ਅਦਾਲਤ ਨੇ ਸੰਦੀਪ ਪਾਠਕ, ਰਜਿੰਦਰ ਕਾਲੀਆ ਤੇ ਅਸਵਨੀ ਸ਼ੁਕਲਾ ਨੂੰ ਭੇਜਿਆ ਜੇਲ੍ਹ
ਸੁਖਜਿੰਦਰ ਮਾਨ
ਬਠਿੰਡਾ, 7 ਜੂਨ: ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਚਰਚਿਤ ਖਾਲਿਸਤਾਨੀ ਆਗੂ ਗੁਰਪੰਤਵੰਤ ਪੰਨੂੰ ਦੀ ਸੰਸਥਾ ਸਿੱਖਜ਼ ਫ਼ਾਰ ਜਸਟਿਸ ਦੇ ਸ਼ਹਿਰ ਵਿਚ ਪੋਸਟਰ ਲਗਾ ਕੇ ਦੋ ਫ਼ਿਰਕਿਆਂ ਵਿਚ ਬਦਅਮਨੀ ਪੈਦਾ ਕਰਨ ਦੀ ਸਾਜਸ਼ ਰਚਣ ਵਾਲੇ ਕਥਿਤ ਹਿੰਦੂ ਆਗੂ ਸੰਦੀਪ ਪਾਠਕ ਨੂੰ ਬਠਿੰਡਾ ਪੁਲਿਸ ਨੇ ਉਸਦੇ ਦੋ ਸਾਥੀਆਂ ਸਹਿਤ ਗ੍ਰਿਫਤਾਰ ਕਰ ਲਿਆ ਹੈ। ਉਸਦੇ ਵਿਰੁਧ 28 ਫ਼ਰਵਰੀ ਨੂੰ ਖਾਲਿਸਤਾਨੀ ਸਮਰਥਕਾਂ ਦੇ ਪੋਸਟਰ ਨਾ ਲਗਾਉਣ ਦੇ ਦੋਸ਼ਾਂ ਹੇਠ ਪੁਲਿਸ ਵਲੋਂ ਥਾਣਾ ਸਿਵਲ ਲਾਈਨ ਵਿਚ ਪਹਿਲਾਂ ਹੀ ਮੁਕੱਦਮਾ ਨੰਬਰ 51 ਅਧੀਨ ਧਾਰਾ 342, 323,506 ਅਤੇ 34 ਆਈ.ਪੀ.ਸੀ ਤਹਿਤ ਕੇਸ ਦਰਜ਼ ਕੀਤਾ ਹੋਇਆ ਸੀ ਪ੍ਰੰਤੂ ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਆਈ.ਪੀ.ਸੀ ਦੀ ਧਾਰਾ 153ਏ ਅਤੇ 116 ਵੀ ਲਗਾਈ ਹੈ। ਪਿਛਲੇ ਕੁੱਝ ਸਾਲਾਂ ਤੋਂ ਇਸ ਆਗੂ ਵਲੋਂ ਲਗਾਤਾਰ ਇੱਕ ਧਾਰਮਿਕ ਫ਼ਿਰਕੇ ਦੇ ਵਿਰੁਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੇ ਜਿਸਦੇ ਚੱਲਦੇ ਉਸਨੂੂੰ ਤਿੰਨ ਗੰਨਮੈਨ ਵੀ ਦਿੱਤੇ ਹੋਏ ਸਨ ਜਦੋਂ ਕਿ ਉਸਦੇ ਨਾਲ ਗ੍ਰਿਫਤਾਰ ਕੀਤੇ ਰਜਿੰਦਰ ਕਾਲੀਆ ਤੇ ਅਸਵਨੀ ਸੁਕਲਾ ਨੂੰ ਵੀ ਦੋ -ਦੋ ਗੰਨਮੈਂਨ ਮਿਲੇ ਹੋਏ ਸਨ। ਉਕਤ ਮੁਜਰਮਾਂ ਦੇ ਵਿਰੁਧ ਸ਼ਹਿਰ ਦੇ ਇੱਕ ਹਿੰਦੂ ਆਗੂ ਸੁਸੀਲ ਜਿੰਦਲ ਨੇ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਸੀ ਕਿ ਇੰਨ੍ਹਾਂ ਨੇ 24 ਫ਼ਰਵਰੀ 2023 ਨੂੰ ਉਸਨੂੰ ਅਪਣੇ ਚੰਦਸਰ ਬਸਤੀ ਸਥਿਤ ਦਫ਼ਤਰ ’ਚ ਬੁਲਾ ਕੇ ਅਖੌਤੀ ਖ਼ਾਲਿਸਤਾਨੀ ਆਗੂ ਗੁਰਪਤਵੰਤ ਪੰਨੂੰ ਦੇ ਪੋਸਟਰ ਉਸਦੇ ਘਰ ਅਤੇ ਦਫ਼ਤਰ ਦੇ ਆਸਪਾਸ ਲਗਾਉਣ ਲਈ ਕਿਹਾ ਸੀ ਤਾਂ ਕਿ ਉਸਨੂੰ ਹੋਰ ਪੁਲਿਸ ਸੁਰੱਖਿਆ ਮਿਲ ਸਕੇ। ਸੁਸੀਲ ਜਿੰਦਲ ਨੂੰ ਇਸਦੇ ਬਦਲੇ ਦੋ ਲੱਖ ਰੁਪਏ ਦਾ ਲਾਲਚ ਵੀ ਦਿੱਤਾ ਗਿਆ ਸੀ ਪ੍ਰੰਤੂ ਉਸਦੇ ਵਲੋਂ ਮਨ੍ਹਾਂ ਕਰਨ ‘ਤੇ ਮੁਜਰਮਾਂ ਨੇ ਉਸਦੀ ਕੁੱਟਮਾਰ ਕਰ ਦਿੱਤੀ। ਪੁਲਿਸ ਵਲੋਂ ਚਾਰ ਦਿਨਾਂ ਦੀ ਜਾਂਚ ਤੋਂ ਬਾਅਦ ਇਹ ਪਰਚਾ ਦਰਜ਼ ਕੀਤਾ ਗਿਆ ਸੀ ਤੇ ਹੁਣ ਕਰੀਬ ਸਾਢੇ ਤਿੰਨ ਮਹੀਨਿਆਂ ਤੋਂ ਬਾਅਦ ਬੀਤੀ ਬਾਅਦ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਅੱਜ ਇੰਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
Share the post "ਸਿੱਖਜ਼ ਫ਼ਾਰ ਜਸਟਿਸ ਦੇ ਪੋਸਟਰਾਂ ਲਈ ਸਾਥੀ ਦੀ ਕੁੱਟਮਾਰ ਕਰਨ ਵਾਲਾ ਚਰਚਿਤ ਹਿੰਦੂ ਆਗੂ ਪੁਲਿਸ ਵਲੋਂ ਕਾਬੂ"