ਮਾਮਲਾ ਫ਼ੌਜ ਨਾਲ ਜੁੜਿਆ ਹੋਣ ਕਰਕੇ ਪ੍ਰਸ਼ਾਸਨ ਨੇ ਕਰਵਾਇਆ ਹੈ ਇਹ ਟੈਸਟ
ਸੁਖਜਿੰਦਰ ਮਾਨ
ਬਠਿੰਡਾ, 10 ਜੁਲਾਈ : ਲੰਘੀ 12 ਅਪ੍ਰੈਲ ਦੀ ਤੜਕਸਾਰ ਭਾਰਤ ਦੀ ਸਭ ਤੋਂ ਵੱਡੀ ਬਠਿੰਡਾ ਫ਼ੌਜੀ ਛਾਉਣੀ ’ਚ ਚਾਰ ਫੌਜੀ ਸਾਥੀਆਂ ਦਾ ਕਤਲ ਕਰਨ ਵਾਲੇ ਕਥਿਤ ਦੋਸੀ ਫ਼ੌਜੀ ਦੇਸਾਈ ਮੋਹਨ ਦਾ ਅੱਜ ਦਿੱਲੀ ’ਚ ‘ਪੋਲੀਗ੍ਰਾਫ਼’ ਟੈਸਟ ਕਰਵਾਇਆ ਗਿਆ। ਨਿਆਂਇਕ ਹਿਰਾਸਤ ਅਧੀਨ ਬਠਿੰਡਾ ਜੇਲ੍ਹ ’ਚ ਬੰਦ ਫ਼ੌਜੀ ਦੇਸਾਈ ਨੂੰ ਦਿੱਲੀ ਲਿਜਾਣ ਲਈ ਬਠਿੰਡਾ ਪੁਲਿਸ ਵਲੋਂ ਅਦਾਲਤ ’ਚ ਉਸਦਾ ਟ੍ਰਾਂਜਿਟ ਰਿਮਾਂਡ ਲਿਆ ਗਿਆ ਸੀ, ਜਿਸਤੋਂ ਬਾਅਦ ਅੱਜ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸੁਰੱਖਿਆ ਪ੍ਰਬੰਧਾਂ ਹੇਠ ਉਸਨੂੰ ਦਿੱਲੀ ਫ਼ਰਾਂਸਿਕ ਸਾਇੰਸ ਲੈਬਾਰਟੀ ਵਿਚ ਲਿਜਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਕਰੀਬ ਪੰਜ ਘੰਟੇ ਚੱਲੇ ਇਸ ਟੈਸਟ ਵਿਚ ਅਧਿਕਾਰੀਆਂ ਵਲੋਂ ਦੇਸਾਈ ਮੋਹਨ ਕੋਲੋ ਇੰਨ੍ਹਾਂ ਕਤਲਾਂ ਦੇ ਪਿੱਛੇ ਮੰਤਵਾਂ ਨੂੰ ਜਾਣਨ ਦੀ ਕੋਸਿਸ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਬੇਸ਼ੱਕ ਗ੍ਰਿਫਤਾਰੀ ਤੋਂ ਬਾਅਦ ਮੁਜਰਮ ਨੇ ਅਪਣੇ ਗੁਨਾਹ ਨੂੰ ਕਬੂਲ ਕਰ ਲਿਆ ਸੀ ਤੇ ਨਾਲ ਹੀ ਕਤਲ ਲਈ ਵਰਤੀ ਗਈ ਰਾਈਫ਼ਲ ਤੇ ਕਾਰਤੂਸ ਵੀ ਬਰਾਮਦ ਕਰਵਾ ਦਿੱਤੇ ਸਨ ਪ੍ਰੰਤੂ ਮਾਮਲਾ ਦੇਸ ਦੀ ਰੱਖਿਆ ਨਾਲ ਜੁੜਿਆ ਹੋਣ ਕਾਰਨ ਇਹ ਟੈਸਟ ਕਰਵਾਇਆ ਗਿਆ ਹੈ। ਅਚੰਭੇ ਵਾਲੀ ਗੱਲ ਇਹ ਵੀ ਹੈ ਕਿ ਇਸ ਘਟਨਾ ਦੇ ਦੂਜੇ ਦਿਨ ਹੀ ਵੱਖਵਾਦੀ ਗਰੁੱਪਾਂ ਨੇ ਇਸਦੀ ਜਿੰਮੇਵਾਰੀ ਲੈ ਲਈ ਸੀ ਪ੍ਰੰਤੂ ਪੁਲਿਸ ਨੂੰ ਹੁਣ ਤੱਕ ਹੋਈ ਜਾਂਚ ਵਿਚ ਇਸ ਘਟਨਾ ਦੇ ਪਿੱਛੇ ਅੱਤਵਾਦੀਆਂ ਦਾ ਹੱਥ ਹੋਣ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਜਿਕਰਯੋਗ ਹੈ ਕਿ ਇਸ ਕਾਂਡ ’ਚ ਤੋਪਖ਼ਾਨਾ ਦੀ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨ ਸਾਗਰ ਬੰਨੇ, ਕਮਲੇਸ ਆਰ.,ਯੋਗੇਸ਼ ਕੁਮਾਰ ਅਤੇ ਨਾਗਾ ਦੀ ਮੌਤ ਹੋ ਗਈ ਸੀ। ਮੁਜਰਮ ਦੇਸਾਈ ਮੋਹਨ ਨੇ ਇੰਨਾਂ ਕਤਲਾਂ ਪਿੱਛੇ ਮ੍ਰਿਤਕ ਦੁਆਰਾ ਕਥਿਤ ਤੌਰ ’ਤੇ ਅਪਣਾ ਸਰੀਰਿਕ ਸੋਸਣ ਕਰਨ ਦਾ ਦੋਸ ਲਗਾਇਆ ਸੀ। ਇਸ ਮਾਮਲੇ ਵਿਚ 17 ਅਪ੍ਰੈਲ ਨੂੰ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦੋਂਕਿ 12 ਅਪ੍ਰੈਲ ਨੂੰ ਹੀ ਉਸਦੇ ਵਿਰੁਧ ਮੇਜਰ ਆਸੂਤੋਸ਼ ਸੁਕਲਾ ਦੇ ਬਿਆਨਾਂ ਉਪਰ ਥਾਣਾ ਕੈਂਟ ‘ਚ ਮੁਕੱਦਮਾ ਨੰਬਰ 42 ਅਧੀਨ ਧਾਰਾ 302 ਆਈ.ਪੀ.ਸੀ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ਼ ਕਰ ਲਿਆ ਗਿਆ ਸੀ। ਵੱਡੀ ਗੱਲ ਇਹ ਹੈ ਕਿ ਚਾਰ ਕਤਲ ਕਰਨ ਤੋਂ ਬਾਅਦ ਮੁਜਰਮ ਨੇ ‘ਬਚਣ’ ਲਈ ਝੂਠੀ ਕਹਾਣੀ ਘੜ ਦਿੱਤੀ ਸੀ ਕਿ ਘਟਨਾ ਸਮੇਂ ਚਿੱਟੇ ਕੁੜਤੇ-ਪਜਾਮੇ ਪਹਿਨੇ ਹੋਏ ਦੋ ਜਣੇ ਆਏ ਸਨ ਤੇ ਉਨ੍ਹਾਂ ਵਿਚੋਂ ਇੱਕ ਕੋਲ ਇਨਸਾਸ ਰਾਈਫ਼ਲ ਅਤੇ ਇੱਕ ਕੋਲ ਕੁਹਾੜੀ ਸੀ। ਅਰੋਪੀ ਨੇ ਚਾਰ ਫ਼ੌਜੀਆਂ ਨੂੰ ਕਤਲ ਕਰਨ ਲਈ ਬਕਾਇਦਾ 9 ਅਪ੍ਰੈਲ ਨੂੰ ਯੋਜਨਾਵਧ ਤਰੀਕੇ ਨਾਲ ਇੱਕ ਅਤਿਆਧੁਨਿਕ ਰਾਈਫ਼ਲ ‘ਇਨਸਾਸ’ ਚੋਰੀ ਕੀਤੀ ਗਈ। ਇਸਤੋਂ ਇਲਾਵਾ ਇਨਸਾਸ ਅਤੇ ਐਲ.ਐਮ.ਜੀ ਦੇ 28 ਕਾਰਤੂਸ ਵੀ ਚੋਰੀ ਕੀਤੇ। ਘਟਨਾ ਮੌਕੇ 19 ਖੋਲ ਮਿਲੇ ਸਨ ਜਦੋਂਕਿ 7 ਕਾਰਤੂਸ਼ ਅਰੋਪੀ ਦੀ ਸਿਨਾਖ਼ਤ ’ਤੇ ਹੋਰ ਬਰਾਮਦ ਕੀਤੇ ਗਏ ਹਨ। ਘਟਨਾ ਤੋਂ ਬਾਅਦ ਅਰੋਪੀ ਨੇ ਚੋਰੀ ਕੀਤੀ ਰਾਈਫ਼ਲ ਇੱਕ ਸੀਵਰੇਜ਼ ਦੇ ਗਟਰ ਵਿਚ ਸੁੱਟ ਦਿੱਤੀ ਸੀ ਜੋ ਘਟਨਾ ਵਾਲੇ ਦਿਨ ਸ਼ਾਮ ਨੂੰ ਹੀ ਬਰਾਮਦ ਕਰ ਲਈ ਸੀ।
Share the post "ਚਾਰ ਫ਼ੌਜੀ ਸਾਥੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਫ਼ੌਜੀ ਦਾ ਦਿੱਲੀ ’ਚ ਹੋਇਆ ‘ਪੋਲੀਗ੍ਰਾਫ਼’ ਟੈਸਟ"