ਸੁਖਜਿੰਦਰ ਮਾਨ
ਬਠਿੰਡਾ, 2 ਮਈ : ਪਿਛਲੇ 50 ਸਾਲਾਂ ਤੋਂ ਧਾਰਮਕ, ਸਮਾਜਕ ਤੇ ਸਿੱਖਿਆ ਖੇਤਰ ਵਿਚ ਕੰਮ ਕਰ ਰਹੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰ ਬਠਿੰਡਾ ਵੱਲੋਂ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਦੋ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਾਲਜ ਦੇ 125 ਵਿਦਿਆਰਥੀਆਂ ਨੇ ਭਾਗ ਲਿਆ । ਕੈਂਪ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਸ਼ਬਦ ਨਾਲ ਕੀਤੀ ਗਈ। ਇਸ ਤੋਂ ਬਾਅਦ ਪ੍ਰੋਫੈਸਰ ਵੀਰਪਾਲ ਕੌਰ ਵੱਲੋਂ ਸਟੱਡੀ ਸਰਕਲ ਦੇ ਵੀਰਾਂ ਨੂੰ ’ਜੀ ਆਇਆਂ ਨੂੰ’ ਕਿਹਾ ਤੇ ਉਨ੍ਹਾਂ ਦੀ ਜਾਣ ਪਹਿਚਾਣ ਵਿਦਿਆਰਥੀਆਂ ਨਾਲ ਕਰਵਾਈ੍ਟ। ਕੈਂਪ ਦਾ ਪਹਿਲਾ ਸੈਸ਼ਨ ਖੇਤੀਬਾੜੀ ਅਫਸਰ ਤੇ ਸਟੱਡੀ ਸਰਕਲ ਦੇ ਡਾਇਰੈਕਟਰ ਜਰਨਲ ਡਾ. ਅਵਨਿੰਦਰਪਾਲ ਸਿੰਘ ਵੱਲੋਂ ‘ਸਦਾ ਮਨਿ ਚਾਉ’ ਵਿਸ਼ੇ ਬਾਰੇ ਲਿਆ ਗਿਆ। ਇਸ ਮੌਕੇ ਉਨ੍ਹਾਂ ਜਿੱਥੇ ਦੁਨੀਆਂ ਵਿਚ ਵੱਧ ਰਹੇ ਚਿੰਤਾ ਦੇ ਰੋਗ ਬਾਰੇ ਜਾਣਕਾਰੀ ਸਾਂਝੀ ਕੀਤੀ ,ਉਥੇ ਹੀ ਇਸ ਦੇ ਉਪਾਅ ਗੁਰਬਾਣੀ ਦੀਆਂ ਤੁੁਕਾਂ ਰਾਹੀਂ ਦੱਸੇ। ਉਹਨਾਂ ਨਸਲੀ ਭੇਦ ਭਾਵ, ਜਾਤ-ਪਾਤ ਦੇ ਵਿਤਕਰੇ, ਗੁੱਸਾ, ਹੰਕਾਰ ਤਿਆਗ ਕੇ ਉਸ ਵਾਹਿਗੁਰੂ ਦੇ ਹੁਕਮ ਵਿੱਚ ਚਲਦਿਆਂ ਮਿਆਰੀ ਵਿਦਿਆ ਹਾਸਿਲ ਕਰਨ ਅਤੇ ਆਪਣੇ ਨਿਸ਼ਾਨੇ ਮਿਥਕੇ ਮਿਹਨਤ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਆ। ਇਸ ਸੈਸ਼ਨ ਤੋਂ ਬਾਅਦ ਵਿਦਿਆਰਥੀਆਂ ਨੇ ਜਿੰਦਗੀ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਵਿੱਚ ਭਾਗ ਲਿਆ ਤੇ ਵਾਰਤਾਲਾਪ ਦੁਆਰਾ ਆਪਣੇ ਸਵਾਲਾਂ ਦੇ ਜਵਾਬ ਵੀ ਲਏ। ਨੈਤਿਕ ਕਦਰਾਂ ਕੀਮਤਾਂ ਨੂੰ ਦਰਸਾਉਦੀਆਂ ਛੋਟੀਆਂ-ਛੋਟੀਆਂ ਲੱਘੂ ਫਿਲਮਾਂ ਵਿਦਿਆਰਥੀਆਂ ਨੇ ਇੱਕ ਮਨ ਚਿੱਤ ਲਾਕੇ ਦੇਖੀਆਂ। ਕੈਂਪ ਦੇ ਦੂਜੇ ਦਿਨ ਪ੍ਰਮੁੱਖ ਖੇਤੀ ਅਰਥਸ਼ਾਸਤਰੀ ਅਤੇ ਖੇਤਰ ਸਕੱਤਰ ਡਾ. ਗੁਰਜਿੰਦਰ ਸਿੰਘ ਰੋਮਾਣਾ ਵੱਲੋਂ ’ਸੁੱਧ ਆਹਾਰ,ਸੁੱਧ ਵਿਚਾਰ’ ਵਿਚਾਰ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਵਧੀਆ ਜੀਵਨ ਜਿਊਣ ਤੇ ਆਪਣੇ ਵਿਚਾਰਾਂ ਨੂੰ ਤੰਦਰੁਸਤ ਰੱਖਣ ਲਈ ਤੰਦਰੁਸਤ ਸਰੀਰ ਦਾ ਹੋਣਾ ਬਹੁਤ ਜਰੂਰੀ ਹੈ ਜੋ ਸੁੱਧ ਆਹਾਰ ਨਾਲ ਹੀ ਸੰਭਵ ਹੋ ਸਕਦਾ ਹੈ। ਤਕਨੀਕ ਸੈਸ਼ਨ ‘ਸੁਣਿਆ ਅੰਧੇ ਪਾਵਹਿ ਰਾਹੁ’ ਬਾਰੇ ਪ੍ਰੋਫ਼ੈਸਰ ਮਨਿੰਦਰ ਸਿੰਘ ਡਾਇਰੈਕਟਰ ਜਨਰਲ ਪਲੈਨਿੰਗ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਆਪਣੇ ਵਿਚਾਰ ਰੱਖੇ। ਉਹਨਾਂ ਬਾਣੀ ਦਾ ਆਸਰਾ ਓਟ ਲੈ ਕੇ ਆਪਣੇ ਮਿੱਥੇ ਨਿਸਾਨੇ ਸਰ ਕਰਨ ਲਈ ਸੱਚੀ ਸੁੱਚੀ ਕਿਰਤ ਕਰਨ ਦੀ ਸਿਫਾਰਸ਼ ਵਿਦਿਆਰਥੀਆਂ ਨੂੰ ਕੀਤੀ। ਕਾਲਜ ਪ੍ਰਿੰਸੀਪਲ ਡਾ ਕਿਰਨਦੀਪ ਕੌਰ ਵੱਲੋਂ ਸਟੱਡੀ ਸਰਕਲ ਦੇ ਵੀਰਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬਠਿੰਡਾ ਖੇਤਰ ਦੇ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ, ਐਡੀਸਨਲ ਸਕੱਤਰ ਸੁਰਿੰਦਰ ਪਾਲ ਸਿੰਘ ਬੱਲੂਆਣਾ, ਪ੍ਰੋ ਰਮਨਦੀਪ ਅਤੇ ਪ੍ਰੋ ਸੁਖਦੀਪ ਕੌਰ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ। ਕੈਂਪ ਦੇ ਅਖ਼ੀਰ ਵਿਚ ਵਿਦਿਆਰਥੀਆਂ ਨੇ ਕੈਂਪ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਅਜਿਹੇ ਹੋਰ ਕੈਂਪ ਲਾਉੁਣ ਲਈ ਕਿਹਾ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਗਾਇਆ ਸ਼ਖ਼ਸੀਅਤ ਉਸਾਰੀ ਕੈਂਪ
8 Views