ਬਠਿੰਡਾ ਲੋਕ ਸਭਾ ਹਲਕੇ ਦੀ ਮੋੜ ਮੰਡੀ ਵਿੱਚ ਹੋਵੇਗੀ ਰੈਲੀ
ਸੁਖਜਿੰਦਰ ਮਾਨ
ਬਠਿੰਡਾ, 11 ਦਸੰਬਰ: ਕੁਝ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਦੇ ਮੁਦਿਆਂ ‘ਤੇ ਲੋਕ ਸਭਾ ਹਲਕਿਆਂ ਮੁਤਾਬਕ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ਦੀ ਕੜੀ ਤਹਿਤ ਬਠਿੰਡਾ ਲੋਕ ਸਭਾ ਹਲਕੇ ਵਿਚ ਪਹਿਲੀ ਰੈਲੀ 17 ਦਸੰਬਰ ਨੂੰ ਕੀਤੀ ਜਾ ਰਹੀ ਹੈ। ਮੋੜ ਮੰਡੀ ਵਿੱਚ ਹੋਣ ਜਾ ਰਹੀ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੁੱਜ ਰਹੇ ਹਨ। ਇਹ ਵੀ ਪਤਾ ਚੱਲਿਆ ਹੈ ਕਿ ਦੂਜੀਆਂ ਰੈਲੀਆਂ ਦੀ ਤਰ੍ਹਾਂ ਇਸ ਰੈਲੀ ਵਿਚ ਵੀ ਕੋਈ ਪੰਜਾਬ ਪੱਧਰੀ ਐਲਾਨ ਜਾਂ ਫਿਰ ਬਠਿੰਡਾ ਲੋਕ ਸਭਾ ਹਲਕੇ ਵਾਸਤੇ ਵਿਕਾਸ ਕਾਰਜਾਂ ਦਾ ਪਿਟਾਰਾ ਖੋਲ੍ਹਿਆ ਜਾ ਸਕਦਾ ਹੈ ਪਰੰਤੂ ਹਾਲੇ ਤੱਕ ਇਸ ਗੱਲ ਦੀ ਭਾਫ਼ ਨਹੀਂ ਕੱਢੀ ਜਾ ਰਹੀ ਹੈ।
ਬਹੁ ਕਰੋੜੀ ਇਸ਼ਤਿਹਾਰੀ ਠੱਗ ਅਮਨ ਸਕੋਡਾ ਦਾ ਜੀਜਾ ਗਿ੍ਫਤਾਰ
ਦੂਜੇ ਪਾਸੇ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਆਪ ਆਗੂਆਂ ਨੇ ਜੰਗੀ ਪੱਧਰ ‘ਤੇ ਤਿਆਰੀਆਂ ਵਿੱਢ ਦਿੱਤੀਆਂ ਹਨ। ਪਾਰਟੀ ਆਗੂਆਂ ਮੁਤਾਬਿਕ ਇਸ ਰੈਲੀ ਦੀਆਂ ਤਿਆਰੀਆਂ ਲਈ ਪੰਜਾਬ ਦੇ ਸੂਬਾਈ ਆਗੂਆਂ ਤੋਂ ਇਲਾਵਾ ਦਿੱਲੀ ਦੇ ਇੰਚਾਰਜਾਂ ਵਲੋਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਪਤਾ ਚੱਲਿਆ ਹੈ ਕਿ ਪਹਿਲਾਂ ਇਹ ਰੈਲੀ ਬਠਿੰਡਾ ਸ਼ਹਿਰ ਦੇ ਗੋਨਿਆਣਾ ਰੋਡ ਤੇ ਪੈਂਦੀ ਪਰਲਜ਼ ਗਰੁੱਪ ਦੀ ਜ਼ਮੀਨ ਵਿਚ ਕੀਤੀ ਜਾਣ ਬਾਰੇ ਸੋਚਿਆ ਗਿਆ ਸੀ ਪਰੰਤੂ ਇਹ ਵਿਵਾਦਤ ਜ਼ਮੀਨ ਹੋਣ ਕਾਰਨ ਇਹ ਯੋਜਨਾ ਬਦਲ ਕੇ ਭੁੱਚੋ ਮੰਡੀ ਤੇ ਹੁਣ ਮੋੜ ਮੰਡੀ ਵਿੱਚ ਚੌਂਕ ਦੇ ਨਜ਼ਦੀਕ ਸਰਕਾਰੀ ਜਗ੍ਹਾ ਵਿੱਚ ਤੈਅ ਕੀਤੀ ਗਈ ਹੈ। ਇਸਦੀ ਪੁਸ਼ਟੀ ਹਲਕਾ ਵਿਧਾਇਕ ਸੁਖਵੀਰ ਮਾਈਸਰਖਾਨਾ ਨੇ ਕਰਦਿਆਂ ਦੱਸਿਆ ਕਿ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੰਸਦ ’ਚ ਪੰਜਾਬ ਦੇ ਗਲਤ ਤਰੀਕੇ ਨਾਲ ਰੋਕੇ ਫੰਡ ਜਾਰੀ ਕਰਨ ਦੀ ਕੀਤੀ ਅਪੀਲ
ਇਹ ਵੀ ਪਤਾ ਚੱਲਿਆ ਹੈ ਕਿ ਵਿਧਾਇਕਾਂ ਤੇ ਜ਼ਿਲ੍ਹਾ ਪੱਧਰੀ ਆਗੂਆਂ ਦੇ ਨਾਲ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਵੱਲੋਂ ਵੀ ਇਸ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬਠਿੰਡਾ ਲੋਕ ਸਭਾ ਹਲਕਾ ਪੰਜਾਬ ਦੇ ਮਹੱਤਵਪੂਰਨ ਹਲਕਿਆਂ ਵਿਚੋਂ ਇਕ ਹੈ ਅਤੇ ਇਸ ਹਲਕੇ ਉਪਰ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਬਜ਼ ਚੱਲਿਆ ਆ ਰਿਹਾ ਹੈ। ਸਾਲ 2014 ਵਿਚ ਆਪ ਵਲੋਂ ਗਾਇਕ ਤੇ ਐਕਟਰ ਜੱਸੀ ਜਸਰਾਜ ਉਮੀਦਵਾਰ ਸੀ ਤੇ ਉਸਨੂੰ ਮਹਿਜ਼ 87,901 ਵੋਟਾਂ ਹਾਸਲ ਹੋਈਆਂ ਸਨ। ਇਸਤੋਂ ਬਾਅਦ ਸਾਲ 2019 ਵਿਚ ਪਾਰਟੀ ਨੇ ਤਲਵੰਡੀ ਸਾਬੋ ਹਲਕੇ ਤੋਂ ਸਿੰਟਿਗ ਵਿਧਾਇਕ ਬਲਜਿੰਦਰ ਕੌਰ ਨੂੰ ਟਿਕਟ ਦਿੱਤੀ ਸੀ ਪਰ ਉਨ੍ਹਾਂ ਨੂੰ ਵੀ 1,34,398 ਵੋਟਾਂ ਨਾਲ ਮੁੜ ਤੀਜੇ ਨੰਬਰ ਉੱਤੇ ਸਬਰ ਕਰਨਾ ਪਿਆ ਸੀ।
ਬਠਿੰਡਾ ’ਚ ਪੁਲਿਸ ਤੇ ਲੁਟੇਰਿਆਂ ਵਿਚਕਾਰ ਹੋਈ ਗੋਲੀਬਾਰੀ, ਇੱਕ ਲੁਟੇਰਾ ਜਖਮੀ
ਮੌਜੂਦਾ ਸਮੇਂ ਆਪ ਦੀ ਸੂਬੇ ਵਿਚ ਸਰਕਾਰ ਹੈ ਅਤੇ ਨਾਲ ਹੀ ਇਸ ਹਲਕੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿਚ ਆਪ ਦੇ ਵਿਧਾਇਕ ਜਿੱਤੇ ਹੋਏ ਹਨ। ਜਿਸਦੇ ਚੱਲਦੇ ਆਪ ਹੁਣ ਬਠਿੰਡਾ ਵਿਚੋਂ ਬਾਦਲਾਂ ਦਾ ਗੜ੍ਹ ਤੋੜਣੀ ਚਾਹੁੰਦੀ ਹੈ। ਇਸਤੋਂ ਇਲਾਵਾ ਬਾਦਲਾਂ ਦੀ ਘਰੋਂ ਸੀਟ ਲੰਬੀ ਤੋਂ ਮਹਰੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਪ੍ਰਭਾਵਸ਼ਾਲੀ ਵਿਭਾਗਾਂ ਦੇ ਕੈਬਨਿਟ ਵਜ਼ੀਰ ਹਨ ਅਤੇ ਬੁਢਲਾਡਾ ਹਲਕੇ ਤੋਂ ਦੂਜੀ ਵਾਰ ਜੇਤੂ ਰਹੇ ਪ੍ਰਿੰਸੀਪਲ ਬੁੱਧਰਾਮ ਪੰਜਾਬ ਆਪ ਦੇ ਕਾਰਜਕਾਰੀ ਪ੍ਰਧਾਨ ਹਨ। ਇਸੇ ਤਰ੍ਹਾਂ ਤਲਵੰਡੀ ਸਾਬੋ ਤੋਂ ਦੂਜੀ ਵਾਰ ਦੀ ਵਿਧਾਇਕਾ ਬਲਜਿੰਦਰ ਕੌਰ ਨੂੰ ਪਾਰਟੀ ਦੀ ਵਿਧਾਨ ਸਭਾ ਵਿੱਚ ਚੀਫ਼ ਵਿੱਪ ਬਣਾ ਕੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਹੋਇਆ ਹੈ।
ਬਿਕਰਮ ਸਿੰਘ ਮਜੀਠੀਆ ਨੂੰ ਪੁਰਾਣੇ ਮਾਮਲੇ ’ਚ ਪੁਲਿਸ ਵਲੋਂ ਸੰਮਨ
ਨਾਲ ਇਸ ਲੋਕ ਸਭਾ ਹਲਕੇ ਵਿੱਚੋਂ ਪੌਣੀ ਦਰਜਨ ਦੇ ਕਰੀਬ ਆਪ ਆਗੂਆਂ ਨੂੰ ਸੂਬਾ ਪੱਧਰੀ ਚੇਅਰਮੈਨੀਆਂ ਵੀ ਦਿੱਤੀਆਂ ਗਈਆਂ ਹਨ।ਜਿਸਦੇ ਚੱਲਦੇ ਪਾਰਟੀ ਹਾਈਕਮਾਂਡ ਦਾ ਮੰਨਣਾ ਹੈ ਕਿ ਜੇਕਰ ਫਿਰ ਵੀ ਪਾਰਟੀ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਨਹੀਂ ਜਿੱਤਦੀ ਤਾਂ ਕਾਫੀ ਨਮੋਸ਼ੀ ਵਾਲੀ ਗੱਲ ਹੋਵੇਗੀ। ਜਿਸਦੇ ਕਾਰਨ 17 ਦਸੰਬਰ ਨੂੰ ਹਲਕੇ ਵਿਚ ਹੋਣ ਵਾਲੀ ਪਹਿਲੀ ਰੈਲੀ ਉਪਰ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਪਾਰਟੀ ਆਗੂਆਂ ਮੁਤਾਬਿਕ ਹਰੇਕ ਹਲਕੇ ਨੂੰ 7000 ਬੰਦਾ ਰੈਲੀ ਵਿਚ ਲਿਆਉਣ ਲਈ ਕਿਹਾ ਗਿਆ ਹੈ। ਇਸਤੋਂ ਇਲਾਵਾ ਟਿਕਟ ਦੇ ਦਾਅਵੇਦਾਰਾਂ ਨੂੰ ਵੀ ਆਪਣਾ ਦਮਖਮ ਦਿਖਾਉਣ ਲਈ ਕਿਹਾ ਗਿਆ ਹੈ। ਦੱਸਣਾ ਬਣਦਾ ਹੈ ਕਿ ਦੋ ਚੇਅਰਮੈਨਾਂ ਸਹਿਤ ਅੱਧੀ ਦਰਜਨ ਦੇ ਕਰੀਬ ਆਗੂ ਬਠਿੰਡਾ ਲੋਕ ਸਭਾ ਹਲਕੇ ਤੋਂ ਪਾਰਟੀ ਟਿਕਟ ਦੇ ਦਾਅਵੇਦਾਰ ਹਨ।
Share the post "Breking News: 17 ਨੂੰ ਬਾਦਲਾਂ ਦੇ ਗੜ੍ਹ ‘ਚ ਲੋਕ ਸਭਾ ਚੋਣਾਂ ਦਾ ਵਿਗਲ ਵਜਾਉਣਗੇ ਭਗਵੰਤ ