8 Views
ਸ਼੍ਰੋਮਣੀ ਕਮੇਟੀ ਕਈ ਵਾਰ ਮਤਾ ਪਾਸ ਕਰਕੇ ਸੈਂਸਰ ਬੋਰਡ ’ਚ ਸਿੱਖ ਨੁਮਾਇੰਦੇ ਦੀ ਕਰ ਚੁੱਕੀ ਹੈ ਮੰਗ
ਅੰਮ੍ਰਿਤਸਰ 30 ਅਗਸਤ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ‘ਯਾਰੀਆਂ-2’ ਫਿਲਮ ਦੇ ਜਾਰੀ ਹੋਏ ਇਕ ਗੀਤ ਅੰਦਰ ਸਿੱਖ ਭਾਵਨਾਵਾਂ ਵਿਰੁੱਧ ਫਿਲਮਾਂਕਣ ਨੂੰ ਲੈ ਕੇ ਸਰਕਾਰਾਂ ਨੂੰ ਨਿਸ਼ਾਨੇ ’ਤੇ ਲਿਆ ਹੈ। ਭਾਈ ਗਰੇਵਾਲ ਨੇ ਆਖਿਆ ਕਿ ਅਕਸਰ ਫਿਲਮਾਂ ਅੰਦਰ ਸਿੱਖ ਮਰਯਾਦਾ, ਸਿਧਾਂਤਾਂ ਅਤੇ ਰਹਿਣੀ ਨੂੰ ਸੱਟ ਮਾਰਨ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ, ਪਰੰਤੂ ਕੇਂਦਰ ਸਰਕਾਰ ਅਜਿਹੇ ਸੰਜੀਦਾ ਮਾਮਲਿਆਂ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਆਖਿਆ ਕਿ ਫਿਲਮ ਸੈਂਸਰ ਬੋਰਡ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਖ਼ਿਆਲ ਵਿਚ ਰੱਖ ਕੇ ਕਦੇ ਵੀ ਫਿਲਮਾਂ ਦਾ ਨਰੀਖਣ ਨਹੀਂ ਕੀਤਾ ਜਾਂਦਾ। ਇਸੇ ਕਰਕੇ ਹੀ ਫਿਲਮ ਨਿਰਮਾਤਾ, ਨਿਰਦੇਸ਼ਕ ਅਤੇ ਅਦਾਕਾਰ ਅਜਿਹੀਆਂ ਆਪ ਹੁਦਰੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ਨੇ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਦੇ ਖਿਲਾਫ ਕੋਈ ਵੀ ਫਿਲਮਾਂਕਣ ਨਾ ਹੋਵੇ, ਪਰੰਤੂ ਸਭ ਜਾਣਦਿਆਂ ਵੀ ਇਹ ਚਲਣ ਜਾਰੀ ਹੈ। ਉਨ੍ਹਾਂ ਕਿਹਾ ਕਿ ਯਾਰੀਆਂ-2 ਫਿਲਮ ਦੇ ਗੀਤ ਵਿਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਾਣਬੁਝ ਕੇ ਤਾਰ-ਤਾਰ ਕੀਤਾ ਗਿਆ ਅਤੇ ਸਰਕਾਰਾਂ ਫਿਰ ਵੀ ਚੁੱਪ ਹਨ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਫਿਲਮ ਦੇ ਗੀਤ ’ਚ ਸਿੱਖ ਵਿਰੋਧੀ ਹਰਕਤ ਖ਼ਿਲਾਫ਼ ਭਾਵੇਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ, ਪਰੰਤੂ ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਹਰਕਤ ’ਚ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਹ ਜ਼ੁੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਮਾਮਲਿਆਂ ’ਤੇ ਸਖ਼ਤੀ ਨਾਲ ਪੇਸ਼ ਆਉਣ। ਭਾਈ ਗਰੇਵਾਲ ਨੇ ਇਹ ਵੀ ਕਿਹਾ ਕਿ ਫਿਲਮ ਸੈਂਸਰ ਬੋਰਡ ਵਿਚ ਹਰ ਧਰਮ ਦਾ ਨੁਮਾਇੰਦਾ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕਿਸੇ ਵੀ ਧਰਮ ਦੀਆਂ ਭਾਵਨਾਵਾਂ ਦੇ ਵਿਰੁੱਧ ਕੋਈ ਦ੍ਰਿਸ਼ ਜਨਤਕ ਨਾ ਹੋਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ’ਤੇ ਕਈ ਵਾਰ ਜਨਰਲ ਇਜਲਾਸਾਂ ਦੌਰਾਨ ਮਤੇ ਪਾਸ ਕਰਕੇ ਵੀ ਸਰਕਾਰਾਂ ਨੂੰ ਭੇਜ ਚੁੱਕੀ ਹੈ। ਇਸ ਦੇ ਬਾਵਜੂਦ ਵੀ ਸਰਕਾਰਾਂ ਨੇ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਿਆ।
ਉਨ੍ਹਾਂ ਕਿਹਾ ਕਿ ਭਾਵੇਂ ‘ਯਾਰੀਆਂ-2’ ਫਿਲਮ ’ਚ ਸਿੱਖ ਵਿਰੋਧੀ ਹਰਕਤ ਨੂੰ ਲੈ ਕੇ ਭਾਜਪਾ ਦੇ ਨੁਮਾਇੰਦੇ ਵੀ ਫਿਲਮ ਦਾ ਵਿਰੋਧ ਕਰ ਰਹੇ ਹਨ, ਪਰ ਦੁੱਖ ਦੀ ਗੱਲ ਹੈ ਕਿ ਉਹ ਆਪਣੀ ਸਰਕਾਰ ’ਤੇ ਕਾਰਵਾਈ ਲਈ ਦਬਾਅ ਨਹੀਂ ਬਣਾ ਰਹੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕੌਮੀ ਬੁਲਾਰੇ ਸ. ਆਰਪੀ ਸਿੰਘ ਨੇ ‘ਯਾਰੀਆਂ-2’ ਫਿਲਮ ਦੇ ਸਿੱਖ ਵਿਰੋਧੀ ਹਿੱਸੇ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ, ਲੇਕਿਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਸਬੰਧਤ ਵਿਭਾਗਾਂ ਦੇ ਮੰਤਰੀਆਂ ਨਾਲ ਦੋਸ਼ੀਆਂ ਖਿਲਾਫ ਕਾਰਵਾਈ ਸਬੰਧੀ ਵੀ ਗੱਲ ਕਰਨ। ਉਨ੍ਹਾਂ ਕਿਹਾ ਕਿ ਕੇਵਲ ਲੋਕਾਂ ਨੂੰ ਦਿਖਾਉਣ ਲਈ ਰਾਜਸੀ ਬਿਆਨ ਭਾਜਪਾ ਦੇ ਆਗੂਆਂ ਦੀ ਸੰਜੀਦਗੀ ਨਹੀਂ ਦਰਸਾ ਸਕਦੇ, ਜਦ ਤੱਕ ਉਹ ਕਾਰਵਾਈ ਕਰਾਉਣ ਲਈ ਯਤਨ ਨਾ ਕਰਨ। ਭਾਈ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ’ਤੇ ਬੇਹੱਦ ਸੰਜੀਦਾ ਢੰਗ ਨਾਲ ਕਾਰਵਾਈ ਕਰ ਰਹੀ ਹੈ ਅਤੇ ਪੁਲਿਸ ਪਾਸ ਸ਼ਿਕਾਇਤ ਦੇਣ ਦੇ ਨਾਲ-ਨਾਲ ਕਾਨੂੰਨੀ ਵਿਭਾਗ ਰਾਹੀਂ ਵੀ ਮਾਮਲਾ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਅੰਦਰ ਅਜਿਹੀਆਂ ਹਰਕਤਾਂ ਰੋਕਣ ਲਈ ਭਾਰਤ ਸਰਕਾਰ ਦੇ ਸਬੰਧਤ ਮੰਤਰਾਲਿਆਂ ਤੱਕ ਵੀ ਪਹੁੰਚ ਕੀਤੀ ਜਾਵੇਗੀ।
Share the post "ਫਿਲਮਾਂ ’ਚ ਸਿੱਖ ਵਿਰੋਧੀ ਕਿਰਦਾਰ ਰੋਕਣ ਲਈ ਸਰਕਾਰਾਂ ਗੰਭੀਰ ਨਹੀਂ- ਭਾਈ ਗਰੇਵਾਲ"