ਬੈਰਕਾਂ ’ਚ ਟੈਲੀਵੀਯਨ ਲਗਾਉਣ ਤੇ ਫ਼ੋਨ ’ਤੇ ਗੱਲ ਕਰਨ ਦਾ ਸਮਾਂ ਵਧਾਉਣ ਦੀ ਕੀਤੀ ਜਾ ਰਹੀ ਹੈ ਮੰਗ
ਤੀਜ਼ੀ ਵਾਰ ਕੀਤੀ ਹੈ ਹੜਤਾਲ, ਜੇਲ੍ਹ ਵਿਭਾਗ ਨੇ ਟੈਲੀਵੀਯਨ ਲਗਾਉਣ ਲਈ ਬਣਾਈ ਕਮੇਟੀ
ਸੁਖਜਿੰਦਰ ਮਾਨ
ਬਠਿੰਡਾ, 3 ਜੂਨ: ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਹਾਈ ਸਕਿਊਰਟੀ ਜੋਨ ਵਿਚ ਬੰਦ ਸੂਬੇ ਦੇ ਚਾਰ ਦਰਜ਼ਨ ਤੋਂ ਵਧ ਗੈਂਗਸਟਰਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਲੰਘੀ 15 ਮਈ ਨੂੰ ਜੇਲ੍ਹ ਅਧਿਕਾਰੀਆਂ ਵਲੋਂ 30 ਮਈ ਤੱਕ ਮੰਗਾਂ ਪੂਰੀਆਂ ਕਰਨ ਦੇ ਦਿੱਤੇ ਭਰੋਸੇ ਨੂੰ ਪੂਰਾ ਨਾ ਕਰਨ ਦੇ ਰੋਸ਼ ਵਜੋਂ ਇੰਨ੍ਹਾਂ ਗੈਂਗਸਟਰਾਂ ਵਲੋਂ ਹੁਣ 1 ਜੂਨ ਤੋਂ ਤੀਜ਼ੀ ਵਾਰ ਇਹ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਇਸਤੋਂ ਇਲਾਵਾ ਲੰਘੀ 10 ਮਈ ਤੋਂ 15 ਮਈ ਤੱਕ ਭੁੱਖ ਹੜਤਾਲ ਕੀਤੀ ਗਈ ਸੀ, ਜਿਸਨੂੰ ਬਠਿੰਡਾ ਦੀ ਏਡੀਸੀ ਮੈਡਮ ਪੱਲਵੀ ਅਤੇ ਐਸ.ਪੀ ਅਜੈ ਗਾਂਧੀ ਦੀ ਅਗਵਾਈ ਹੇਠ ਬਣੀ ਟੀਮ ਨੇ ਖ਼ਤਮ ਕਰਵਾਇਆ ਸੀ। ਇੱਕ ਵਾਰ ਅਪ੍ਰੈਲ ਮਹੀਨੇ ਵਿਚ ਵੀ ਇੰਨ੍ਹਾਂ ਵਲੋਂ ਭੁੱਖ ਹੜਤਾਲ ਕੀਤੀ ਸੀ। ਉਧਰ ਹੁਣ ਭੁੱਖ ਹੜਤਾਲ ’ਤੇ ਬੈਠੇ ਗੈਂਗਸਟਰਾਂ ਨੇ ਐਲਾਨ ਕੀਤਾ ਹੈ ਕਿ ਉਹ ਅਪਣੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਤੋਂ ਬਾਅਦ ਹੀ ਹੜਤਾਲ ਖ਼ਤਮ ਕਰਨਗੇ। ਇਹ ਵੀ ਪਤਾ ਚੱਲਿਆ ਹੈ ਕਿ ਸੂਬੇ ਦੇ ਜੇਲ੍ਹ ਵਿਭਾਗ ਵਲੋਂ ਇੰਨ੍ਹਾਂ ਹੜਤਾਲੀ ਗੈਂਗਸਟਰਾਂ ਦੇ ਮਾਮਲੇ ਨੂੰ ਹੱਲ ਕਰਨ ਲਈ ਜੇਲ੍ਹ ਵਿਭਾਗ ਦੇ ਆਈ.