ਸੁਖਜਿੰਦਰ ਮਾਨ
ਬਠਿੰਡਾ, 2 ਅਗਸਤ : ਅੱਜ ਸ਼ਾਮ ਬਠਿੰਡਾ ਦੇ ਥਾਣਾ ਨੰਦਗੜ੍ਹ ਅਧੀਨ ਆਉਂਦੇ ਇਲਾਕੇ ’ਚ ਖੋਹ ਕਰਕੇ ਭੱਜੇ ਕਾਰ ਸਵਾਰ ਲੁਟੇਰਿਆਂ ਦਾ ਪਿੱਛਾ ਕਰ ਰਹੀ ਪੁਲਿਸ ਪਾਰਟੀ ’ਤੇ ਹਮਲਾ ਕਰਕੇ ਇੰਨ੍ਹਾਂ ਲੁਟੇਰਿਆਂ ਵਲੋਂ ਇੱਕ ਹੌਲਦਾਰ ਦਾ ਹੱਥ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਜਖਮੀ ਹੋਏ ਹੌਲਦਾਰ ਤੇ ਉਸਦੇ ਸਾਥੀਆਂ ਨੇ ਬੇਮਿਸਾਲ ਬਹਾਦਰੀ ਦਿਖਾਉਂਦਿਆਂ ਲੋਕਾਂ ਦੇ ਸਹਿਯੋਗ ਨਾਲ ਮੌਕੇ ’ਤੇ ਹੀ ਚਾਰ ਲੁਟੇਰਿਆਂ ਨੂੰ ਕਾਬੂ ਕਰ ਲਿਆ। ਇਸ ਹਮਲੇ ਵਿਚ ਜਖਮੀ ਹੋਏ ਹੌਲਦਾਰ ਕਿੱਕਰ ਸਿੰਘ ਦੀ ਹਾਲਾਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ ਤੇ ਉਸਨੂੰ ਬਠਿੰਡਾ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਧਰ ਐਸ.ਐਸ.ਪੀ ਗੁਲਨੀਤ ਸਿੰਘ ਖੁਰਾਣਾ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਵਿਰੁਧ ਲੁੱਟ ਖੋਹ ਕਰਨ ਅਤੇ ਪੁਲਿਸ ਪਾਰਟੀ ’ਤੇ ਹਮਲਾ ਕਰਨ ਦੇ ਦੋਸ਼ਾਂ ਹੇਠ ਥਾਣਾ ਨੰਦਗੜ੍ਹ ਵਿਚ ਪਰਚੇ ਦਰਜ਼ ਕੀਤੇ ਜਾ ਰਹੇ ਹਨ ਤੇ ਮਾਮਲੇ ਦੀ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਇੱਕ ਬਿਨ੍ਹਾਂ ਨੰਬਰ ਸਵਿੱਫ਼ਟ ਕਾਰ ਵਿਚ ਸਵਾਰ ਇਹ ਲੁਟੇਰੇ ਭੁੱਚੋਂ ਇਲਾਕੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਮੁਢਲੀ ਸੂਚਨਾ ਤਾਂ ਇਹ ਵੀ ਮਿਲੀ ਹੈ ਕਿ ਕਥਿਤ ਦੋਸ਼ੀਆਂ ਵਲੋਂ ਪਿੱਛੇ ਵੀ ਕੋਈ ਵੱਡੀ ਲੁੱਟਖੋਹ ਕੀਤੀ ਸੀ ਤੇ ਜਿਸ ਕਾਰ ਵਿਚ ਉਹ ਸਵਾਰ ਸਨ, ਉਹ ਵੀ ਖੋਹੀ ਦੱਸੀ ਜਾ ਰਹੀ ਹੈ, ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਸਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਮੁਤਾਬਕ ਬੁੱਧਵਾਰ ਸ਼ਾਮ ਕਰੀਬ 6 ਵਜੇਂ ਨੰਦਗੜ੍ਹ ਤੋਂ ਬਾਦਲ ਰੋਡ ਦੇ ਕੋਲ ਪਿੰਡ ਕਾਲਝਰਾਣੀ ਨਜਦੀਕ ਐਮਾਜੋਨ ਕੰਪਨੀ ਦਾ ਡਿਲਵਰੀ ਵਾਲਾ ਲੜਕਾ ਜਾ ਰਿਹਾ ਸੀ, ਜਿੰਨ੍ਹਾਂ ਨੂੰ ਬਿਨ੍ਹਾਂ ਨੰਬਰੀ ਕਾਰ ਵਿਚ ਸਵਾਰ ਚਾਰ ਨੌਜਵਾਨਾਂ ਨੇ ਲੁੱਟ ਲਿਆ। ਇਸ ਦੌਰਾਨ ਉਹ ਮੌਕੇ ਤੋਂ ਫ਼ਰਾਰ ਹੋ ਗਏ। ਇੰਨ੍ਹਾਂ ਲੁਟੈਰਿਆਂ ਦੇ ਫ਼ਰਾਰ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਇਲਾਕੇ ’ਚ ਗਸ਼ਤ ਕਰ ਰਹੀ ਪੰਜਾਬ ਪੁਲਿਸ ਦੀ ਸਰਾਬ ਤਸਕਰਾਂ ਨੂੰ ਫ਼ੜਣ ਲਈ ਬਣੀ ਵਿਸੇਸ ਟੀਮ ਵੀ ਗੱਡੀ ਲੈ ਕੇ ਮੌਕੇ ’ਤੇ ਪੁੱਜ ਗਈ। ਇਸਦੀ ਜਾਣਕਾਰੀ ਇਸ ਟੀਮ ਨੂੰ ਦਿੱਤੀ, ਜਿੰਨਾਂ ਕੰਟਰੋਲ ਰੂਮ ’ਤੇ ਸੂਚਨਾ ਦੇਣ ਤੋਂ ਇਲਾਵਾ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਸ ਟੀਮ ਨਾਲ ਸ਼ਰਾਬ ਦੇ ਠੇਕੇਦਾਰਾਂ ਦੇ ਨੌਜਵਾਨ ਵੀ ਨਾਲ ਹੀ ਸਨ। ਇਸ ਦੌਰਾਨ ਚੱਕ ਅਤਰ ਸਿੰਘ ਵਾਲਾ ਤੋਂ ਧੁੰਨੀਕੇ ਰੋਡ Çਲੰਕ ਰੋਡ ’ਤੇ ਪੁਲਿਸ ਪਾਰਟੀ ਨੇ ਲੁਟੇਰਿਆਂ ਦੇ ਅੱਗੇ ਗੱਡੀ ਲਗਾ ਕੇ ਕਾਰ ਨੂੰ ਰੋਕ ਲਿਆ। ਸੂਚਨਾ ਮੁਤਾਬਕ ਗੱਡੀ ਰੁਕਦੇ ਹੀ ਸਵਿਫ਼ਟ ਕਾਰ ਵਿਚੋਂ ਚਾਰ ਨੌਜਵਾਨ ਉੱਤਰੇ, ਜਿੰਨ੍ਹਾਂ ਦੇ ਹੱਥਾਂ ਵਿਚ ਕ੍ਰਿਪਾਨਾਂ ਤੇ ਹੋਰ ਤੇਜਧਾਰ ਹਥਿਆਰ ਸਨ, ਨੇ ਪੁਲਿਸ ਪਾਰਟੀ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਹੌਲਦਾਰ ਕਿੱਕਰ ਸਿੰਘ ਦਾ ਹੱਥ ਬੁਰੀ ਤਰ੍ਹਾਂ ਕੱਟਿਆ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਦੇ ਦੱਸਣ ਮੁਤਾਬਕ ਇਸਦੇ ਬਾਵਜੂਦ ਹੌਲਦਾਰ ਕਿੱਕਰ ਸਿੰਘ ਤੇ ਉਸਦੇ ਨਾਲ ਮੌਜੂਦ ਪੁਲਿਸ ਟੀਮ ਅਤੇ ਠੇਕੇਦਾਰਾਂ ਦੇ ਮੁੰਡੇ ਵੀ ਪੂਰੀ ਤਰ੍ਹਾਂ ਡਟੇ ਰਹੇ ਅਤੇ ਇਸ ਦੌਰਾਨ ਮੌਕੇ ’ਤੇ ਹਾਜ਼ਰ ਲੋਕ ਵੀ ਪੁੱਜ ਗਏ। ਇਸ ਮੌਕੇ ਦੋ ਲੁਟੇਰਿਆਂ ਨੂੰ ਤਾਂ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ ਅਤੇ ਦੋ ਖੇਤਾਂ ਵੱਲ ਭੱਜ ਨਿਕਲੇ, ਜਿੰਨ੍ਹਾਂ ਨੂੰ ਪੁਲਿਸ ਟੀਮ ਤੇ ਲੋਕਾਂ ਨੇ ਦਬੋਚ ਲਿਆ। ਸੂਚਨਾ ਮਿਲਦੇ ਹੀ ਥਾਣਾ ਨੰਦਗੜ੍ਹ ਦੀ ਪੁਲਿਸ ਟੀਮ ਅਤੇ ਹੋਰ ਫ਼ੋਰਸ ਵੀ ਪੁੱਜ ਗਈ, ਜਿਸਤੋਂ ਬਾਅਦ ਚਾਰਾਂ ਨੂੰ ਗ੍ਰਿਫਤਾਰ ਕਰਕੇ ਬਠਿੰਡਾ ਲਿਆਂਦਾ ਗਿਆ। ਜਦ ਕਿ ਜਖਮੀ ਹੌਲਦਾਰ ਕਿੱਕਰ ਸਿੰਘ ਨੂੰ ਸਭ ਤੋਂ ਪਹਿਲਾਂ ਘੁੱਦਾ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਮੁਢਲਾ ਉਪਚਾਰ ਕਰਨ ਤੋਂ ਬਾਅਦ ਬਠਿੰਡਾ ਸਿਵਲ ਹਸਪਤਾਲ ਭੇਜ ਦਿੱਤਾ। ਇੱਥੇ ਡਾਕਟਰਾਂ ਨੇ ਹਾਲਾਤ ਨੂੰ ਦੇਖਦਿਆਂ ਉਸਨੂੰ ਪ੍ਰਾਈਵੇਟ ਹਸਪਤਾਲ ਵਿਚ ਭੇਜ ਦਿੱਤਾ।
Share the post "ਬਠਿੰਡਾ ’ਚ ਖੋਹ ਕਰਕੇ ਭੱਜੇ ਲੁਟੇਰਿਆਂ ਨੇ ਪੁਲਿਸ ਪਾਰਟੀ ’ਤੇ ਹਮਲਾ ਕਰਕੇ ਹੌਲਦਾਰ ਦਾ ਹੱਥ ਵੱਢਿਆ"