ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ : ਸਥਾਨਕ ਸ਼ਹਿਰ ਦੇ ਭਾਗੂ ਰੋਡ ਦੀ ਰਹਿਣ ਵਾਲੀ ਵਿਦਿਆਰਥਣ ਮਾਹਿਰਾ ਬਾਜਵਾ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (ਸੀਯੂਈਟੀ ) ਦੇ ਨਤੀਜੇ ਵਿੱਚੋਂ 800 ਵਿੱਚੋਂ 799.64 ਅੰਕ ਪ੍ਰਾਪਤ ਦੇਸ਼ ਭਰ ਵਿੱਚੋਂ ਟੋਪ ਰੈਂਕ ਪ੍ਰਾਪਤ ਕੀਤਾ ਹੈ । ਇਸ ਟੈਸਟ ਦੇ ਚਾਰ ਵਿਸ਼ਿਆਂ ਅੰਗਰੇਜ਼ੀ, ਭੂਗੋਲ, ਰਾਜਨੀਤੀ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਗੌਰਤਲਬ ਹੈ ਕਿ ਭਾਰਤ ਦੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਵੱਖ-ਵੱਖ ਅੰਡਰਗਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐਨ. ਟੀ. ਏ ) ਦੁਆਰਾ ਆਯੋਜਿਤ ਕੌਮੀ ਪ੍ਰੀਖਿਆ ਹੈ। ਮਹਿਰਾ ਨੇ ਅੱਜ ਇੱਥੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘‘ ਇਸ ਨਤੀਜੇ ਨੇ ਉਸਦੇੇ ਲਈ ਦਿੱਲੀ ਯੂਨੀਵਰਸਿਟੀ ਦੇ ਸਭ ਤੋਂ ਵਧੀਆ ਕਾਲਜਾਂ ਵਿੱਚੋਂ ਇੱਕ ਲੇਡੀ ਸ਼੍ਰੀ ਰਾਮ ਕਾਲਜ ’ਚ ਦਾਖ਼ਲੇ ਦਾ ਰਾਹ ਪੱਧਰਾ ਕਰ ਦਿੱਤਾ ਹੈ। ਉਸਨੇ ਦੱਸਿਆ ਕਿ ਇਸ ਪ੍ਰੀਖਿਆ ਦੀ ਤਿਆਰੀ ਦੌਰਾਨ ਉਹ ਦਿਨ ਵਿੱਚ 7-8 ਘੰਟੇ ਪੜਦੀ ਰਹੀ ਹੈ। ਮਾਹਿਰਾ ਬਾਜਵਾ ਸੇਂਟ ਜੋਸਫ ਕਾਨਵੈਂਟ ਸਕੂਲ ਦੀ ਵਿਦਿਆਰਥਣ ਰਹੀ ਹੈ , ਜਿੱਥੇ ਉਹ 2022-23 ਬੈਚ ਲਈ ਵਿਦਿਆਰਥੀ ਕੌਂਸਲ ਦੀ ਮੁਖੀ ਸੀ ਅਤੇ ਉਸਨੇ 12ਵੀਂ ਸੀਬੀਐਸਈ ਦੀ ਪ੍ਰੀਖਿਆ ਵਿੱਚ 95.6% ਅੰਕ ਪ੍ਰਾਪਤ ਕੀਤੇ ਸਨ।ਉਸ ਦੀ ਮਾਤਾ ਅਮਰਦੀਪ ਕੌਰ ਨੇ ਕਿਹਾ, “ਉਸ ਦਾ ਝੁਕਾਅ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਵੱਲ ਸੀ ਅਤੇ ਉਸ ਦੀਆਂ ਦੋਵੇਂ ਭੈਣਾਂ ਵੱਲੋਂ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ।”’’ ਇੱਥੇ ਦਸਣਾ ਬਣਦਾ ਹੈਕਿ ਜਿਮੀਦਾਰਾਂ ਪ੍ਰਵਾਰ ਨਾਲ ਸਬੰਧਤ ਜਸਵਿੰਦਰ ਸਿੰਘ ਬਾਜਵਾ ਦੀਆਂ ਤਿੰਨ ਧੀਆਂ ਹਨ, ਜਿੰਨ੍ਹਾਂ ਵਿਚੋਂ ਸਭ ਤੋਂ ਵੱਡੀ ਨੇਹਮਤ ਬਾਜਵਾ ਔਲਖ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਇੱਕ ਪ੍ਰੋਫੈਸਰ ਹੈ ਅਤੇ ਉਸਦੀ ਦੂਜੀ ਭੈਣ ਸਿਮਰਨ ਬਾਜਵਾ ਐਨ. ਐਲ. ਯੂ ਜੋਧਪੁਰ ਤੋਂ ਐਲ. ਐਲ ਐੱਮ ਵਿੱਚ ਤੀਹਰੀ ਸੋਨ ਤਗਮਾ ਜੇਤੂ ਹੈ। ਮੈਡਮ ਬਾਜਵਾ ਬਠਿੰਡਾ ਦੀ ਉੱਘੀ ਵਕੀਲ ਹੈ।
Share the post "ਬਠਿੰਡਾ ਦੀ ਮਾਹਿਰਾ ਬਾਜਵਾ ਨੇ ਯੂਨੀਵਰਸਿਟੀ ਦਾਖ਼ਲਿਆਂ ਲਈ ਹੋਈ ਪ੍ਰੀਖ੍ਰਿਆ ’ਚ ਦੇਸ਼ ਭਰ ਵਿਚੋਂ ਪਹਿਲਾਂ ਰੈਂਕ ਪ੍ਰਾਪਤ ਕੀਤਾ"