ਤਿੰਨ ਮਹੀਨੇ ਪਹਿਲਾਂ 22 ਫ਼ਰਵਰੀ ਨੂੰ ਵਿਜੀਲੈਂਸ ਬਿਉਰੋ ਨੇ ਕੀਤਾ ਸੀ ਗ੍ਰਿਫਤਾਰ
ਵਿਧਾਇਕ ਦਾ ਪ੍ਰਾਈਵੇਟ ਪੀਏ ਰਿਸ਼ਵ ਗਰਗ ਹਾਲੇ ਵੀ ਬਠਿੰਡਾ ਜੇਲ੍ਹ ’ਚ ਬੰਦ
ਸੁਖਜਿੰਦਰ ਮਾਨ
ਬਠਿੰਡਾ, 22 ਮਈ : ਭ੍ਰਿਸਟਾਚਾਰ ਦੇ ਮਾਮਲੇ ਵਿਚ ਲੰਘੀ 22 ਫ਼ਰਵਰੀ ਨੂੰ ਵਿਜੀਲੈਂਸ ਬਿਉਰੋ ਵਲੋਂ ਜੀਰਕਪੁਰ ਦੇ ਨਜਦੀਕ ਗ੍ਰਿਫਤਾਰ ਕੀਤੇ ਗਏ ਵਿਧਾਇਕ ਅਮਿਤ ਰਤਨ ਨੂੰ ਅੱਜ ਤਿੰਨ ਮਹੀਨਿਆਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਜਮਾਨਤ ਮਿਲ ਗਈ ਹੈ। ਜਦੋਂਕਿ ਮਹਿਲਾ ਸਰਪੰਚ ਦੇ ਪਤੀ ਕੋਲੋ ਗ੍ਰਾਂਟਾ ਰਿਲੀਜ਼ ਕਰਵਾਉਣ ਬਦਲੇ ਚਾਰ ਲੱਖ ਰੁਪਏ ਰਿਸਵਤ ਲੈਣ ਵਾਲੇ ਵਿਧਾਇਕ ਦੇ ਪ੍ਰਾਈਵੇਟ ਪੀਏ ਰਿਸਵ ਗਰਗ ਹਾਲੇ ਵੀ ਬਠਿੰਡਾ ਜੇਲ੍ਹ ਵਿਚ ਬੰਦ ਹੈ। ਬਠਿੰਡਾ ਦਿਹਾਤੀ ਹਲਕੇ ਨਾਲ ਸਬੰਧਤ ਵਿਧਾਇਕ ਅਮਿਤ ਰਤਨ ਨੂੰ ਗੈਂਗਸਟਰਾਂ ਕੋਲੋ ਖਤਰਾ ਹੋਣ ਦੇ ਚੱਲਦੇ 2 ਮਾਰਚ ਤੋਂ ਨਿਆਇਕ ਹਿਰਾਸਤ ਤਹਿਤ ਪਟਿਆਲਾ ਜੇਲ੍ਹ ਵਿਚ ਭੇਜਿਆ ਹੋਇਆ ਸੀ। ਜਿਕਰ ਕਰਨਾ ਬਣਦਾ ਹੈ ਕਿ ਵਿਜੀਲੈਂਸ ਬਿਉਰੋ ਵਲੋਂ ਉਕਤ ਵਿਧਾਇਕ ਦੇ ਹਲਕੇ ਅਧੀਨ ਆਉਂਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕਾਕਾ ਦੀ ਸਿਕਾਇਤ ਉਪਰ 16 ਫ਼ਰਵਰੀ ਨੂੰ ਬਠਿੰਡਾ ਦੇ ਸਰਕਟ ਹਾਊਸ ਵਿਚੋਂ ਵਿਧਾਇਕ ਦੇ ਪ੍ਰਾਈਵੇਟ ਪੀਏ ਰਿਸਵ ਗਰਗ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਇਸ ਦੌਰਾਨ ਵਿਧਾਇਕ ਵੀ ਮੌਕੇ ’ਤੇ ਹਾਜ਼ਰ ਸੀ ਪ੍ਰੰਤੂ ਉਸ ਸਮੇਂ ਮੌਕੇ ’ਤੈ ਕੋਈ ਸਬੂਤ ਨਾ ਹੋਣ ਕਾਰਨ ਵਿਧਾਇਕ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਸੀ। ਇਸਤੋਂ ਬਾਅਦ ਸਿਕਾਇਤਕਰਤਾ ਵਲੋਂ ਮੁਹੱਈਆਂ ਕਰਵਾਈਆਂ ਗਈਆਂ ਰਿਕਾਡਿੰਗਾਂ ਤੇ ਹੋਰ ਸਬੂਤਾਂ ਦੇ ਆਧਾਰ ’ਤੇ 22 ਫ਼ਰਵਰੀ ਦੀ ਦੇਰ ਰਾਤ ਨੂੰ ਵਿਧਾਇਕ ਅਮਿਤ ਰਤਨ ਦੀ ਗ੍ਰਿਫਤਾਰੀ ਪਾਈ ਗਈ ਸੀ। ਵੱਡੀ ਗੱਲ ਇਹ ਵੀ ਹੈ ਕਿ ਕੁੱਝ ਦਿਨ ਪਹਿਲਾਂ ਹੀ ਮੋਹਾਲੀ ਦੀ ਫ਼ੋਰੇਂਸਕ ਲੈਬ ਨੇ ਸਿਕਾਇਤਕਰਤਾ ਵਲੋਂ ਵਿਜੀਲੈਂਸ ਨੂੰ ਦਿੱਤੀਆਂ ਰਿਕਾਡਿੰਗਾਂ ਦਾ ਵਿਧਾਇਕ ਦੀ ਅਵਾਜ਼ ਦੇ ਲਏ ਸੈਂਪਲਾਂ ਨਾਲ ਮੇਲ ਹੋ ਗਿਆ ਸੀ।