਰ
ਸੁਖਜਿੰਦਰ ਮਾਨ
ਬਠਿੰਡਾ, 23 ਅਪ੍ਰੈਲ : ਵਿਅਕਤੀ ਦੁਆਰਾ ਦਾਨ ਕੀਤੇ ਗਏ ਖੂਨ ਨਾਲ ਕਿਸੇ ਵੀ ਅਣਮੁੱਲੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਅੱਜ ਸਥਾਨਕ ਸੰਤ ਨਿਰੰਕਾਰੀ ਭਵਨ ਵਿਖੇ ਮਿਸ਼ਨ ਦੀ ਸਮਾਜਿਕ ਸਾਖਾ, ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੁਆਰਾ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਦਿਆਂ ਇਸ ਦੀ ਸ਼ੁਰੂਆਤ ਕਰਵਾਉਣ ਉਪਰੰਤ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਨਿਰੰਕਾਰੀ ਮਿਸ਼ਨ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਇਸ ਖੂਨਦਾਨ ਕੈਂਪ ਅਤੇ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ ਤੇ ਕੀਤੇ ਗਏ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਅਜਿਹੇ ਕਾਰਜ ਕਰਨੇ ਚਾਹੀਦੇ ਹਨ, ਜਿੰਨ੍ਹਾਂ ਨਾਲ ਆਮ ਲੋਕਾਂ ਨੂੰ ਫ਼ਾਇਦਾ ਮਿਲ ਸਕੇ। ਉਨ੍ਹਾਂ ਕਿਹਾ ਕਿ ਆਪਣੇ ਭਵਿੱਖ ਲਈ ਤਾਂ ਹਰ ਇੱਕ ਮਨੁੱਖ ਹੀ ਕੰਮ ਕਰਦਾ ਰਹਿੰਦਾ ਹੈ, ਪਰ ਜ਼ਰੂਰਤ ਹੈ ਕਿ ਆਪਣਾ ਥੋੜ੍ਹਾ-ਬਹੁਤਾ ਯੋਗਦਾਨ ਲੋਕ ਭਲਾਈ ਦੇ ਕੰਮਾਂ ਵਿੱਚ ਪਾਇਆ ਜਾ ਸਕੇ।ਇਸ ਮੌਕੇ ਸੰਤ ਨਿਰੰਕਾਰੀ ਮੰਡਲ ਦੀ ਸਥਾਨਕ ਬ੍ਰਾਂਚ ਦੇ ਸੰਯੋਜਕ ਸ਼੍ਰੀ ਆਦਰਸ਼ ਮੋਹਨ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦਿਕਸਾ ਜੀ ਮਹਾਰਾਜ ਦੇ ਦਿਸ਼ਾ-ਨਿਰਦੇਸ਼ ਤਹਿਤ ਨਿਰੰਕਾਰੀ ਮਿਸ਼ਨ ਦੀਆਂ ਦੇਸ਼ ਭਰ ਵਿੱਚ 99 ਜ਼ੋਨਾਂ ਦੀਆਂ ਲਗਭਗ ਸਾਰੀਆਂ ਸ਼ਾਖਾਵਾਂ ਵਿਚ ਹੀ ਅੱਜ ਤੋਂ ਖੂਨਦਾਨ ਦੀ ਮੁਹਿੰਮ ਚਲਾਈ ਗਈ ਹੈ, ਜੋ ਕਿ ਪੂਰਾ ਸਾਲ ਚੱਲੇਗੀ। ਉਨ੍ਹਾਂ ਦੱਸਿਆ ਕਿ ਸਤਿਗੁਰੂ ਬਾਬਾ ਹਰਦੇਵ ਜੀ ਮਹਾਰਾਜ ਦੇ ਪ੍ਰੇਰਨਾ ਦਾਇਕ ਸੰਦੇਸ਼ ‘‘ਲਹੂ ਨਾੜੀਆਂ ਵਿਚ ਵਗੇ, ਨਾਲੀਆਂ ਵਿਚ ਨਹੀਂ’’ ਰਾਹੀਂ ਸਮੂਹ ਸੰਗਤਾਂ ਨੂੰ ਇਕ ਨਵੀਂ ਸਕਰਾਤਮਕ ਸੇਧ ਮਿਲਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਿਸ਼ਨ ਵੱਲੋਂ ਮਾਨਵਤਾ ਦੇ ਕਲਿਆਣ ਅਤੇ ਸਮਾਜ ਦੀ ਉਨਤੀ ਲਈ ਕਈ ਭਲਾਈ ਸਕੀਮਾਂ ਚਲਾਈਆਂ ਗਈਆਂ ਹਨ, ਜਿੰਨ੍ਹਾਂ ਵਿੱਚ ਸਾਦੇ ਵਿਆਹ, ਨਸ਼ਾ ਮੁਕਤੀ, ਸਫ਼ਾਈ ਅਭਿਆਨ, ਪੌਦੇ ਲਗਾਉਣਾ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਆਦਿ ਹਨ। ਕੈਂਪ ਦੌਰਾਨ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਇੰਚਾਰਜ ਡਾਕਟਰ ਰੀਤਿਕਾ ਗਰਗ ਅਤੇ ਉਨ੍ਹਾਂ ਦੀ ਸਹਿਯੋਗੀ ਟੀਮ ਨੇ ਦੱਸਿਆ ਕਿ ਅੱਜ ਦੇ ਇਸ ਖੂਨਦਾਨ ਕੈਂਪ ਵਿੱਚ 150 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ। ਖੂਨਦਾਨ ਕੈਂਪ ਦੌਰਾਨ ਸੰਤ ਨਿਰੰਕਾਰੀ ਮੰਡਲ ਦੇ ਵੱਖ-ਵੱਖ ਅਹੁਦੇਦਾਰਾਂ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੂੰ ਇੱਕ ਯਾਦਗਾਰ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਕੱਤਰ ਰੈਡ ਕਰਾਸ ਸ੍ਰੀ ਦਰਸ਼ਨ ਕੁਮਾਰ, ਨਿਰੰਕਾਰੀ ਮਿਸ਼ਨ ਦੇ ਖੇਤਰੀ ਸੰਚਾਲਕ ਅਵਤਾਰ ਸਿੰਘ, ਸੰਚਾਲਕ ਬਲਦੇਵ ਸਿੰਘ, ਕ੍ਰਿਸ਼ਨ ਕਟਿਆਲ, ਨਿਰੰਕਾਰੀ ਮਿਸ਼ਨ ਗੋਨਿਆਣਾ ਦੇ ਮੁਖੀ ਰਾਮ ਪ੍ਰਕਾਸ਼, ਸ੍ਰੀ ਨਰੇਸ਼ ਪਠਾਣੀਆਂ ਤੋਂ ਇਲਾਵਾ ਸਮੂਹ ਸਾਧ ਸੰਗਤ ਹਾਜ਼ਰ ਸੀ।
ਖੂਨਦਾਨ ਕਰਕੇ ਬਚਾਈ ਜਾ ਸਕਦੀ ਹੈ ਅਣਮੁੱਲੀ ਜਾਨ : ਸ਼ੌਕਤ ਅਹਿਮਦ ਪਰੇ
9 Views