ਸੁਖਜਿੰਦਰ ਮਾਨ
ਬਠਿੰਡਾ, 26 ਮਈ: ਅੱਜ ਸਵੇਰੇ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ, ਜਿੱਥੇ ਜ਼ਿਲ੍ਹੇ ਦੇ ਪਿੰਡ ਜਲਾਲ ਦਾ ਇੱਕ ਵਿਅਕਤੀ ਸੁਵੱਖਤੇ ਹੀ ਆ ਕੇ ਸਿਵਲ ਹਸਪਤਾਲ ਵਿਚ ਸਥਿਤ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਿਆ। ਟੈਂਕੀ ’ਤੇ ਚੜਣ ਵਾਲੇ ਵਿਅਕਤੀ ਦੀ ਪਹਿਚਾਣ ਕੁਲਦੀਪ ਸਿੰਘ ਵਜੋਂ ਹੋਈ। ਜਿਸਦੇ ਵਲੋਂ ਦਾਅਵਾ ਕੀਤਾ ਗਿਆ ਕਿ ਕੁੱਝ ਸਾਲ ਪਹਿਲਾਂ ਜਮੀਨ ਦੇ ਇੱਕ ਮਾਮਲੇ ਵਿਚ ਬਠਿੰਡਾ ਦੇ ਇੱਕ ਵਿਅਕਤੀ ਵਲੋਂ ਅਪਣੇ ਭਰਾ ਨਾਲ ਮਿਲਕੇ 11 ਲੱਖ ਰੁਪਏ ਲਏ ਸਨ ਪ੍ਰੰਤੂ ਬਾਅਦ ਵਿਚ ਨਾਂ ਤਾਂ ਕੰਮ ਕਰਾਇਆ ਤੇ ਨਾਂ ਹੀ ਪੈਸੇ ਵਾਪਸ ਕੀਤੇ। ਇਸਤੋਂ ਬਾਅਦ ਉਸਨੂੰ ਵਿਦੇਸ਼ ਭੇਜਣ ਦਾ ਲਾਰਾ ਲਗਾਇਆ ਪਰ ਇਸਨੂੰ ਵੀ ਪੂਰਾ ਨਹੀਂ ਕੀਤਾ, ਜਿਸਦੇ ਚੱਲਦੇ ਉਸਨੂੰ ਮਜਬੂਰਨ ਪਾਣੀ ਵਾਲੀ ਟੈਂਕੀ ’ਤੇ ਚੜ੍ਹਣ ਲਈ ਮਜਬੂਰ ਹੋਣਾ ਪਿਆ ਹੈ। ਉਧਰ ਇਸ ਮਾਮਲੇ ਦੀ ਜਾਣਕਾਰੀ ਜਦ ਹੀ ਪੁਲਿਸ ਨੂੰ ਲੱਗੀ ਤਾਂ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਵਿਚ ਸਥਿਤ ਪੁਲਿਸ ਚੌਕੀ ਦੇ ਮੁਲਾਜਮ ਪੁੱਜੇ, ਜਿਸਤੋਂ ਬਾਅਦ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਤੇ ਨਾਲ ਹੀ ਡੀਐਸਪੀ ਸਿਟੀ ਵਿਸਵਜੀਤ ਸਿੰਘ ਮਾਨ ਵੀ ਮੌਕੇ ’ਤੇ ਪੁੱਜ ਗਏ। ਇਸ ਦੌਰਾਨ ਪੁਲਿਸ ਅਧਿਕਾਰੀਆਂ ਵਲੋਂ ਉਕਤ ਵਿਅਕਤੀ ਨੂੰ ਮਨਾਉਣ ਦੀ ਕਾਫ਼ੀ ਜਦੋ ਜਹਿਦ ਕੀਤੀ ਗਈ ਪਰ ਉਹ ਇਸ ਗੱਲ ’ਤੇ ਅੜਿਆ ਰਿਹਾ ਕਿ ਜਦ ਤੱਕ ਜਿੰਮੇਵਾਰ ਵਿਅਕਤੀਆਂ ਵਿਰੁਧ ਕਾਰਵਾਈ ਨਹੀਂ ਹੁੰਦੀ ਜਾਂ ਫ਼ਿਰ ਉਹ ਉਸਦੇ ਪੈਸੇ ਵਾਪਸ ਨਹੀਂ ਕਰਦੇ ਉਹ ਉਪਰ ਹੀ ਰਹੇਗਾ ਤੇ ਜੇਕਰ ਪੁਲਿਸ ਨੇ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਪਰੋਂ ਛਾਲ ਮਾਰ ਦੇਵੇਗਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਈ ਘੰਟਿਆਂ ਦੀ ਗੱਲਬਾਤ ਤੋਂ ਬਾਅਦ ਆਖ਼ਰਕਾਰ ਦੋਨਾਂ ਧਿਰਾਂ ਵਿਚਕਾਰ ਸਮਝੋਤਾ ਹੋ ਗਿਆ, ਜਿਸਦੀ ਲਿਖਤ ਕਰਕੇ ਪੁਲਿਸ ਨੂੰ ਵੀ ਦਿੱਤੀ ਗਈ।