ਸੁਖਜਿੰਦਰ ਮਾਨ
ਬਠਿੰਡਾ, 4 ਮਈ : ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਪੁੱਜੇ ਵਾਈਸ ਚਾਂਸਲਰ ਅਰਵਿੰਦ ਸਿੰਘ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਵਿਦਿਆਰਥੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਸਕੱਤਰ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ ਘੁੱਦਾ ਇਲਾਕੇ ਦਾ ਵੱਡਾ ਕਾਲਜ ਹੈ ਤੇ ਇਲਾਕੇ ਦੇ ਵੱਡੀ ਗਿਣਤੀ ਵਿਦਿਆਰਥੀ ਇਸ ਕਾਲਜ ਵਿੱਚ ਪੜ੍ਹਦੇ ਹਨ। ਪ੍ਰੰਤੂ ਕਾਲਜ ਵਿੱਚ ਅਧਿਆਪਨ ਤੇ ਗੈਰ ਅਧਿਆਪਨ ਦੀਆਂ ਖਾਲੀ ਅਸਾਮੀਆਂ ਤੇ ਇਸ ਤੋਂ ਇਲਾਵਾ ਹੋਰ ਲੋੜੀਂਦੇ ਸਾਜ਼ੋ-ਸਾਮਾਨ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਅਨੇਕ ਪ੍ਰਕਾਰ ਦੀਆਂ ਸਮੱਸਿਆਂਵਾਂ ਆਉਂਦੀਆਂ ਹਨ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਕਾਂਸਟੀਚੂਐਂਟ ਕਾਲਜਾਂ ਲਈ ਹਰ ਸਾਲ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ 1.5 ਕਰੋੜ ਦੀ ਗ੍ਰਾਂਟ ਕਾਲਜ ਦੇ ਵਿਕਾਸ ਲਈ ਖਰਚਣੀ ਯਕੀਨੀ ਬਣਾਈ ਜਾਵੇ, ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਤੋਂ ਵਸੂਲੇ ਜਾਂਦੇ ਜੁਰਮਾਨਿਆਂ ਦੀ ਨੀਤੀ ਰੱਦ ਕੀਤੀ ਜਾਵੇ, ਕਾਲਜ ਵਿੱਚ ਐਮ.ਏ. ਦੇ ਨਵੇਂ ਕੋਰਸ ਸ਼ੁਰੂ ਕੀਤੇ ਜਾਣ, ਕਾਲਜ ਵਿੱਚ ਆਡੀਟੋਰੀਅਮ ਬਣਾਇਆ ਜਾਵੇ, ਕਾਲਜ ਵਿੱਚ ਅਧੂਰੀ ਪਈ ਬਿਲਡਿੰਗ ਦੀ ਉਸਾਰੀ ਸ਼ੁਰੂ ਕੀਤੀ ਜਾਵੇ, ਕਾਲਜ ਤੋਂ ਘੁੱਦਾ ਬੱਸ ਸਟੈਂਡ ਤੱਕ ਵਿਦਿਆਰਥੀਆਂ ਦੇ ਆਉਣ-ਜਾਣ ਲਈ ਬੱਸ ਸੇਵਾ ਸ਼ੁਰੂ ਕੀਤੀ ਜਾਵੇ, ਵਿਦਿਆਰਥੀਆਂ ਲਈ ਵਾਹਨ ਪਾਰਕਿੰਗ ਲਈ ਸ਼ੈੱਡ ਉਸਾਰਿਆ ਜਾਵੇ, ਕਾਲਜ ਵਿੱਚ ਲੋੜੀਂਦਾ ਫਰਨੀਚਰ, ਖੇਡਾਂ ਦੇ ਸਾਜ਼ੋ ਸਾਮਾਨ ਉਪਲਬਧ ਕਰਵਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਕਾਲਜ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਪੰਜਾਬ ਸਰਕਾਰ ਨੂੰ ਮੰਗ ਪੱਤਰ ਲਿਖਣ ਦੀ ਮੰਗ ਕੀਤੀ ਗਈ। ਇਸ ਮੌਕੇ ਵਿਦਿਆਰਥੀ ਆਗੂ ਗੁਰਦਾਤ ਸਿੰਘ, ਸੁਮਨ, ਹਰਪ੍ਰੀਤ ਕੌਰ, ਬੀਰਬਲ, ਆਦਿ ਸ਼ਾਮਲ ਸਨ।
Share the post "ਵਿਦਿਆਰਥੀ ਮੰਗਾਂ ਸਬੰਧੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੂੰ ਮੰਗ ਪੱਤਰ ਸੌਂਪਿਆ"