ਸੁਖਜਿੰਦਰ ਮਾਨ
ਬਠਿੰਡਾ, 8 ਜੂਨ: ਸੂਰਜਮੁਖੀ ਦੀ ਫਸਲ ’ਤੇ ਐੱਮ.ਐੱਸ.ਪੀ ਦੀ ਮੰਗ ਨੂੰ ਲੈ ਕੇ ਸ਼ਾਹਬਾਦ ਵਿਖੇ ਕਿਸਾਨਾਂ ਤੇ ਹਰਿਆਣਾ ਪੁਲਿਸ ਵੱਲੋਂ ਕੀਤਾ ਲਾਠੀਚਾਰਜ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀ ਗ੍ਰਿਫਤਾਰੀ ਨੇ ਜਿੱਥੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਾਜਪਾ ਸਰਕਾਰਾਂ ਪਹਿਲਾਂ ਵੀ ਕਿਸਾਨ ਵਿਰੋਧੀ ਸਨ ਅਤੇ ਹੁਣ ਵੀ ਕਿਸਾਨ ਵਿਰੋਧੀ ਹਨ ਉੱਥੇ ਭਵਿੱਖ ਵਿੱਚ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਉਕਤ ਕਾਰੇ ਦੀ ਵੱਡੀ ਕੀਮਤ ਅਦਾ ਕਰਨੀ ਪਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਪਹਿਲਾਂ ਵੀ ਕੇਂਦਰ ਦੀ ਭਾਜਪਾ ਸਰਕਾਰ ਨੇ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਿਸ ਲੈਣ ਸਮੇਂ ਸੰਯੁਕਤ ਕਿਸਾਨ ਮੋਰਚੇ ਨਾਲ ਵਾਅਦਾ ਕੀਤਾ ਸੀ ਕਿ ਫਸਲਾਂ ਦੀ ਐੱਮ.ਐੱਸ.ਪੀ ਲਈ ਇੱਕ ਕਮੇਟੀ ਗਠਿਤ ਕੀਤੀ ਜਾਵੇਗੀ ਪਰ ਅੱਜ ਤੱਕ ਕਮੇਟੀ ਤਾਂ ਕੀ ਗਠਿਤ ਹੋਣੀ ਸੀ, ਸਗੋਂ ਹੁਣ ਸੂਰਜਮੁਖੀ ’ਤੇ ਐੱਮ.ਐੱਸ.ਪੀ ਮੰਗ ਰਹੇ ਹਰਿਆਣਾ ਦੇ ਕਿਸਾਨਾਂ ’ਤੇ ਤਸ਼ੱਦਦ ਕੀਤਾ ਗਿਆ। ਰਾਮਾਂ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਦੀ ਗ੍ਰਿਫਤਾਰੀ ਮਗਰੋਂ ਧਰਨਾ ਸਥਾਨ ਦੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਪੁੱਜ ਗਏ ਸਨ ਅਤੇ ਹੁਣ ਵੱਡੇ ਪੱਧਰ ’ਤੇ ਕਿਸਾਨਾਂ ਦੇ ਹੱਕ ’ਚ ਮੋਰਚਾ ਲਾਉਣ ਦੀ ਜ਼ਿੰਮੇਵਾਰੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਭਾਲ ਲਈ ਗਈ ਹੈ ।ਸਰੂਪ ਸਿੰਘ ਰਾਮਾ ਨੇ ਕਿਹਾ ਕਿ ਪੰਜਾਬ ਦਾ ਇੱਕ ਇੱਕ ਕਿਸਾਨ ਹਰਿਆਣੇ ਦੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜਾ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਲੀਕੇ ਜਾਣ ਵਾਲੇ ਹਰ ਸੰਘਰਸ਼ ਵਿੱਚ ਬਣਦਾ ਸਾਥ ਦਿੱਤਾ ਜਾਵੇਗਾ।
Share the post "ਕਿਸਾਨਾਂ ’ਤੇ ਲਾਠੀਚਾਰਜ ਤੇ ਚੜੂਨੀ ਦੀ ਗ੍ਰਿਫਤਾਰੀ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਪਵੇਗੀ ਮਹਿੰਗੀ- ਰਾਮਾਂ"