12 Views
ਪੰਜਾਬ ਸਰਕਾਰ ਆਮ ਲੋਕਾਂ ਦੀ ਬਜਾਏ ਗੈਂਗਸਟਰਵਾਦ ਨਾਲ ਖੜੀ
ਸੁਖਜਿੰਦਰ ਮਾਨ
ਬਠਿੰਡਾ, 29 ਅਕਤੂਬਰ: ਬਠਿੰਡਾ ਦੇ ਮਾਲ ਰੋਡ ‘ਤੇ ਬੀਤੀ ਸ਼ਾਮ ਇੱਕ ਕਾਰੋਬਾਰੀ ਦੇ ਹੋਏ ਕਤਲ ਕਾਂਡ ਤੋਂ ਬਾਅਦ ਅੱਜ ਵਪਾਰੀਆਂ ਅਤੇ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਸਥਾਨਕ ਹਨੂਮਾਨ ਚੌਂਕ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਇਸ ਧਰਨੇ ਵਿੱਚ ਸ਼ਾਮਿਲ ਹੋਣ ਲਈ ਮਹਿਰੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਪੁੱਜੇ ਹੋਏ ਸਨ। ਇਸ ਮੌਕੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ‘ਤੇ ਦੋਸ਼ ਲਗਾਇਆ ਕਿ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਬਿਲਕੁਲ ਲਵਾਰਸਾਂ ਵਾਲੀ ਹੋ ਚੁੱਕੀ ਹੈ। ਪੰਜਾਬ ਦੇ ਕਾਰੋਬਾਰੀਆਂ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰ ਪਿੰਡ ਚ ਗੈਂਗਸਟਰਵਾਦ ਪੈਦਾ ਹੋ ਚੁੱਕਿਆ ਹੈ। ਪ੍ਰੰਤੂ ਪੰਜਾਬ ਸਰਕਾਰ ਇਸਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।
ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਇੱਕ ਵਟਸਅੱਪ ਨੰਬਰ ਜਾਰੀ ਕਰੇ, ਜਿਸ ਉੱਪਰ ਫਿਰੌਤੀ ਤੋਂ ਪੀੜਤ ਵਿਅਕਤੀ ਕਾਲ ਕਰਕੇ ਜਾਣਕਾਰੀ ਦੇ ਸਕਣ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਪਤਾ ਚੱਲੇਗਾ ਕਿ ਕਿਸ ਪੱਧਰ ‘ਤੇ ਪੰਜਾਬ ਦੇ ਵਿੱਚ ਫਿਰੌਤੀ ਦਾ ਕਾਰੋਬਾਰ ਚੱਲ ਰਿਹਾ ਹੈ। ਮਹਿਰੂਮ ਗਾਇਕ ਦੇ ਪਿਤਾ ਨੇ ਦੁਖੀ ਮਨ ਨਾਲ ਕਿਹਾ ਕਿ ਕਿਸੇ ਨੂੰ ਕੀ ਹੱਕ ਹੈ ਕਿ ਕਿਸੇ ਹੋਰ ਦੇ ਪਰਿਵਾਰ ਨੂੰ ਹੱਸਦੇ ਵਸਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਜਾਵੇ। ਉਨਾਂ ਕਿਹਾ ਕਿ ਅਜਿਹੇ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾਉਣੀ ਬਹੁਤ ਜਰੂਰੀ ਹੈ।
ਇਸ ਤੋਂ ਇਲਾਵਾ ਇੱਕ ਸਵਾਲ ਦੇ ਜਵਾਬ ਵਿੱਚ ਬਲਕੌਰ ਸਿੱਧੂ ਨੇ ਸਵਾਲ ਕਰਦਿਆਂ ਕਿਹਾ ਕਿ ਉਸਦੇ ਪੁੱਤਰ ਵੱਲੋਂ ਗਾਏ ਹੋਏ ਐਸ ਵਾਈ ਐਲ ਗਾਣੇ ਉੱਪਰ ਸਿਰਫ 24 ਘੰਟਿਆਂ ਵਿੱਚ ਹੀ ਰੋਕ ਲਗਾ ਦਿੱਤੀ ਸੀ ਪ੍ਰੰਤੂ ਉਸਦੇ ਕਾਤਲ ਲੋਰੈਂਸ ਬਿਸ਼ਨੋਈ ਦੀ ਸੱਤ ਮਹੀਨੇ ਪਹਿਲਾਂ ਹੋਈ ਇੰਟਰਵਿਊ ਅੱਜ ਵੀ ਕੌਮੀ ਚੈਨਲਾਂ ਤੇ ਉਸੇ ਤਰ੍ਹਾਂ ਚੱਲ ਰਹੀ ਹੈ। ਉਹਨਾਂ ਇਸ ਮੁੱਦੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਨੂੰ ਜਵਾਬ ਦੇਣ ਲਈ ਵੀ ਕਿਹਾ। ਇਸ ਤੋਂ ਇਲਾਵਾ ਇਕ ਨਵੰਬਰ ਨੂੰ ਪੰਜਾਬ ਦੇ ਮੁੱਦਿਆਂ ‘ਤੇ ਹੋਣ ਵਾਲੀ ਡਿਬੇਟ ਉਪਰ ਟਿੱਪਣੀ ਕਰਦਿਆਂ ਬਲਕੌਰ ਸਿੱਧੂ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਇਸ ਦੇ ਵਿੱਚ ਆਮ ਲੋਕਾਂ ਨੂੰ ਸ਼ਮੂਲੀਅਤ ਕਰਨ ਦਿੱਤੀ ਜਾਵੇਗੀ, ਬਲਕਿ ਇਸ ਦੇ ਵਿੱਚ ਸਿਰਫ ਗਿਣੇ ਚੁਣੇ ਲੀਡਰ ਹੀ ਭਾਗ ਲੈਣਗੇ ।