ਚੰਡੀਗੜ੍ਹ, 22 ਅਕਤੂਬਰ: ਡੀ ਏ ਪੀ ਤੇ ਯੂਰੀਆ ਆਦਿ ਖਾਦਾਂ ਖ੍ਰੀਦਣ ਸਮੇਂ ਕਿਸਾਨਾਂ ਦੇ ਗਲ਼ ਹੋਰ ਵਾਧੂ ਖਾਦਾਂ ਮੜ੍ਹਨ ਦਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਮਾਰਕਫੈੱਡ, ਇੱਫ਼ਕੋ ਆਦਿ ਸਰਕਾਰੀ ਏਜੰਸੀਆਂ ਸਮੇਤ ਪ੍ਰਾਈਵੇਟ ਡੀਲਰਾਂ ਉੱਤੇ ਸਖ਼ਤ ਪਾਬੰਦੀ ਲਾ ਕੇ ਇਹ ਧੱਕੇਸ਼ਾਹੀ ਰੋਕੀ ਜਾਵੇ।
ਪੰਜਾਬੀਆਂ ਲਈ ਦੂਰ ਹੋਇਆ ਕੈਨੇਡਾ! ਡਿਪਲੋਮੈਟਿਕ ਸਟਾਫ਼ ਵਾਪਸ ਬੁਲਾਉਣ ਕਾਰਨ ਵੀਜ਼ਾ ਮਿਲਣ ’ਚ ਹੋਵੇਗੀ ਦੇਰੀ
ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਇਸ ਧੱਕੇਸ਼ਾਹੀ ਵਿਰੁੱਧ ਸਬੰਧਤ ਸਪਲਾਇਰਾਂ/ਡੀਲਰਾਂ ਵਿਰੁੱਧ ਇਕੱਠੇ ਹੋ ਕੇ ਜਨਤਕ ਕਾਰਵਾਈ ਕੀਤੀ ਜਾਵੇ ਅਤੇ ਲੋੜ ਪਵੇ ਤਾਂ ਘਿਰਾਓ ਕੀਤੇ ਜਾਣ। ਆਪਣਾ ਬਿਆਨ ਜਾਰੀ ਰੱਖਦਿਆਂ ਕਿਸਾਨ ਆਗੂਆਂ ਨੇ ਮੰਡੀਆਂ ਵਿੱਚ ਕਿਸਾਨਾਂ ਦੀ ਕੀਤੀ ਜਾ ਰਹੀ ਖੱਜਲਖੁਆਰੀ ਬੰਦ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਮੀਂਹਾਂ ਅਤੇ ਅਗੇਤੀ ਠੰਢ ਕਾਰਨ ਮੌਸਮ ਵਿੱਚ ਵਧੀ ਹੋਈ ਨਮੀ ਦੇ ਬਹਾਨੇ ਝੋਨਾ ਨਾ ਖ੍ਰੀਦਣ ਦੇ ਰੂਪ ਵਿੱਚ ਕਿਸਾਨਾਂ ਨੂੰ ਸਜ਼ਾ ਨਾ ਦਿੱਤੀ ਜਾਵੇ। ਸਗੋਂ ਚਿਰਾਂ ਤੋਂ ਲਟਕਦੀ ਕਿਸਾਨਾਂ ਦੀ ਮੰਗ ਮੰਨ ਕੇ ਨਮੀ ਦੀ ਹੱਦ 22% ਤੱਕ ਕੀਤੀ ਜਾਵੇ।
ਗੋਲਮਾਲ: ਮਾਰਕਫੈੱਡ ਦੇ ਗੋਦਾਮ ਵਿਚੋਂ ਸਰਕਾਰੀ ਕਣਕ ਸੈਲਰ ਮਾਲਕ ਨੂੰ ਵੇਚੀ
ਇਸਤੋਂ ਇਲਾਵਾ ਖ੍ਰੀਦੇ ਜਾ ਚੁੱਕੇ ਝੋਨੇ ਦੀ ਲਿਫਟਿੰਗ ਨਾਲ਼ੋ ਨਾਲ਼ ਕਰਵਾਈ ਜਾਵੇ, ਤਾਂ ਕਿ ਮੰਡੀਆਂ ਵਿੱਚ ਲਗਾਤਾਰ ਆ ਰਹੇ ਝੋਨੇ ਲਈ ਜਗ੍ਹਾ ਦੀ ਕੋਈ ਤੋਟ ਨਾ ਆਵੇ। ਇਸ ਸਮੱਸਿਆ ਦਾ ਹੱਲ ਸਰਕਾਰ ਵੱਲੋਂ ਨਾ ਕਰਨ ਦੀ ਸੂਰਤ ਵਿੱਚ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਨੂੰ ਸੰਬੰਧਤ ਖ੍ਰੀਦ ਅਧਿਕਾਰੀਆਂ ਅਤੇ ਸਟੋਰਿੰਗ ਅਧਿਕਾਰੀਆਂ ਵਿਰੁੱਧ ਸਖ਼ਤ ਜਨਤਕ ਕਾਰਵਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ।
Share the post "ਡੀ ਏ ਪੀ ਤੇ ਯੂਰੀਆ ਖ੍ਰੀਦਣ ਸਮੇਂ ਕਿਸਾਨਾਂ ਨੂੰ ਵਾਧੂ ਖਾਦਾਂ ਮੜ੍ਹਨ ਦਾ ਉਗਰਾਹਾਂ ਜਥੇਬੰਦੀ ਵੱਲੋਂ ਸਖਤ ਵਿਰੋਧ"