ਸੁਖਜਿੰਦਰ ਮਾਨ
ਬਠਿੰਡਾ, 15 ਜੁਲਾਈ : ਲੰਘੀ 10 ਜੁਲਾਈ ਦੀ ਅੱਧੀ ਰਾਤ ਨੂੰ ਫ਼ਰੀਦਕੋਟ ਮੈਡੀਕਲ ਕਾਲਜ਼ ’ਚ ਇਲਾਜ ਲਈ ਭਰਤੀ ਕਰਵਾਏ ਗਏ ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਮੁੱਖ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸਨੋਈ ਅੱਜ ਮੁੜ ਬਠਿੰਡਾ ਜੇਲ੍ਹ ਪੁੱਜ ਗਏ ਹਨ। ਸਿਹਤ ਵਿਚ ਸੁਧਾਰ ਹੋਣ ਦੇ ਚੱਲਦੇ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਉਸਨੂੰ ਅੱਜ ਛੁੱਟੀ ਦੇ ਦਿੱਤੀ ਸੀ, ਜਿਸਤੋਂ ਬਾਅਦ ਕਰੀਬ ਚਾਰ ਵਜੇਂ ਲਾਰਂੈਸ ਨੂੰ ਭਾਰੀ ਸੁਰੱਖਿਆ ਹੇਠ ਫ਼ਰੀਦਕੋਟ ਤੋਂ ਬਠਿੰਡਾ ਜੇਲ੍ਹ ਲਿਆਂਦਾ ਗਿਆ। ਜੇਲ੍ਹ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਲਾਰੈਂਸ ਨੂੰ ਮੁੜ ਜੇਲ੍ਹ ਦੇ ਹਾਈ ਸਕਿਊਰਟੀ ਸੈੱਲ ਵਿਚ ਰੱਖਿਆ ਗਿਆ ਹੈ। ਦਸਣਾ ਬਣਦਾ ਹੈ ਕਿ ਗੈਂਗਸਟਰ ਨੂੰ ਪਿਛਲੇ ਕੁੱਝ ਦਿਨਾਂ ਤੋਂ ਬੁਖਾਰ ਚੱਲ ਰਿਹਾ ਸੀ ਪ੍ਰੰਤੂ ਇਸਤੋਂ ਬਾਅਦ ਟਾਈਫ਼ਾਈਡ ਹੋ ਗਿਆ। ਜਿਸ ਕਾਰਨ ਰੋਟੀ ਆਦਿ ਨਾ ਪਚਣ ਕਾਰਨ ਉਸਨੂੰ ਫ਼ਰੀਦਕੋਟ ਮੈਡੀਕਲ ਕਾਲਜ ’ਚ ਭਰਤੀ ਕਰਵਾਉਣਾ ਪਿਆ ਸੀ। ਸੂਚਨਾ ਮੁਤਾਬਕ ਲਾਰੈਂਸ ਨੂੰ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸਪੈਸਲ ਵਾਰਡ ਵਿਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਸੀ। ਗੌਰਤਲਬ ਹੈ ਕਿ ਦੇਸ ਦਾ ਨਾਮੀ ਗੈਂਗਸਟਰ ਬਣ ਚੁੱਕੇ ਲਾਰੇਂਸ ਬਿਸਨੋਈ ਨੂੰ ਵੀ ਖ਼ਤਰਾ ਦਸਿਆ ਜਾ ਰਿਹਾ ਹੈ, ਜਿਸਦੇ ਚੱਲਦੇ ਪੁਲਿਸ ਤੇ ਜੇਲ੍ਹ ਅਧਿਕਾਰੀ ਕੋਈ ਜੌਖਮ ਨਹੀਂ ਉਠਾਉਣਾ ਚਾਹੁੰਦੇ ਹਨ। ਇੱਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ 29 ਮਈ ਦੀ ਸਾਮ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਹੀ ਲਾਰੇਂਸ ਦਾ ਇਸ ਕੇਸ ਵਿਚ ਨਾਮ ਆ ਗਿਆ ਸੀ, ਜਿਸਤੋਂ ਬਾਅਦ ਉਸਨੂੰ ਭਾਰੀ ਸੁਰੱਖਿਆ ਹੇਠ ਪੰਜਾਬ ਪੁਲਿਸ ਵਲੋਂ ਤਿਹਾੜ ਜੇਲ੍ਹ ਤੋਂ ਲਿਆਂਦਾ ਗਿਆ ਸੀ। ਹਾਲਾਂਕਿ ਇਸ ਦੌਰਾਨ ਉਸਨੂੰ ਕਈ ਵਾਰ ਮੁੜ ਦਿੱਲੀ ਪੁਲਿਸ ਅਤੇ ਐਨ.ਆਈ.ਏ ਦੀ ਟੀਮ ਵੱਖ-ਵੱਖ ਕੇਸਾਂ ’ਚ ਪੁਛਗਿਛ ਲਈ ਲਿਜਾ ਚੁੱਕੀ ਹੈ ਪ੍ਰੰਤੂ ਵਾਪਸ ਮੁੜ ਉਸਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਭੇਜਿਆ ਗਿਆ ਸੀ।
Share the post "ਗੈਂਗਸਟਰ ਲਾਰੈਂਸ ਬਿਸਨੋਈ ਮੁੜ ਪੁੱਜਿਆ ਬਠਿੰਡਾ ਜੇਲ੍ਹ, ਫ਼ਰੀਦਕੋਟ ਮੈਡੀਕਲ ਕਾਲਜ਼ ’ਚੋਂ ਮਿਲੀ ਛੁੱਟੀ"