ਜੀ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਈ ਗਈ ਹੈ, ਜਿਸਦੇ ਵਲੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਗੈਂਗਸਟਰਾਂ ਦੀਆਂ ਬੈਰਕਾਂ ਦੇ ਵਿਚ ਟੈਲੀਵੀਯਨ ਲਗਾਉਣ ਦਾ ਭਰੋਸਾ ਦਿੱਤਾ ਹੈ। ਪਤਾ ਚੱਲਿਆ ਹੈ ਕਿ ਇਸ ਕਮੇਟੀ ਵਲੋਂ ਟੀਵੀ ਦੀ ਖ਼ਰੀਦ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਨਿਯਮਾਂ ਮੁਤਾਬਕ ਹਾਈ ਸਕਿਉਰਟੀ ਜੋਨ ਵਿਚ ਬੰਦ ਅਪਰਾਧੀਆਂ ਨੂੰ ਇਹ ਸਹੂਲਤ ਦਿੱਤੀ ਜਾ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਜੇਲ੍ਹ ਦੇ ਹਾਈ ਸਕਿਊਰਟੀ ਜੋਨ ਵਿਚ ਕੁੱਲ 30 ਸੈੱਲ ਅਤੇ 5 ਬੈਰਕਾਂ ਬਣੀਆਂ ਹੋਈਆਂ ਹਨ। ਜੇਲ੍ਹ ਅਧਿਕਾਰੀਆਂ ਦੀ ਕਮੇਟੀ ਵਲੋਂ ਇੰਨ੍ਹਾਂ ਪੰਜਾਂ ਬੈਰਕਾਂ ਵਿਚ ਟੈਲੀਵੀਯਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੜਤਾਲ ’ਤੇ ਬੈਠੇ ਗੈਂਗਸਟਰਾਂ ਵਲੋਂ ਹਰ ਸੈੱਲ ਵਿਚ ਟੈਲੀਵੀਯਨ ਦੀ ਮੰਗ ਕੀਤੀ ਜਾ ਰਹੀ ਹੈ, ਜਿੱਥੇ ਉਨ੍ਹਾਂ ਨੂੰ ਇਕੱਲੇ-ਇਕੱਲੇ ਨੂੰ ਬੰਦ ਕਰਕੇ ਰੱਖਿਆ ਜਾਂਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜੇਲ੍ਹ ਅੰਦਰ ਨਿਯਮਾਂ ਦੇ ਉਲਟ ਜਾ ਕੇ ਉਨ੍ਹਾਂ ਨੂੰ ਮਿਲੇ ਹੋਏ ਮਨੁੱਖੀ ਅਧਿਕਾਰਾਂ ਨੂੰ ਵੀ ਖ਼ਤਮ ਕੀਤਾ ਜਾ ਰਿਹਾ। ਇਸ ਮਾਮਲੇ ਵਿਚ ਕਈ ਵਾਰ ਕੋਸ਼ਿਸ ਕਰਨ ਦੇ ਬਾਵਜੂਦ ਜੇਲ੍ਹ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ।
ਬਾਕਸ
ਕੀ ਹਨ ਗੈਂਗਸਟਰਾਂ ਦੀਆਂ ਮੰਗਾਂ
ਬਠਿੰਡਾ: ਭੁੱਖ ਹੜਤਾਲ ’ਤੇ ਬੈਠੇ ਇੰਨ੍ਹਾਂ ਗੈਂਗਸਟਰਾਂ ਵਲੋਂ ਜੇਲ੍ਹ ਅੰਦਰ ਬਣੇ ਹਾਈ ਸਕਿਉਰਟੀ ਜੋਨ ਦੇ ਹਰੇਕ ਸੈੱਲ ਅੰਦਰ ਟੈਲੀਵੀਯਨ ਲਗਾਉਣ ਤੋਂ ਇਲਾਵਾ ਜੇਲ੍ਹ ਅੰਦਰੋਂ ਟੈਲੀਫ਼ੋਨ ਰਾਹੀਂ 10 ਮਿੰਟ ਅਪਣੇ ਪ੍ਰਵਾਰ ਤੇ ਵਕੀਲ ਨਾਲ ਗੱਲਬਾਤ ਕਰਨ ਦੀ ਦਿੱਤੀ ਜਾ ਰਹੀ ਸਹੂਲਤ ਨੂੰ ਵਧਾ ਕੇ 15 ਮਿੰਟ ਕਰਨ ਅਤੇ ਗੱਲ ਵਾਲੇ ਵਿਅਕਤੀਆਂ ਦੀ ਲਿਸਟ ਵੀ 5 ਤੋਂ ਵਧਾ ਕੇ 10 ਕਰਨ ਲਈ ਕਿਹਾ ਜਾ ਰਿਹਾ। ਇਸੇ ਤਰ੍ਹਾਂ ਇੱਕ ਹੋਰ ਮੰਗ ਵਿਚ ਇੰਨ੍ਹਾਂ ਨੂੰ ਹਫ਼ਤੇ ’ਚ ਜੇਲ੍ਹ ਦੇ ਕੰਟੀਨ ਵਿਚੋਂ ਸਮਾਨ ਖ਼ਰੀਦਣ ਲਈ 1500 ਰੁਪਏ ਖਰਚਣ ਦੀ ਦਿੱਤੀ ਸਹੂਲਤ ਨੂੰ ਵਧਾ ਕੇ 2500 ਰੁਪਏ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜੇਲ੍ਹ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਤੇ ਹਰਿਆਣਾ ਵਿਚ ਕੈਦੀਆਂ ਤੇ ਹਵਾਲਾਤੀਆਂ ਨੂੰ ਅਪਣੇ ਪ੍ਰਵਾਰ ਤੇ ਵਕੀਲ ਨਾਲ ਗੱਲਬਾਤ ਕਰਨ ਲਈ ਪਹਿਲਾਂ ਹੀ ਸਭ ਤੋਂ ਵਧ 10-10 ਮਿੰਟ ਦਾ ਸਮਾਂ ਦਿੱਤਾ ਜਾ ਰਿਹਾ, ਜਦੋਂਕਿ ਦਿੱਲੀ ਅਤੇ ਕਈ ਹੋਰ ਸੂਬਿਆਂ ਵਿਚ ਇਹ ਸਮਾਂ ਸਿਰਫ਼ 5 ਮਿੰਟ ਦਾ ਹੀ ਹੈ।
ਬਾਕਸ
ਬਠਿੰਡਾ ਜੇਲ੍ਹ ਵਿਚ ਪੰਜਾਬ ਦੇ ਖ਼ਤਰਨਾਕ ਗੈਂਗਸਟਰ ਹਨ ਬੰਦ
ਬਠਿੰਡਾ: ਦਸਣਾ ਬਣਦਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਪੂਰੇ ਪੰਜਾਬ ਦੀਆਂ ਜੇਲ੍ਹਾਂ ਵਿਚੋਂ ਲਿਆ ਕੇ ਸੂਬੇ ਦੇ ਖ਼ਤਰਨਾਕ ਮੰਨੇ ਜਾਂਦੇ ਏ, ਬੀ ਅਤੇ ਸੀ ਕੈਟਾਗਿਰੀ ਦੇ ਗੈਂਗਸਟਰਾਂ ਨੂੰ ਬਠਿੰਡਾ ਜੇਲ੍ਹ ਦੇ ਹਾਈ ਸਕਿਊਰਟੀ ਜੋਨ ਵਿਚ ਬੰਦ ਕੀਤਾ ਗਿਆ ਸੀ। ਇਸ ਦੌਰਾਨ ਕਈ ਵਾਰ ਇੰਨ੍ਹਾਂ ’ਚ ਆਪਸੀ ਗਰੁੱਪਬਾਜ਼ੀ ਕਾਰਨ ਖ਼ਤਰਨਾਕ ਲੜਾਈਆਂ ਵੀ ਹੋ ਚੁੱਕੀਆਂ ਹਨ। ਜਿਸਦੇ ਚੱਲਦੇ ਹਰੇਕ ਗਰੁੱਪ ਨੂੰ ਜੇਲ੍ਹ ਪ੍ਰਸ਼ਾਸਨ ਵਲੋਂ ਜੋਨ ਦੀਆਂ ਅਲੱਗ ਅਲੱਗ ਬੈਰਕਾਂ ਵਿਚ ਰੱਖਿਆਂ ਜਾਂਦਾ ਹੈ। ਇੰਨ੍ਹਾਂ ਖ਼ਤਰਨਾਕ ਗੈਂਗਸਟਰਾਂ ਵਿਚ ਜੱਗੂ ਭਗਵਾਨੀਆਂ ਪੁਰੀਆਂ, ਗੁਰਪ੍ਰੀਤ ਸੇਖੋ, ਸਾਰਜ ਮਿੰਟੂ, ਦਿਲਪ੍ਰੀਤ ਬਾਬਾ ਆਦਿ ਸਹਿਤ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮਾਸਟਰਮਾਈਡ ਲਾਰੇਂਸ ਬਿਸਨੋਈ ਵੀ ਇੱਥੇ ਹੀ ਬੰਦ ਸੀ, ਜਿਸਨੂੰ ਕੁੱਝ ਦਿਨ ਪਹਿਲਾਂ ਐਨ.ਆਈ.ਏ ਦੀ ਟੀਮ ਲੈ ਕੇ ਗਈ ਸੀ।
Share the post "ਬਠਿੰਡਾ ਜੇਲ੍ਹ ’ਚ ਬੰਦ ਚਾਰ ਦਰਜ਼ਨ ਗੈਂਗਸਟਰਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਮੁੜ 1 ਜੂਨ ਤੋਂ ਭੁੱਖ ਹੜਤਾਲ ਸ਼ੁਰੂ"