ਕੇਸ ਵਾਲੀ ਜਮੀਨ ਗੁਰਦੂਆਰਿਆਂ ਨੂੰ ਛੱਡੀ, ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲਕਦਮੀ ’ਤੇ ਹੋਇਆ ਲਿਖਤੀ ਸਮਝੋਤਾ
ਸੁਖਜਿੰਦਰ ਮਾਨ
ਬਠਿੰਡਾ, 17 ਮਈ : ਪਿਛਲੇ ਕੁੱਝ ਦਿਨ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਥਿਤ ਗੁਰੂਦੁਆਰਾ ਨਾਨਕਸਰ ਬੁੰਗਾ(ਰਵੀਦਾਸੀਆਂ ਸਿੰਘਾਂ) ਅਤੇ ਗੁਰਦੂਆਰਾ ਬਾਬਾ ਬੀਰ ਸਿੰਘ ਧੀਰ ਸਿੰਘ ਅਤੇ ਇਸਦੇ ਅਧੀਨ ਵਾਹੀਯੋਗ ਜਮੀਨ ’ਤੇ ਕਬਜ਼ੇ ਨੂੰ ਲੈ ਕੇ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਅਤੇ ਦਲਿਤ ਸਮਾਜ ਵਿਚ ਪੈਦਾ ਹੋਇਆ ਟਕਰਾਅ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਸੂਝਬੂਝ ਨਾਲ ਖ਼ਤਮ ਹੋ ਗਿਆ। ਮਸਲੇ ਦੇ ਹੱਲ ਲਈ ਲਗਾਤਰ ਪਿਛਲੇ ਦੋ ਦਿਨਾਂ ਤੋਂ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਅਤੇ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਦੋਨਾਂ ਧਿਰਾਂ ਨਾਲ ਹੋ ਰਹੀਆਂ ਮੀਟਿੰਗਾਂ ਤੋਂ ਬਾਅਦ ਅੱਜ ਆਖ਼ਰਕਾਰ ਸਮਝੋਤਾ ਹੋ ਗਿਆ। ਇਸ ਸਮਝੋਤੇ ਤਹਿਤ ਉਕਤ ਦੋਨਾਂ ਗੁਰਦੂਆਰਾ ਸਾਹਿਬ ਦਾ ਪ੍ਰਬੰਧ ਪਹਿਲਾਂ ਵਾਲੀਆਂ ਕਮੇਟੀਆਂ ਦੇ ਕੋਲ ਹੀ ਰਹੇਗਾ ਤੇ ਨਾਲ ਹੀ ਇੰਨ੍ਹਾਂ ਗੁਰਦੂਆਰਾ ਸਹਿਤ ਕੁੱਲ 15 ਕਨਾਲ 14 ਮਰਲੇ ਜਮੀਨ ਸ਼੍ਰੋਮਣੀ ਕਮੇਟੀ ਵਲੋਂ ਇੰਨ੍ਹਾਂ ਨੂੰ ਛੱਡੀ ਜਾਵੇਗੀ, ਜਦੋਂਕਿ ਇੰਨ੍ਹਾਂ ਗੁਰਦੂਆਰਾ ਸਾਹਿਬ ਕੋਲ ਇਸਤੋਂ ਬਾਅਦ ਬਚਦੀ ਵਾਹੀਯੋਗ ਜਮੀਨ ਹੁਣ ਕਮੇਟੀ ਦੇ ਪ੍ਰਬੰਧਾਂ ਹੇਠ ਹੋਵੇਗੀ। ਇਸ ਸਬੰਧ ਵਿਚ ਦੋਨਾਂ ਧਿਰਾਂ ਵਿਚਕਾਰ ਲਿਖਤੀ ਸਮਝੋਤਾ ਵੀ ਹੋਇਆ, ਜਿਸ ਉਪਰ ਦੋਨਾਂ ਧਿਰਾਂ ਵਲੋਂ ਦਸਖ਼ਤ ਕੀਤੇ ਗਏ। ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਅਸਲ ਵਿਚ ਪਿਛਲੇ 23 ਸਾਲਾਂ ਤੋਂ ਇਸੇ ਜਮੀਨ ਨੂੰ ਲੈ ਕੇ ਹੀ ਅਦਾਲਤਾਂ ਵਿਚ ਕੇਸ ਲੜਿਆ ਜਾ ਰਿਹਾ ਸੀ। ਇਸ ਕੇਸ ਵਿਚ ਪਿਛਲੇ ਦਿਨੀਂ ਸੁਪਰੀਮ ਕੋਰਟ ਵਲੋਂ ਫੈਸਲਾ ਕਮੇਟੀ ਦੇ ਹੱਕ ਵਿਚ ਕਰ ਦਿੱਤਾ ਗਿਆ ਸੀ। ਇਸ ਫੈਸਲੇ ਤਹਿਤ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਦੀ ਜਮੀਨ ਉਪਰ ਕਬਜ਼ਾ ਕਰ ਲਿਆ ਗਿਆ ਸੀ ਜਿਸਦੇ ਵਿਰੋਧ ’ਚ ਉਕਤ ਦੋਨਾਂ ਗੁਰਦੂਆਰਾ ਸਾਹਿਬ ਦੀਆਂ ਕਮੇਟੀਆਂ ਤੋਂ ਇਲਾਵਾ ਦਲਿਤ ਸਮਾਜ ਖੜ੍ਹਾ ਹੋ ਗਿਆ ਸੀ। ਇਸ ਸਬੰਧ ਵਿਚ ਬੀਤੇ ਕੱਲ ਤਲਵੰਡੀ ਸਾਬੋ ਵਿਖੇ ਗੁਰਦੂਆਰਾ ਨਾਨਕਸਰ ਬੂੰਗਾ ਵਿਖੇ ਵੱਡਾ ਇਕੱਠ ਵੀ ਰੱਖਿਆ ਗਿਆ ਸੀ, ਜਿਸ ਵਿਚ ਵਿਸੇਸ ਤੌਰ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੁੱਜੇ ਸਨ, ਜਿੰਨ੍ਹਾਂ ਇਸ ਮਸਲੇ ਦੇ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਵੀ ਕੀਤੀ ਸੀ ਕਿ ਸਿੱਖਾਂ ਦੇ ਇਸ ਅੰਦਰੂਨੀ ਮਸਲੇ ਨੂੰਨਿੱਜੀ ਦਖ਼ਲ ਦੇ ਕੇ ਹੱਲ ਕਰਵਾਉਣ। ਇਸ ਮਸਲੇ ’ਚ ਦਲਿਤ ਆਗੂਆਂ ਦੀ ਬਣੀ 11 ਮੈਂਬਰੀ ਐਕਸ਼ਨ ਕਮੇਟੀ ਨੇ ਵੀ ਐਲਾਨ ਕੀਤਾ ਸੀ ਕਿ ਜੇਕਰ ਅੱਜ ਜਾਣੀ 17 ਮਈ ਤੱਕ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਉਹ 22 ਨੂੰ ‘ਪੰਜਾਬ ਬੰਦ’ ਕਰਨਗੇ। ਇਸ ਮਸਲੇ ਦੇ ਹੱਲ ਲਈ ਅੱਜ ਡੀਸੀ ਤੇ ਐਸ.ਐਸ.ਪੀ ਵਲੋਂ ਪਹਿਲਾਂ ਵਿਵਾਦਤ ਜਗ੍ਹਾਂ ਦਾ ਦੌਰਾ ਵੀ ਕੀਤਾ ਗਿਆ ਸੀ। ਜਿਸਤੋਂ ਬਾਅਦ ਸਥਾਨਕ ਜ਼ਿਲ੍ਹਾ ਕੰਪਲੈਕਸ ਵਿਚ ਲਗਾਤਾਰ ਦੋਨਾਂ ਧਿਰਾਂ ਨਾਲ ਅਲੱਗ ਅਲੱਗ ਮੀਟਿੰਗਾਂ ਕਰਨ ਤੋਂ ਬਾਅਦ ਆਖਰ ਇਕੱਠੀ ਮੀਟਿੰਗ ਕਰਕੇ ਲਿਖ਼ਤੀ ਸਮਝੋਤਾ ਕਰਵਾਇਆ ਗਿਆ। ਇਸਦੀ ਪੁਸ਼ਟੀ ਬਾਅਦ ਵਿਚ ਕੀਤੀ ਪ੍ਰੈਸ ਕਾਨਫਰੰਸ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਅਤੇ ਦੂਜੀ ਧਿਰ ਦੇ ਕੁਲਦੀਪ ਸਿੰਘ ਸਰਦੂਲਗੜ੍ਹ ਸਹਿਤ ਹੋਰਨਾਂ ਮੈਂਬਰਾਂ ਨੇ ਵੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਜੋਗਿੰਦਰ ਕੌਰ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੈਨੇਜ਼ਰ ਰਣਜੀਤ ਸਿੰਘ, ਗੁਰਦੂਆਰਾ ਹਾਜ਼ੀਰਤਨ ਸਾਹਿਬ ਦੇ ਮੈਨੇਜ਼ਰ ਸੁਮੇਰ ਸਿੰਘ ਤੋਂ ਇਲਾਵਾ ਦੂਜੀ ਧਿਰ ਦੇ ਕੁਲਦੀਪ ਸਿੰਘ ਸਰਦੂਲਗ੍ਹੜ, ਜਗਦੀਪ ਸਿੰਘ ਗੋਗੀ, ਕਿਰਨਜੀਤ ਸਿੰਘ ਗਹਿਰੀ, ਜਸਵੀਰ ਸਿੰਘ ਮਹਿਰਾਜ਼, ਨਿਹੰਗ ਸਰਬਜੀਤ ਸਿੰਘ ਆਦਿ ਵੀ ਮੌਜੂਦ ਸਨ।
Share the post "ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਬੁੰਗਾ ਨਾਨਕਸਰ ਦੀ ਜ਼ਮੀਨ ਦੇ ਮਸਲੇ ਦਾ ਹੋਇਆ ਹੱਲ"