ਸੁਖਜਿੰਦਰ ਮਾਨ
ਬਠਿੰਡਾ, 19 ਮਈ: ਸਾਉਣੀ ਦੀਆਂ ਫ਼ਸਲਾਂ ਨਰਮਾ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਬਲਾਕ ਪੱਧਰੀ ਕਿਸਾਨ ਸਿਖਲਾਈ ਕੈੰਪ ਅੱਜ ਪਿੰਡ ਨੇਹੀਆਂਵਾਲਾ ਵਿਖੇ ਲਗਾਇਆ ਗਿਆ। ਕੈੰਪ ਵਿੱਚ ਡਾ ਮੁਖਤਿਆਰ ਸਿੰਘ ਨੇ ਕਿਸਾਨਾਂ ਨੂੰ ਬੇਲੋੜੇ ਖੇਤੀ ਖਰਚੇ ਘਟਾਉਣ ਬਾਰੇ ਅਤੇ ਕੀੜੇਮਾਰ ਦਵਾਈਆ ਦੀ ਬੇਲੋੜੀ ਵਰਤੋਂ ਤੋਂ ਸੁਚੇਤ ਕੀਤਾ। ਡਾ. ਸਰਬਜੀਤ ਸਿੰਘ ਨੇ ਨਰਮੇ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਨਰਮੇ ਦੀਆਂ ਪਰਮਾਣਿਤ ਕਿਸਮਾਂ ਅਤੇ ਬਿਜਾਈ ਦੇ ਸਹੀ ਢੰਗਾਂ ਅਤੇ ਖਾਦ ਖੁਰਾਕ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਨਰਮੇ ਦੇ ਬੀਜ਼ ਉਪਰ ਦਿੱਤੀ ਜਾਣ ਵਾਲੀ 33 ਪ੍ਰਤੀਸ਼ਤ ਸਬਸਿਡੀ ਜੋ 31 ਮਈ ਤੱਕ ਪੋਰਟਲ ਤੇ ਦਰਜ ਹੋਵੇਗੀ ਬਾਰੇ ਕਿਸਾਨਾਂ ਨੂੰ ਵਧੇਰੇ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਡਾ ਹਰਦੀਪ ਸਿੰਘ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਢੁੱਕਵੇ ਸਮੇ, ਬਿਜਾਈ ਦੇ ਢੰਗਾਂ, ਖਾਦ ਖੁਰਾਕ ਅਤੇ ਸਿੰਚਾਈ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਯੂਨੀਵਰਸਿਟੀ ਦੀਆਂ ਸਿਫਰਾਸ਼ ਕਿਸਮਾਂ ਦੀ ਸਿੱਧੀ ਬਿਜਾਈ ਕੀਤੀ ਜਾਵੇ। ਡਾ ਜਸਵਿੰਦਰ ਕੁਮਾਰ ਨੇ ਨਰਮੇ ਦੀ ਫ਼ਸਲ ਵਿੱਚ ਚਿੱਟੀ ਮੱਖੀ ਦੀ ਰੋਕਥਾਮ ਲਈ ਮੂੰਗੀ ਦੀ ਬਿਜਾਈ ਕਰਨ ਤੋਂ ਗ਼ੁਰੇਜ਼ ਕਰਨ ਅਤੇ ਖੇਤਾਂ ਦੇ ਆਲੇ ਦੁਆਲੇ ਤੋਂ ਨਦੀਨਾਂ ਨੂੰ ਨਸ਼ਟ ਕਰਨ ਦੀ ਅਪੀਲ ਕੀਤੀ। ਡਾ ਅਮਨਦੀਪ ਕੌਰ ਨੇ ਕਿਸਾਨਾਂ ਨੂੰ ਮਿਟੀ ਪਾਣੀ ਦੀ ਪਰਖ ਦੇ ਅਧਾਰ ਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਕੈਂਪ ਵਿੱਚ ਤਾਰਾ ਸਿੰਘ, ਸਵਰਨਜੀਤ ਸਿੰਘ, ਗੁਰਮੀਤ ਸਿੰਘ (ਖੇਤੀਬਾੜੀ ਉਪ ਨਿਰੀਖਕ )ਅਤੇ ਪਿੰਡਾ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।
Share the post "ਸਾਉਣੀ ਦੀਆਂ ਫ਼ਸਲਾਂ ਦੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਨੇ ਲਗਾਇਆ ਕਿਸਾਨ ਕੈਂਪ"