ਸੁਖਜਿੰਦਰ ਮਾਨ
ਬਠਿੰਡਾ, 25 ਮਈ: ਸਥਾਨਕ ਐਮ.ਐਸ.ਡੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਬੀਤੇ ਕੱਲ 12ਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਅੱਜ ਸਕੂਲ ਪ੍ਰਬੰਧਕਾਂ ਵਲੋਂ ਵਿਸੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਕੂਲ ਦੀ ਵਿਦਿਆਰਥਣ ਸ਼੍ਰੇਆ ਸਿੰਗਲਾ ਨੇ 498/500 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਉਹ ਮਈ 2022 ਵਿੱਚ ਬ੍ਰਾਜ਼ੀਲ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਬੈਡਮਿੰਟਨ ਓਲੰਪਿਕ ਦੀ ਸੋਨ ਤਗਮਾ ਜੇਤੂ ਵੀ ਹੈ। ਸਕੂਲ ਕਮੇਟੀ ਦੇ ਚੇਅਰਮੈਨ ਰਾਜਨ ਗਰਗ ਨੇ ਦਸਿਆ ਕਿ ਸਕੂਲ ਦੇ 159 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਤੇ ਨਤੀਜਾ 100 ਫੀਸਦੀ ਰਿਹਾ ਹੈ। ਇਸ ਵਿਚੋਂ 9 ਵਿਦਿਆਰਥੀਆਂ ਨੇ 90% ਤੋਂ ਵੱਧ, 31 ਵਿਦਿਆਰਥੀਆਂ ਨੇ 85% ਤੋਂ ਵੱਧ ਅਤੇ 54 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਸ਼੍ਰੇਆ ਸਿੰਗਲਾ, ਸਮਨਪ੍ਰੀਤ ਕੌਰ, ਅਭੀ ਸ਼ਰਮਾ, ਕ੍ਰਿਸ਼ੀਕਾ, ਪ੍ਰਾਚੀ ਗੁਪਤਾ, ਅੰਕੁਸ਼, ਵਰੁਣ ਗਰਗ, ਨਿਧੀ ਸ਼ਰਮਾ ਅਤੇ ਹਰਸ਼ਪ੍ਰੀਤ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦੇ ਟਾਪਰ ਰਹੇ ਹਨ। ਇਸ ਮੌਕੇ ਸ਼੍ਰੇਆ ਸਿੰਗਲਾ ਦੇ ਮਾਪਿਆਂ ਨੂੰ ਵੀ ਉਸ ਦੀ ਇਸ ਪ੍ਰਾਪਤੀ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਚੇਅਰਮੈਨ ਰਾਜਨ ਗਰਗ, ਪ੍ਰਿੰਸੀਪਲ ਡਾ: ਸੂਰਜ ਸੇਤੀਆ, ਵਾਈਸ ਪ੍ਰਿੰਸੀਪਲ ਡਾ: ਮਾਧੁਰੀ ਮੁਖੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
Share the post "ਐਮ.ਐਸ.ਡੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ ਸਕੂਲ ਦੇ ਟਾਪਰਾਂ ਨੂੰ ਕੀਤਾ ਸਨਮਾਨਿਤ"