ਬਠਿੰਡਾ, 11 ਦਸੰਬਰ: ਅਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ 25 ਨਵੰਬਰ ਤੋਂ 5 ਦਸੰਬਰ ਤੱਕ ਸ਼ਾਂਤਮਈ ਧਰਨਾ ਦੇਣ ਅਤੇ ਉਸਤੋਂ ਬਾਅਦ ਹੜਤਾਲ ’ਤੇ ਚੱਲ ਰਹੇ ਏਮਜ਼ ਬਠਿੰਡਾ ਦੇ ਨਰਸਿੰਗ ਸਟਾਫ਼ ਅਤੇ ਏਮਜ਼ ਪ੍ਰਸ਼ਾਸਨ ਵਿਚਕਾਰ ਸਹਿਮਤੀ ਬਣਦੀ-ਬਣਦੀ ਟਲ ਗਈ ਹੈ। ਇਸ ਸਬੰਧ ਵਿਚ ਬੀਤੇ ਕੱਲ ਅਤੇ ਅੱਜ ਲਗਾਤਾਰ ਦੋਨਾਂ ਧਿਰਾਂ ਵਿਚਕਾਰ ਚੱਲੀਆਂ ਮੀਟਿੰਗਾਂ ਤਂੋ ਬਾਅਦ ਪ੍ਰਬੰਧਕਾਂ ਨੇ ਹੜਤਾਲੀ ਮੁਲਾਜਮਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਕਰ ਦਿੱਤਾ ਸੀ ਪ੍ਰੰਤੂ ਇਸਦੇ ਬਾਵਜੂਦ ਹੜਤਾਲ ਜਾਰੀ ਹੈ ਕਿਉਂਕਿ ਨਰਸਿੰਗ ਸਟਾਫ਼ ਵਲੋਂ ਖ਼ਦਸਾ ਜਤਾਇਆ ਜਾ ਰਿਹਾ ਹੈ ਕਿ ਹੜਤਾਲ ਦੇ ਚੱਲਦੇ ਆਉਣ ਵਾਲੇ ਸਮਂੇ ਵਿਚ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਗਈ ਹੈ। ਜਿਸਦੇ ਚੱਲਦੇ ਉਨ੍ਹਾਂ ਵਲੋਂ ਹੜਤਾਲੀ ਮੁਲਾਜ਼ਮਾਂ ਨੂੰ ਕੱਢੇ ਕਾਰਨ ਦੱਸੋ ਨੋਟਿਸ ਵਾਪਸ ਲੈਣ ਅਤੇ ਭਵਿੱਖ ਦੇ ਵਿਚ ਹੜਤਾਲੀ ਮੁਲਾਜ਼ਮਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦਾ ਲਿਖ਼ਤੀ ਭਰੋਸਾ ਮੰਗਿਆ ਜਾ ਰਿਹਾ ਹੈ। ਜਿਸ ਕਾਰਨ ਦੋਨਾਂ ਧਿਰਾਂ ਵਿਚਕਾਰ ‘ਪੇਚ’ ਫ਼ਸ ਗਿਆ ਹੈ।
ਬਠਿੰਡਾ ’ਚ ਪੁਲਿਸ ਤੇ ਲੁਟੇਰਿਆਂ ਵਿਚਕਾਰ ਹੋਈ ਗੋਲੀਬਾਰੀ, ਇੱਕ ਲੁਟੇਰਾ ਜਖਮੀ
ਨਰਸਿੰਗ ਅਫ਼ਸਰਾਂ ਨੇ ਐਲਾਨ ਕੀਤਾ ਹੈ ਕਿ ਜਿੰਨਾਂ ਸਮਾਂ ਉਨ੍ਹਾਂ ਵਿਰੁਧ ਕੋਈ ਵੀ ਕਾਰਵਾਈ ਨਾ ਕਰਨ ਦਾ ਲਿਖ਼ਤੀ ਭਰੋਸਾ ਨਹੀਂ ਦਿੱਤਾ ਜਾਂਦਾ, ਉਨ੍ਹਾਂ ਸਮਾਂ ਉਹ ਅਪਣੀ ਹੜਤਾਲ ਜਾਰੀ ਰੱਖਣਗੇ। ਦੂਜੇ ਪਾਸੇ ਏਮਜ਼ ਪ੍ਰਸ਼ਾਸਨ ਨੇ ਹੜਤਾਲੀ ਮੁਲਾਜਮਾਂ ਦੀਆਂ ਮੰਗਾਂ ‘ਤੇ ਸਹਿਮਤੀ ਜਤਾਉਣ ਦੇ ਬਾਵਜੂਦ ਹੜਤਾਲ ਵਾਪਸ ਨਾ ਲੈਣ ਦੇ ਫੈਸਲੇ ’ਤੇ ਨਰਾਜਗੀ ਪ੍ਰਗਟਾਈ ਹੈ। ਇਸ ਸਬੰਧ ਵਿਚ ਦੋਨਾਂ ਧਿਰਾਂ ਵਲੋਂ ਆਪੋ-ਅਪਣਾ ਪੱਖ ਰੱਖਦੇ ਹੋਏ ਦੋ ਅਲੱਗ-ਅਲੱਗ ਬਿਆਨ ਜਾਰੀ ਕੀਤੇ ਗਏ। ਏਮਜ਼ ਹਸਪਤਾਲ ਦੇ ਬੁਲਾਰੇ ਪ੍ਰੋਫੈਸਰ (ਡਾ) ਤਰੁਣ ਗੋਇਲ ਨੇ ਦਸਿਆ ਕਿ ਏਮਜ ਪ੍ਰਸ਼ਾਸਨ ਵਲੋਂ 10 ਅਤੇ 11 ਦਸੰਬਰ ਨੂੰ ਨਰਸਿੰਗ ਅਧਿਕਾਰੀਆਂ ਨਾਲ ਏਮਜ਼ ਦੇ ਡਿਪਟੀ ਡਾਇਰੈਕਟਰ ਕਰਨਲ ਰਾਜੀਵ. ਸੈਨ ਰਾਏ , ਮੈਡੀਕਲ ਸੁਪਰਡੈਂਟ ਡਾ: ਰਾਜੀਵ ਕੁਮਾਰ ਅਤੇ ਪ੍ਰਿੰਸੀਪਲ ਨਰਸਿੰਗ ਕਾਲਜ ਡਾ: ਕਮਲੇਸ਼ ਕੁਮਾਰੀ ਦੀ ਹਾਜ਼ਰੀ ਵਿੱਚ ਵਿਸਤ੍ਰਿਤ ਮੀਟਿੰਗਾਂ ਕੀਤੀਆਂ ਗਈਆਂ, ਜਿਸਦੇ ਵਿਚ ਮੰਗਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਅਪਣੀਆਂ ਮੰਗਾਂ ਨੂੰ ਲੈਕੇ ਕਲਮਛੋੜ ਹੜਤਾਲ ’ਤੇ ਚੱਲ ਰਹੇ ‘ਦਫ਼ਤਰੀ ਬਾਬੂ’ 14 ਤੇ 15 ਨੂੰ ਲੈਣਗੇ ਸਮੂਹਿਕ ਛੁੱਟੀ
ਮੀਟਿੰਗ ਦੌਰਾਨ ਏਮਜ਼ ਪ੍ਰਸ਼ਾਸਨ ਨੇ ਮੰਗਾਂ ਪ੍ਰਤੀ ਸੁਹਿਰਦਤਾ ਦਿਖਾਉਂਦਿਆਂ ਨਰਸਿੰਗ ਅਫਸਰਾਂ ਨੂੰ ਇਹ ਯਕੀਨੀ ਬਣਾਉਣ ਕਿ ਮਰੀਜ਼ਾਂ ਦੀ ਦੇਖਭਾਲ ਪ੍ਰਭਾਵਿਤ ਨਹੀਂ ਹੋਵੇਗੀ, ਇੱਕ ਮਹੀਨੇ ਵਿੱਚ ਡਿਊਟੀ ਤੋਂ 8 ਦਿਨ ਦੀ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਸੀਸੀਐਸ ਨਿਯਮਾਂ ਅਨੁਸਾਰ ਛੁੱਟੀਆਂ ਦੀਆਂ ਅਰਜ਼ੀਆਂ ’ਤੇ ਹਮਦਰਦੀ ਨਾਲ ਵਿਚਾਰ ਕਰਨ ਤੋਂ ਇਲਾਵਾ ਨਰਸਿੰਗ ਅਫ਼ਸਰਾਂ ਨੂੰ ਉਹਨਾਂ ਦੀ ਪ੍ਰੋਬੇਸ਼ਨ ਦੀ ਕਲੀਅਰੈਂਸ ਦੇ ਮੁੱਦੇ ਨੂੰ ਹੱਲ ਕਰਨ ਲਈ ਸੰਭਾਵਤ ਤੌਰ ’ਤੇ ਜਨਵਰੀ 2024 ਤੱਕ ਇੰਸਟੀਚਿਊਟ ਬਾਡੀ ਦੀ ਮੀਟਿੰਗ ਪਹਿਲ ਦੇ ਆਧਾਰ ’ਤੇ ਰੱਖਣ ਦਾ ਭਰੋਸਾ ਦਿਵਾਇਆ ਹੈ। ਇਸ ਤੋਂ ਬਾਅਦ ਯੋਗ ਸਟਾਫ਼ ਦੀਆਂ ਤਰੱਕੀਆਂ ਵੀ ਕੀਤੀਆਂ ਜਾਣਗੀਆਂ। ਡਾ ਗੋਇਲ ਨੇ ਦਾਅਵਾ ਕੀਤਾ ਕਿ ਏਮਜ਼ ਪ੍ਰਸ਼ਾਸਨ ਨੇ ਨਰਸਿੰਗ ਅਧਿਕਾਰੀਆਂ ਦੀਆਂ ਮੰਗਾਂ ਪ੍ਰਤੀ ਬਹੁਤ ਹੀ ਹਾਂ-ਪੱਖੀ ਨਜ਼ਰੀਆ ਦਿਖਾਇਆ ਹੈ ਪ੍ਰੰਤੂ ਇਸਦੇ ਬਾਵਜੂਦ ਨਰਸਿੰਗ ਅਫਸਰਾਂ ਦੀ ਹੜਤਾਲ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਮਿਲ ਰਹੇ।
ਹਸਪਤਾਲ ‘ਚ ਮੈਡੀਕਲ ਕਰਵਾਉਣ ਆਏ ਥਾਣੇਦਾਰ ਤੇ ਵਕੀਲ ਹੋਏ ਗੁੱਥਮਗੁੱਥਾ
ਦੂਜੇ ਪਾਸੇ ਨਰਸਿੰਗ ਅਫ਼ਸਰਾਂ ਨੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਬੇਸ਼ੱਕ ਉਨ੍ਹਾਂ ਦੀਆਂ ਮੰਗਾਂ ਸਬੰਧੀ ਲਿਖਤੀ ਹੁਕਮ ਜਾਰੀ ਕਰਨ ’ਤੇ ਸਹਿਮਤੀ ਬਣੀ ਹੈ। ਪਰ ਉਨ੍ਹਾਂ ਦੀ ਇਹ ਵੀ ਮੰਗ ਕੀਤੀ ਹੈ ਕਿ ਸ਼ਾਂਤਮਈ ਧਰਨੇ ਵਿੱਚ ਸ਼ਾਮਲ ਨਰਸਿੰਗ ਅਫ਼ਸਰਾਂ ਨੂੰ ਦਿੱਤੇ ਨੋਟਿਸ ਵਾਪਸ ਲਏ ਜਾਣ ਅਤੇ ਧਰਨੇ ਵਿੱਚ ਸ਼ਾਮਲ ਨਰਸਿੰਗ ਅਫ਼ਸਰਾਂ ਦੀ ਹਾਜ਼ਰੀ ਬੰਦ ਕੀਤੀ ਜਾਵੇ, ਨੂੰ ਲਿਖਤੀ ਹੁਕਮ ਜਾਰੀ ਕਰਕੇ ਭਵਿੱਖ ਵਿੱਚ ਉਨ੍ਹਾਂ ਦੀ ਕਮਾਈ ਹੋਈ ਛੁੱਟੀ ਦੀ ਕਟੌਤੀ ਜਾਂ ਰਜਿਸਟਰੇਸ਼ਨ ਕਰਵਾ ਕੇ ਕੋਈ ਵੀ ਅਨੁਸ਼ਾਸਨੀ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ ਜਾਵੇ ਪ੍ਰੰਤੂ ਏਮਜ਼ ਪ੍ਰਸ਼ਾਸਨ ਇਸਤੋਂ ਸਾਫ਼ ਇਨਕਾਰੀ ਹੈ। ਜਿਸਦੇ ਚੱਲਦੇ ਉਨ੍ਹਾਂ ਨੂੰ ਖ਼ਦਸਾ ਹੈ ਕਿ ਏਮਜ਼ ਪ੍ਰਸ਼ਾਸਨ ਦੀ ਮਨਸ਼ਾ ਉਨ੍ਹਾਂ ਵਿਰੁਧ ਅਨੁਸ਼ਾਸਨੀ ਕਾਰਵਾਈ ਕਰਨ ਦੀ ਹੋ ਸਕਦੀ ਹੈ। ਜਿਸਦ ਚੱਲਦੇ ਇਹ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਹੜਤਾਲ ਵਿਚ ਸ਼ਾਮਲ ਨਰਸਿੰਗ ਅਫ਼ਸਰਾਂ ਵਿਰੁਧ ਕੋਈ ਵਿਭਾਗੀ ਕਾਰਵਾਈ ਨਾ ਕਰਨ ਦੇ ਲਿਖਤੀ ਹੁਕਮ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਉਹ ਆਪਣਾ ਧਰਨਾ ਜਾਰੀ ਰੱਖਣਗੇ।
Share the post "ਏਮਜ਼ ਪ੍ਰਸ਼ਾਸਨ ਤੇ ਨਰਸਿੰਗ ਸਟਾਫ਼ ਵਿਚਕਾਰ ਮੰਗਾਂ ‘ਤੇ ਸਹਿਮਤੀ ਬਣਦੀ-ਬਣਦੀ ਟਲੀ: ਹੜਤਾਲ ਜਾਰੀ"