ਸਿਵਲ ਹਸਪਤਾਲ ਵਿਚ ਜਲਦ ਹੀ ਸ਼ੁਰੂ ਹੋਣ ਜਾ ਰਹੀ ਹੈ ਡਿਜ਼ੀਟਲ ਰੇਡੀਓਗ੍ਰਾਫੀ : ਡਿਪਟੀ ਕਮਿਸ਼ਨਰ
ਸੁਖਜਿੰਦਰ ਮਾਨ
ਬਠਿੰਡਾ, 14 ਜੁਲਾਈ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸਿਹਤ ਦੇ ਖੇਤਰ ਚ ਆਮ ਲੋਕਾਂ ਨੂੰ ਉਨ੍ਹਾਂ ਦੇ ਦਰਾਂ ਨੇੜੇ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਹੈ। ਇਸੇ ਤਹਿਤ ਸਥਾਨਕ ਸਿਵਲ ਚ ਚੱਲ ਰਹੇ ਫਿਜ਼ਿਓਥੈਰੇਪੀ ਸੈਂਟਰ ਦੀ ਕਾਇਆ ਕਲਪ ਕਰਨ ਲਈ 24.25 ਲੱਖ ਦੀ ਲਾਗਤ ਨਾਲ ਰਿਪੇਅਰ ਤੇ ਰੈਨੋਵੇਸ਼ਨ ਕਰਾਈ ਜਾਵੇਗੀ। ਇਹ ਦਾਅਵਾ ਅੱਜ ਇੱਥੇ ਰੋਗੀ ਕਲਿਆਣ ਸਮਿਤੀ ਦੀ ਗਵਰਨਿੰਗ ਹਾਊਸ ਦੀ ਹੋਈ ਮੀਟਿੰਗ ਦੌਰਾਨ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਕੀਤਾ। ਇਸ ਮੌਕੇ ਸ. ਗਿੱਲ ਨੇ ਸਿਵਲ ਹਸਪਤਾਲ ਵਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ ਹੋਰ ਵਧੀਆ ਸਿਹਤ ਸਹੂਲਤਾਂ ਦੇਣ ਲਈ ਕੁਝ ਤਜ਼ਵੀਜਾਂ ਤੇ ਵਿਚਾਰ-ਵਟਾਂਦਰਾ ਕੀਤਾ ਤੇ ਕੁਝ ਮਹੱਤਵਪੂਰਨ ਫੈਸਲੇ ਵੀ ਲਏ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਿਵਲ ਹਸਪਤਾਲ ਵਿਖੇ ‘ਵਨ ਸਟਾਪ ਸੈਂਟਰ’ ਖੋਲਿਆ ਜਾਵੇਗਾ, ਜਿਸ ਵਿਚ ਯੂ.ਡੀ.ਆਈ.ਡੀ. ਰਜਿਸਟਰੇਸ਼ਨ, ਪ੍ਰੋਸਥੈਟਿਕ ਲਿੰਬਜ਼, ਆਈ.ਕਿਊ. ਟੈਸਟ, ਸਪੀਚ ਥੈਰੇਪੀ ਆਦਿ ਜਿਹੀਆਂ ਸੁਵਿਧਾਵਾਂ ਇਕੋ ਛੱਤ ਥੱਲੇ ਮੁਹੱਈਆ ਕਰਾਈਆਂ ਜਾਣਗੀਆਂ। ਇਸ ਮੌਕੇ ਸਿਵਲ ਹਸਪਤਾਲ ਦੇ ਐਕਸਰੇ ਵਿਭਾਗ ਨੂੰ ਡਿਜ਼ੀਟਲ ਕਰਨ ਸਬੰਧੀ ਮਤਾ ਵੀ ਪਾਸ ਕੀਤਾ ਗਿਆ, ਜਿਸ ਚ ਐਕਸਰੇ ਪ੍ਰੋਸੈਸ ਹੋਣ ਵਿਚ 2 ਮਿੰਟ ਦਾ ਸਮਾਂ ਲੱਗੇਗਾ ਅਤੇ ਰੇਡੀਏਸ਼ਨ ਐਕਸਪੋਜ਼ਰ ਦਾ ਖਤਰਾ 35 ਫੀਸਦੀ ਤੱਕ ਘੱਟ ਜਾਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੱਚਾ-ਬੱਚਾ ਹਸਪਤਾਲ ਲਈ ਇਕ ਲੈਪਰੋਸਕੋਪੀ ਸਮੇਤ ਹਿਸਟੈਰੋਸਕੋਪੀ ਮਸ਼ੀਨ ਖਰੀਦੀ ਜਾਵੇਗੀ ਜਿਸ ਨਾਲ ਇਸ ਹਸਪਤਾਲ ਵਿਚ ਗਾਇਨੀ ਦੇ ਲੈਪਰੋਸਕੋਪੀ ਅਤੇ ਹਿਸਟੈਰੋਸਕੋਪੀ ਦੇ ਪ੍ਰੋਸੀਜੀਰ ਵੀ ਕੀਤੇ ਜਾ ਸਕਣਗੇ। ਇਹ ਸੁਵਿਧਾ ਆਯੁਸ਼ਮਨ ਭਾਰਤ ਸਕੀਮ ਅਧੀਨ ਵੀ ਮੁਹੱਈਆ ਕਰਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਚ ਦਾਖਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਲਈ ਵਧੀਆ ਵੇਟਿੰਗ ਤੇ ਰਿਫਰੈਸ਼ਮੈਂਟ ਏਰੀਆ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਖਾਲੀ ਮੌਜੂਦ ਅਸਾਮੀਆਂ ਦੇ ਵਿਰੁਧ ਆਊਟਸੋਰਸਿੰਗ ਕਰਨ ਦੀ ਸੰਵਿਧਾਨਕ ਮਨਜ਼ੂਰੀ ਵੀ ਦਿੱਤੀ ਗਈ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਰਾਹੁਲ, ਏਡੀਸੀ ਜਨਰਲ ਮੈਡਮ ਪੱਲਵੀ, ਏਡੀਸੀ (ਵਿਕਾਸ) ਲਵਜੀਤ ਕਲਸੀ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਮਨ ਸਿੰਗਲਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰਪਾਲ ਸਿੰਘ ਅਤੇ ਡਾ. ਸਤੀਸ਼ ਜਿੰਦਲ ਆਦਿ ਹਾਜ਼ਰ ਸਨ।
Share the post "ਬਠਿੰਡਾ ਸਿਵਲ ਹਸਪਤਾਲ ਦੇ ਫਿਜ਼ਿਓਥੈਰੇਪੀ ਸੈਂਟਰ ਦਾ 24 ਲੱਖ ਨਾਲ ਹੋਵੇਗਾ ਨਵੀਨੀਕਰਨ : ਜਗਰੂਪ ਸਿੰਘ ਗਿੱਲ"