ਸੁਖਜਿੰਦਰ ਮਾਨ
ਬਠਿੰਡਾ , 30 ਮਈ: ਅੱਜ ਦੁਪਿਹਰ ਬਠਿੰਡਾ ਸ਼ਹਿਰਦੇ ਮਾਡਲ ਟਾਉੂਨ ਇਲਾਕੇ ’ਚ ਫ਼ੌਜੀ ਛਾਉਣੀ ਦੇ ਨਾਲ ਬਣੀਆਂ ਵਾਟਰ ਬਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਵਿਚ ਨਹਾਉਣ ਲਈ ਗਏ ਦੋ ਮਾਸੂਮ ਬੱਚਿਆਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਬੱਚੇ ਸਥਾਨਕ ਧੋਬੀਆਣਾ ਬਸਤੀ ਦੇ ਰਹਿਣ ਵਾਲੇ ਸਨ। ਦੋਨਾਂ ਦੀ ਪਹਿਚਾਣ ਗੁਰਦਿੱਤ ਸਿੰਘ (14 ਸਾਲ) ਪੁੱਤਰ ਹਰਜੀਤ ਸਿੰਘ ਅਤੇ ਬਾਬੂ (8 ਸਾਲ) ਪੁੱਤਰ ਸੋਨੂੰ ਦੇ ਤੌਰ ’ਤੇ ਹੋਈ ਹੈ।ਬੱਚਿਆਂ ਦੇ ਡੁੱਬਣ ਦਾ ਪਤਾ ਚੱਲਦੇ ਹੀ ਨੌਜਵਾਨ ਵੈਲਫ਼ੇਅਰ ਸੰਸਥਾ ਦੀ ਟੀਮ ਵਲੋਂ ਬੱਚਿਆਂ ਨੂੰ ਸਥਾਨਕ ਲੋਕਾਂ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ, ਜਿਸਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ। ਬਾਬੂ ਦੇ ਪਿਤਾ ਸੋਨੂੰ ਨੇ ਸਥਾਨਕ ਸਿਵਲ ਹਸਪਤਾਲ ਵਿਚ ਦੁਖੀ ਮਨ ਨਾਲ ਦਸਿਆ ਕਿ ਦੁਪਿਹਰ ਕਰੀਬ ਦੋ ਵਜੇਂ ਤਿੰਨ ਬੱਚੇ ਘਰੋਂ ਗਏ ਸਨ ਪ੍ਰੰਤੂ ਕਰੀਬ ਇੱਕ ਘੰਟੇ ਬਾਅਦ ਇੱਕ ਬੱਚੇ ਨੇ ਵਾਪਸ ਆ ਕੇ ਦਸਿਆ ਕਿ ਉਸਦੇ ਨਾਲ ਦੇ ਦੋਨੋਂ ਬੱਚੇ ਪਾਣੀ ਵਿਚ ਡੁੱਬ ਗਏ ਹਨ। ਵੱਡੀ ਗੱਲ ਇਹ ਵੀ ਹੈ ਕਿ ਦੋਨਾਂ ਬੱਚਿਆਂ ਦੇ ਕੱਪੜੇ ਪਹਿਨੇ ਹੋਏ ਸਨ ਭਾਵ ਅਜਿਹਾ ਨਹੀਂ ਜਾਪ ਰਿਹਾ ਕਿ ਉਹ ਨਹਾਉਣ ਲਈ ਹੀ ਡਿੱਗੀ ਵਿਚ ਉਤਰੇ ਸਨ। ਬਹਰਹਾਲ ਪੁਲਿਸ ਵਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬਾਕਸ
ਬਜੁਰਗ ਨੇ ਪਿੰਡ ਦੇ ਛੱਪੜ ’ਚ ਛਾਲ ਮਾਰ ਕੇ ਕੀਤੀ ਖ਼ੁਦਕਸ਼ੀ
ਬਠਿੰਡਾ: ਉਧਰ ਨਜਦੀਕੀ ਪਿੰਡ ਭੁੱਚੋਂ ਕਲਾਂ ਦੇ ਛੱਪੜ ਵਿਚ ਬੀਤੀ ਸ਼ਾਮ ਇੱਕ ਬਜੁਰਗ ਵਲੋਂ ਛਾਲ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬਜੁਰਗ ਦੀ ਪਹਿਚਾਣ ਤੇਜਾ ਸਿੰਘ (78) ਦੇ ਤੌਰ ’ਤੇ ਹੋਈ ਹੈ, ਜੋਕਿ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦਸਿਆ ਜਾ ਰਿਹਾ ਸੀ। ਨੌਜਵਾਨ ਸੁਸਾਇਟੀ ਦੇ ਮੈਂਬਰਾਂ ਮੁਤਾਬਕ ਇਹ ਬਜੁਰਗ ਬੀਤੇ ਕੱਲ ਦੁਪਿਹਰ ਤੋਂ ਗਾਇਬ ਸੀ ਤੇ ਪਿਛਲੇ ਸਾਲ ਵੀ ਇਸਨੇ ਛੱਪੜ ਵਿਚ ਛਾਲ ਮਾਰ ਦਿੱਤੀ ਸੀ ਪ੍ਰੰਤੂ ਪਿੰਡ ਦੇ ਲੋਕਾਂ ਨੇ ਬਚਾਅ ਲਿਆ ਸੀ। ਜਿਸਦੇ ਚੱਲਦੇ ਸੰਸਥਾ ਵਲੋਂ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਉਸਨੂੰ ਛੱਪੜ ਵਿਚ ਹੀ ਲੱਭਿਆ ਗਿਆ ਤੇ ਦੇਰ ਸ਼ਾਮ ਉਸਦੀ ਲਾਸ ਬਰਾਮਦ ਹੋ ਗਈ। ਘਟਨਾ ਦਾ ਪਤਾ ਚੱਲਦੇ ਹੀ ਥਾਣਾ ਕੈਂਟ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਸੀ।
ਬਠਿੰਡਾ ’ਚ ਵਾਟਰ ਬਕਸ ਦੀ ਟੈਂਕੀ ’ਚ ਡੁੱਬਣ ਕਾਰਨ ਦੋ ਬੱਚਿਆਂ ਦੀ ਹੋਈ ਮੌਤ
27 Views