ਸੁਖਜਿੰਦਰ ਮਾਨ
ਬਠਿੰਡਾ, 8 ਜੁਲਾਈ: ਮਾਨਸੂਨ ਦੀ ਅੱਜ ਦੁਪਹਿਰ ਮਾਲਵਾ ਪੱਟੀ ‘ਚ ਹੋਈ ਭਰਵੀਂ ਬਾਰਿਸ਼ ਨੇ ਪੂਰੇ ਇਲਾਕੇ ਨੂੰ ਜਲ ਥਲ ਕਰ ਦਿੱਤਾ। ਸੂਬੇ ਦੇ ਪੰਜਵੇਂ ਮਹਾਂਨਗਰ ਵਜੋਂ ਜਾਣੇ ਜਾਂਦੇ ਬਠਿੰਡਾ ਸ਼ਹਿਰ ਦੀਆਂ ਸੜਕਾਂ ਨੇ ਸਮੁੰਦਰ ਦਾ ਰੂਪ ਧਾਰਨ ਕਰ ਲਿਆ। ਸ਼ਹਿਰ ਦੇ ਵਿਚ ਪਾਣੀ ਕਾਰਨ ਹਾਲਾਤ ਹੜਾਂ ਵਾਲੇ ਹੋ ਗਏ ਤੇ ਨੀਵੇਂ ਇਲਾਕਿਆਂ ਵਿਚ ਕਈ ਥਾਂ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਭਰ ਗਿਆ। ਜਿਸ ਕਾਰਨ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਮੀਂਹ ਕਾਰਨ ਹਲਾਤ ਬਣ ਗਏ। ਉਧਰ ਮਾਨਸੂਨ ਦੀ ਦੂਜੀ ਬਾਰਸ਼ ਨੇ ਹਰ ਸਾਲ ਕਰੋੜਾਂ ਰੁਪਏ ਦਾ ਬਜਟ ਰੱਖਣ ਵਾਲੀ ਬਠਿੰਡਾ ਨਗਰ ਨਿਗਮ ਦੀ ਪੋਲ ਖੋਲ ਕੇ ਰੱਖ ਦਿੱਤੀ। ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਦੇ ਖੇਤਰਾਂ, ਜਿਨ੍ਹਾਂ ਵਿੱਚ ਆਈਜੀ, ਐੱਸਐੱਸਪੀ, ਡਿਪਟੀ ਕਮਿਸ਼ਨਰ, ਸੈਸ਼ਨ ਜੱਜ ਹਾਊਸ ਸਮੇਤ ਸਮੁੱਚਾ ਜ਼ਿਲ੍ਹਾ ਕੰਪਲੈਕਸ ਅਤੇ ਕੋਰਟ ਕੰਪਲੈਕਸ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਇਸ ਤਰ੍ਹਾਂ ਸ਼ਹਿਰ ਦਾ ਮਾਲ ਰੋਡ, ਅਜੀਤ ਰੋਡ, ਪਰਸਰਾਮ ਨਗਰ, ਸਿਰਕੀ ਬਾਜ਼ਾਰ , ਕਮਲਾ ਨਹਿਰੂ ਕਲੋਨੀ, ਸਿਵਲ ਸਟੇਸ਼ਨ ਤੋਂ ਇਲਾਵਾ ਸਲੱਮ ਖੇਤਰਾਂ ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਜਿਸ ਕਾਰਨ ਰਾਹਗੀਰਾਂ ਨੂੰ ਘਰ ਪਹੁੰਚਣ ਵਿੱਚ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ l ਦੂਜੇ ਪਾਸੇ ਜੇਕਰ ਦਿਹਾਤੀ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰਨ ਕਿਸਾਨਾਂ ਨੂੰ ਮੋਟਰਾਂ ਬੰਦ ਕਰਨੀਆਂ ਪਈਆਂ ਅਤੇ ਆਪਣੇ ਖੇਤਾਂ ਨੂੰ ਪਾਣੀ ਭਰਨ ਤੋਂ ਬਚਾਉਣ ਲਈ ਨੱਕੇ ਵੀ ਲਗਾਉਣੇ ਪਏ। ਉਥ੍ਹੇ ਮਾਲਵਾ ਪੱਟੀ ਵਿੱਚ ਤੇਜ਼ ਬਾਰਸ਼ ਕਾਰਨ ਝੋਨੇ ਦੇ ਖੇਤ ਪਾਣੀ ਨਾਲ ਨੱਕੋ ਨੱਕ ਭਰ ਗਏ। ਖੇਤੀ ਮਾਹਰਾਂ ਮੁਤਾਬਕ ਜ਼ਿਆਦਾ ਬਰਸਾਤ ਕਾਰਨ ਬੇਸ਼ੱਕ ਝੋਨੇ ਦੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਪਰੰਤੂ ਨਰਮਾ ਅਤੇ ਹਰੇ-ਚਾਰੇ ਨੂੰ ਵੱਡੀ ਮਾਰ ਪੈ ਸਕਦੀ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਅੱਜ ਸਵੇਰੇ ਤੋਂ ਲੈ ਕਿ ਸ਼ਾਮ ਸਾਢੇ 5 ਵਜੇ ਤੱਕ 81.75 ਐਮ ਐਮ ਬਾਰਸ਼ ਦਰਜ ਕੀਤੀ ਗਈ। ਜ਼ਿਕਰਯੋਗ ਹੈ ਕਿ ਪਹਿਲਾਂ ਬਾਦਲ ਬਠਿੰਡਾ ਨੂੰ ਕੈਲੇਫੋਰਨੀਆ ਦਾ ਦਰਜਾ ਦਿੰਦੇ ਰਹੇ ਅਤੇ ਬਾਅਦ ਵਿੱਚ ਬਾਅਦ ਵਿੱਚ ਤਤਕਾਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਖ਼ਜ਼ਾਨੇ ਦਾ ਮੂੰਹ ਬਠਿੰਡਾ ਵੱਲ ਖੋਲ੍ਹੀ ਰੱਖਿਆ ਪਰ ਪਰਨਾਲਾ ਉੱਥੇ ਦਾ ਉੱਥੇ ਰਿਹਾ।ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲ ਵੀ ਲੋਕ ਦੇਖ ਰਹੇ ਹਨ।
ਬਾਕਸ
ਮੀਂਹ ’ਚ ਹੇਠਲੇ ਪੱਧਰ ’ਤੇ ਆਪ ਆਗੂਆਂ ਦੀ ਨਹੀਂ ਦਿਖੀ ਸਰਗਰਮੀ
ਬਠਿੰਡਾ: ਬਾਅਦ ਦੁਪਿਹਰ ਆਏ ਭਾਰੀ ਮੀਂਹ ਵਿਚ ਸ਼ਹਿਰ ’ਚ ਲੱਗੀਆਂ ਮੋਟਰਾਂ ’ਤੇ ਬੇਸ਼ੱਕ ਨਿਗਮ ਅਧਿਕਾਰੀ ਤੇ ਕਰਮਚਾਰੀ ਜਰੂਰ ਦੇਖਣ ਨੂੰ ਮਿਲੇ ਪ੍ਰੰਤੂ ਪਿਛਲੀ ਸਰਕਾਰ ਦੀ ਤਰਜ਼ ’ਤੇ ਆਪ ਆਗੂਆਂ ਦੀ ਕੋਈ ਸਰਗਰਮੀ ਨਹੀਂ ਦੇਖਣ ਨੂੰ ਮਿਲੀ। ਗੌਰਤਲਬ ਹੈ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਦੌਰਾਨ ਜਦ ਬਾਰਸ਼ ਪੈਂਦੀ ਸੀ ਤਾਂ ਆਗੂ ਮੌਕੇ ’ਤੇ ਡਿਸਪੋਜ਼ਲਾਂ ਅਤੇ ਮੋਟਰਾਂ ਉਪਰ ਪਹੁੰਚ ਜਾਂਦੇ ਸਨ, ਜਿਸਦੇ ਨਾਲ ਅਧਿਕਾਰੀਆਂ ‘ਤੇ ਪਾਣੀ ਦੀ ਜਲਦੀ ਨਿਕਾਸੀ ਲਈ ਪ੍ਰਬੰਧ ਕਰਨ ਲਈ ਦਬਾਅ ਬਣਦਾ ਸੀ ਪਰ ਮੌਜੂਦਾ ਸਮੇਂ ਸ਼ਹਿਰ ਵਿਚ ਆਪ ਵਿਧਾਇਕ ਅਤੇ ਚਾਰ ਚੇਅਰਮੈਨ ਹੋਣ ਦੇ ਬਾਵਜੂਦ ਪਾਰਟੀ ਆਗੂ ਜਾਂ ਵਲੰਟੀਅਰ ਇਸ ਪਾਸੇ ਸਰਗਰਮ ਦੇਖਣ ਨੂੰ ਨਹੀਂ ਮਿਲੇ।
ਬਾਰਸ
ਬਾਰਸ ਕਾਰਨ ਕਈ ਇਲਾਕਿਆਂ ਵਿਚ ਬਿਜਲੀ ਹੋਈ ਗੁੱਲ
ਬਠਿੰਡਾ: ਉਧਰ ਬਾਰਸ ਦੇ ਕਾਰਨ ਕਈ ਇਲਾਕਿਆਂ ’ਚ ਦੇਰ ਰਾਤ ਤੱਕ ਬਿਜਲੀ ਨਹੀਂ ਆਈ। ਵਾਰਡ ਨੰਬਰ 42 ਦੇ ਇਲਾਕੇ ਅੰਬੇਦਕਰ ਨਗਰ ਵਿਚ ਸਵੇਰੇ ਦਸ ਵਜੇਂ ਦੀ ਬਿਜਲੀ ਕੱਟ ਹੋ ਗਈ। ਪ੍ਰੰਤੂ ਵਾਰ ਵਾਰ ਸਿਕਾਇਤ ਦਰਜ਼ ਕਰਵਾਉਣ ਦੇ ਬਾਵਜੂਦ ਇਸਨੂੰ ਮੁੜ ਚਲਾਉਣ ਲਈ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।