ਬਠਿੰਡਾ, 3 ਅਗਸਤ : ਵਿਤ ਮੰਤਰੀ ਹੁੰਦਿਆਂ ਮਨਪ੍ਰੀਤ ਬਾਦਲ ਦੁਆਰਾ ਬਠਿੰਡਾ ਸ਼ਹਿਰ ਦੇ ਪੌਸ ਇਲਾਕੇ ਮਾਡਲ ਟਾਊਨ ’ਚ ਖਰੀਦੇ 1500 ਗਜ਼ ਦੇ ਦੋ ਪਲਾਟਾਂ ਦੇ ਮਾਮਲੇ ਵਿਚ ਵਿਜੀਲੈਂਸ ਵਲੋਂ ਅੱਜ ਬੀਡੀਏ ਦੇ ਸਾਬਕਾ ਸੀਈਓ ਅਮਰਿੰਦਰ ਸਿੰਘ ਟਿਵਾਣਾ ਅਤੇ ਹੋਰਨਾਂ ਅਧਿਕਾਰੀਆਂ ਕੋਲੋ ਕਰੀਬ 6 ਘੰਟੇ ਤੱਕ ਪੁੱਛਗਿਛ ਕੀਤੀ ਗਈ। ਇਸਤੋਂ ਇਲਾਵਾ ਪਲਾਟ ਦੀ ਬੋਲੀ ਦੌਰਾਨ ਬੀਡੀਏ ਦੇ ਉਪ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ ਕੋਲੋਂ ਵੀ ਜਵਾਬ ਮੰਗਿਆ ਹੈ। ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ‘ਚ ਵਿਜੀਲੈਂਸ ਮੁੜ ਇਸ ਮਾਮਲੇ ਵਿਚ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੂੰ ਤਲਬ ਕਰ ਸਕਦੀ ਹੈ। ਇਸ ਮਾਮਲੇ ਵਿਚ ਉਨ੍ਹਾਂ ਕੋਲੋਂ ਪਹਿਲਾਂ ਵੀ ਲੰਘੀ 24 ਜੁਲਾਈ ਨੂੰ ਕਰੀਬ ਪੰਜ ਘੰਟੇ ਪੁਛਗਿਛ ਕੀਤੀ ਗਈ ਸੀ।
ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 48 ਵਿਚ ਜਲਦੀ ਹੋਵੇਗੀ ਉਪ ਚੋਣ
ਸੂਤਰਾਂ ਅਨੁਸਾਰ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਠਿੰਡਾ ਦੇ ਐਸ.ਡੀ.ਐਮ ਰਹਿੰਦਿਆਂ ਅਮਰਿੰਦਰ ਸਿੰਘ ਟਿਵਾਣਾ ਨੂੰ ਦੋ ਤਿੰਨ ਮਹੀਨਿਆਂ ਲਈ ਬੀਡੀਏ ਦੇ ਸੀਈਓ ਵਜੋਂ ਚਾਰਜ਼ ਮਿਲਿਆ ਸੀ। ਇਸ ਦੌਰਾਨ ਹੀ ਉਨ੍ਹਾਂ ਵਲੋਂ ਇੰਨ੍ਹਾਂ ਪਲਾਟਾਂ ਨੂੰ ਜੋੜ ਕੇ ਇੱਕ ਹਜ਼ਾਰ ਗਜ਼ ਦਾ ਵੱਡਾ ਪਲਾਟ ਬਣਾਉਣ ਦੀ ਸਿਫ਼ਾਰਿਸ਼ ਕੀਤੀ ਸੀ। ਜਦ ਕਿ ਇਸ ਪਲਾਟ ਦੀ ਆਨ ਲਾਈਨ ਬੋਲੀ ਇੱਕ ਹੋਰ ਅਧਿਕਾਰੀ ਬਿਕਰਮ ਸਿੰਘ ਸ਼ੇਰਗਿੱਲ ਦੇ ਉਪ ਪ੍ਰਸ਼ਾਸਕ ਹੋਣ ਸਮੇਂ ਕੀਤੀ ਗਈ ਸੀ। ਸ਼੍ਰੀ ਸੇਰਗਿੱਲ ਮਨਪ੍ਰੀਤ ਬਾਦਲ ਦੇ ਰਾਜ ਦੌਰਾਨ ਬਠਿੰਡਾ ਨਗਰ ਨਿਗਮ ਤੋਂ ਇਲਾਵਾ ਬੀਡੀਏ ਦੇ ਲੰਮਾਂ ਸਮਾਂ ਉਪ ਪ੍ਰਸ਼ਾਸਕ ਰਹੇ ਹਨ। ਮਿਲੀ ਸੂਚਨਾ ਮੁਤਾਬਕ ਆਨ ਲਾਈਨ ਬੋਲੀ ਦੌਰਾਨ ਜੋ ਨਕਸ਼ਾ ਅੱਪਲੋਡ ਕੀਤਾ ਗਿਆ ਸੀ, ਉਸਨੂੰ ਲੈ ਕੇ ਵਿਜੀਲੈਂਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਦੋਂਕਿ ਅਧਿਕਾਰੀ ਇਸ ਨਕਸ਼ੇ ਸਬੰਧੀ ਜਿੰਮੇਵਾਰ ਹੇਠਲੇ ਮੁਲਾਜਮਾਂ ’ਤੇ ਸੁੱਟ ਰਹੇ ਹਨ। ਸੂਤਰਾਂ ਮੁਤਾਬਕ ਇਸ ਨਕਸ਼ੇ ਵਿਚ ਬਹੁਤ ਕੁੱਝ ਦਰਸਾਇਆ ਨਹੀਂ ਗਿਆ ਸੀ। ਉਂਜ ਹੁਣ ਤੱਕ ਹੋਈ ਪੜਤਾਲ ਦੌਰਾਨ ਵਿਜੀਲੈਂਸ ਸਾਹਮਣੇ ਇਹ ਤੱਥ ਆਏ ਹਨ ਕਿ ਦੋਨਾਂ ਪਲਾਟਾਂ ਦੀ ਬੋਲੀ ਵਿਚ ਸ਼ਾਮਲ ਹੋਏ ਤਿੰਨਾਂ ਬੋਲੀਕਾਰਾਂ ਵਲੋਂ ਇੱਕ ਹੀ ਕੰਪਿਊਟਰ ਤੋਂ ਬੈਠ ਕੇ ਇਹ ਬੋਲੀ ਦਿੱਤੀ ਗਈ ਅਤੇ ਪਲਾਟਾਂ ਦੇ ਅਲਾਟਮੈਂਟ ਲੈਟਰ ਜਾਰੀ ਹੋਣ ਤੋਂ ਪਹਿਲਾਂ ਕਥਿਤ ਤੌਰ ’ਤੇ ਸਫ਼ਲ ਬੋਲੀਕਾਰਾਂ ਦੇ ਖਾਤਿਆਂ ਵਿਚ ਪੈਸੇ ਪਾ ਦਿੱਤੇ ਗਏ। ਵਿਜੀਲੈਂਸ ਇਸ ਬੋਲੀ ਵਿਚ ਹਿੱਸਾ ਲੈਣ ਵਾਲੇ ਰਾਜੀਵ ਕੁਮਾਰ, ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਕੋਲੋਂ ਵੀ ਪੁਛਗਿਛ ਕਰਨ ਤੋਂ ਇਲਾਵਾ ਉਨ੍ਹਾਂ ਦੇ ਵਿਤੀ ਸਾਧਨਾਂ ਦੀ ਵੀ ਜਾਂਚ ਕਰ ਰਹੀ ਹੈ।
ਵਿਜੀਲੈਂਸ ਵੱਲੋਂ ਸਾਬਕਾ ਮੀਡੀਆ ਸਲਾਹਕਾਰ ਭਰਤਇੰਦਰ ਚਾਹਲ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ
ਗੌਰਤਲਬ ਹੈ ਕਿ ਸਿਕਾਇਤਕਰਤਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਅਪਣੀ ਸਿਕਾਇਤ ਵਿਚ ਇਹ ਦੋਸ਼ ਲਗਾਏ ਸਨ ਕਿ ਮਨਪ੍ਰੀਤ ਬਾਦਲ ਨੇ ਵਿਤ ਮੰਤਰੀ ਹੁੰਦਿਆਂ ਬੀਡੀਏ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਿਲਕੇ ਇਹ ਮਹਿੰਗੇ ਭਾਅ ਦੇ ਪਲਾਟ ਸਸਤੇ ਵਿਚ ਖ਼ਰੀਦ ਲਏ ਸਨ। ਜਦ ਕਿ ਵਿਜੀਲੈਂਸ ਸਾਹਮਣੇ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਦੇ ਰੂਬਰੂ ਹੋਏ ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਕਾਇਤਕਰਤਾ ਸਰੂਪ ਸਿੰਗਲਾ ਉਪਰ ਸਿਆਸੀ ਰੰਜਿਸ਼ ਤਹਿਤ ਝੂਠੀ ਸਿਕਾਇਤ ਵਿਚ ਫ਼ਸਾਉਣ ਦੇ ਦੋਸ਼ ਲਗਾਏ ਸਨ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇੰਨ੍ਹਾਂ ਪਲਾਟਾਂ ਨੂੰ ਵਪਾਰਕ ਤੋਂ ਰਿਹਾਇਸ਼ੀ ਕਰਨ ਦਾ ਅਮਲ ਅਕਾਲੀ ਸਰਕਾਰ ਸਮੇਂ ਸਾਲ 2013 ਵਿਚ ਹੋਇਆ ਸੀ। ਇਸੇ ਤਰ੍ਹਾਂ ਇਹ ਪਲਾਟ ਵਿਕ ਨਹੀਂ ਰਹੇ ਸਨ ਤੇ ਇੰਨ੍ਹਾਂ ਦੇ ਨਾਲ ਲੱਗਦੇ ਪਲਾਟ ਦੀ ਮੌਜੂਦਾ ਆਪ ਸਰਕਾਰ ਦੌਰਾਨ ਹੋਈ ਬੋਲੀ ਵਿਚ ਰਿਜਰਵ ਕੀਮਤ ਉਨ੍ਹਾਂ ਦੇ ਪਲਾਟਾਂ ਨਾਲੋਂ ਵੀ ਘੱਟ ਰੱਖੀ ਗਈ ਸੀ। ਇਸ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਕਈ ਵਾਰ ਸੋਸਲ ਮੀਡੀਆ ’ਤੇ ਇੱਕ ਦੂਜੇ ਦੇ ਸਾਹਮਣੇ ਹੋ ਚੁੱਕੇ ਹਨ।
Share the post "ਮਨਪ੍ਰੀਤ ਬਾਦਲ ਦੇ ਪਲਾਟ ਵਿਵਾਦ ’ਚ ਵਿਜੀਲੈਂਸ ਨੇ ਬੀਡੀਏ ਅਧਿਕਾਰੀਆਂ ਕੋਲੋਂ ਕੀਤੀ 6 ਘੰਟੇ ਪੁੱਛਗਿੱਛ"