ਸੁਖਜਿੰਦਰ ਮਾਨ
ਬਠਿੰਡਾ, 5 ਮਈ : ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਐਮ ਪੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਵੱਲੋਂ ਮਹਿਲਾਂ ਪਹਿਲਵਾਨਾਂ ਨਾਲ ਕੀਤੀ ਬਦਸਲੂਕੀ ਦੇ ਵਿਰੋਧ ’ਚ ਅੱਜ ਬਠਿੰਡਾ ਜ਼ਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਇਕੱਤਰਕਾ ਕਰਨ ਤੋਂ ਬਾਅਦ ਬ੍ਰਿਜ ਭੂਸਣ ਦਾ ਪੁਤਲਾ ਫ਼ੂਕਿਆ ਗਿਆ। ਇਸ ਦੌਰਾਨ ਸ਼ਹਿਰ ਵਿਚ ਫ਼ਾਈਰ ਬ੍ਰਿਗੇਡ ਚੌਕ ਤੱਕ ਇੱਕ ਰੋਸ ਮਾਰਚ ਵੀ ਕੱਢਿਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਕਾਰਕੁੰਨ ਸ਼ਾਮਲ ਹੋਏ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਸ ਐਮ ਪੀ ਵੱਲੋਂ ਆਪਣੇ ਰਾਜਸੀ ਅਸਰ ਰਸੂਖ ਦੇ ਬਲਬੂਤੇ ’ਤੇ ਮਹਿਲਾਂ ਪਹਿਲਵਾਨਾਂ ਨਾਲ ਕਥਿਤ ਜਿਨਸੀ ਧੱਕੇਸ਼ਾਹੀ ਕੀਤੀ ਗਈ ਅਤੇ ਸਰਕਾਰ ਵਲੋਂ ਉਕਤ ਪ੍ਰਧਾਨ ਦੇ ਵਿਰੁਧ ਕੋਈ ਕਾਰਵਾਈ ਕਰਨ ਦੀ ਬਜਾਏ ਹੁਣ ਇਸ ਘਟਨਾ ਨੂੰ ਦਬਾਉਣ ਲਈ ਪੁਲਿਸ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਜਿਸਤੋਂ ਦੇਸ ਵਿਚ ਵਧ ਰਹੀ ਤਾਨਾਸ਼ਾਹੀ ਨੀਤੀ ਉਜਾਗਰ ਹੋ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਦੇਸ ਲਈ ਨਾਮਣਾ ਖੱਟਣ ਵਾਲੀਆਂ ਇੰਨ੍ਹਾਂ ਮਹਿਲਾਵਾਂ ਨਾਲ ਧੱਕੇਸਾਹੀ ਕਰਨ ਵਾਲੇ ਇਸ ਆਗੂ ਵਿਰੁਧ ਦਿੱਲੀ ਪੁਲਿਸ ਵੱਲੋਂ ਮੁਕੱਦਮਾ ਵੀ ਅਦਾਲਤੀ ਦਖਲ ਨਾਲ ਦਰਜ਼ ਕੀਤੀ ਗਈ ਅਤੇ ਐਫ਼ ਆਈ ਆਰ ਦਰਜ ਹੋਣ ਦੇ ਬਾਵਜੂਦ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਗਿਰਫ਼ਤਾਰ ਨਹੀਂ ਕੀਤਾ ਜਾ ਰਿਹਾ। ਜਿਸਦੇ ਨਾਲ ਕੇਂਦਰ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਤੋਂ ਦੇਸ਼ ਦੇ ਜਮਹੂਰੀ ਢਾਂਚੇ ਨੂੰ ਖਤਰਾ ਖੜ੍ਹਾ ਹੋ ਰਿਹਾ ਹੈ ਅਤੇ ਦੇਸ਼ ਦੇ ਆਮ ਲੋਕਾਂ ਵਿੱਚ ਭਾਰੀ ਰੋਸ ਹੈ। ਅੱਜ ਦੇ ਇਸ ਇਕੱਠ ਨੂੰ ਦਰਸ਼ਨ ਸਿੰਘ ਮੌੜ ਪੈਨਸ਼ਨਰ ਆਗੂ, ਗਗਨਦੀਪ ਸਿੰਘ ਪ੍ਰਧਾਨ ਪ ਸ ਸ ਫ (ਵਿਗਿਆਨਕ), ਭੁਪਿੰਦਰਪਾਲ ਕੌਰ ਪੈਰਾਮੈਡੀਕਲ,ਮੱਖਣ ਖਣਗਵਾਲ,ਲਛਮਣ ਸਿੰਘ ਮਲੂਕਾ ਟੀਚਰ ਹੋਮ, ਪ੍ਰਿੰਸੀਪਲ ਬੱਗਾ ਸਿੰਘ ਜਮਹੂਰੀ ਅਧਿਕਾਰ ਸਭਾ,ਡਾ ਅਜੀਤਪਾਲ ਸਿੰਘ,ਡਾ ਰਮਿੰਦਰ ਸਿੰਘ, ਪ੍ਰਿੰਸੀਪਲ ਸ਼ੁਭ ਪ੍ਰੇਮ, ਮਹਿੰਦਰਪਾਲ ਪੀ ਐਸ ਪੀ ਸੀ ਐਲ,ਸਿਕੰਦਰ ਧਾਲੀਵਾਲ ਡੀ ਐਮ ਐਫ਼, ਜਗਪਾਲ ਸਿੰਘ ਬੰਗੀ ਡੀ ਟੀ ਐਫ਼, ਪ੍ਰਿੰਸੀਪਲ ਰਣਜੀਤ ਸਿੰਘ,ਪਰਮਜੀਤ ਸਿੰਘ ਜੀ ਟੀ ਯੂ,ਸੁਦੀਪ ਐਡਵੋਕੇਟ,ਜਗਮੇਲ ਸਿੰਘ ਲੋਕ ਮੋਰਚਾ, ਭੁਪਿੰਦਰ ਸਿੰਘ ਪੈਰਾਮੈਡੀਕਲ,ਮਿੱਠੂ ਰਾਮ ਪੁਲੀਸ ਪੈਨਸ਼ਨਰ ਆਦਿ ਆਗੂਆਂ ਨੇ ਭਾਗ ਲਿਆ।
Share the post "ਬਠਿੰਡਾ ’ਚ ਇਨਸਾਫ਼ ਪਸੰਦ ਜਥੇਬੰਦੀਆਂ ਨੇ ਰੋਸ ਮਾਰਚ ਕੱਢਣ ਤੋਂ ਬਾਅਦ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦਾ ਪੁਤਲਾ ਫ਼ੂਕਿਆ"