ਬਰੈਂਪਟਨ: ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਿਹਾ ਕੂਟਨੀਤਕ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਬੀਤੇ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ‘ਤੇ ਸ: ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਗਾਇਆ ‘ਤੇ ਭਾਰਤ ਦੇ ਇਕ ਡਿਪਲੋਮੈਟ ਨੂੰ ਕੈਨੇਡਾ ਤੋਂ ਵਾਪਿਸ ਭਾਰਤ ਜਾਣ ਲਈ ਕਹਿ ਦਿੱਤਾ। ਉਥੇ ਹੀ ਦੂਜੇ ਪਾਸੇ ਭਾਰਤ ਨੇ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੈਨੇਡੀਅਨ ਡਿਪਲੋਮੈਟ ਨੂੰ ਕੱਢ ਦਿੱਤਾ।
ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਵਿਚ ਯਾਤਰਾ ਕਰਨ ਨੂੰ ਲੈ ਕੇ ਗੁਰੇਜ਼ ਕਰਨ ਲਈ ਕਿਹਾ ਹੈ। ਸਰਕਾਰ ਨੇ ਪੰਜਾਬ, ਜੰਮੂ-ਕਸ਼ਮੀਰ, ਗੁਜਰਾਤ ਅਤੇ ਰਾਜਸਥਾਨ ਵਿਚ ਸੁਰੱਖਿਆ ਨਾਲ ਜੁੜੇ ਹਾਲਾਤ ਪੈਦਾ ਹੋਣ ਦਾ ਖ਼ਦਸ਼ਾ ਜਤਾਇਆ ਹੈ।
ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਭਾਰਤ ਵਿਚ ਸਾਵਧਾਨੀ ਨਾਲ ਰਹਿਣ ਕਿਉਂਕਿ ਭਾਰਤ ਵਿਚ ਅੱਤਵਾਦੀ ਹਮਲੇ ਹੋ ਸਕਦੇ ਹਨ। ਵਿਸ਼ੇਸ਼ ਤੌਰ ‘ਤੇ ਪਾਕਿਸਤਾਨ ਦੇ ਨਾਲ ਲਗਦੇ ਸਰਹੱਦੀ ਖੇਤਰ ਵਿਚ ਸਾਰੀਆਂ ਯਾਤਰਾਵਾਂ ਟਾਲਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬ, ਗੁਜਰਾਤ ਅਤੇ ਰਾਜਸਥਾਨ ਵਿਚ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਦੇ ਖੇਤਰਾਂ ਵਿਚ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।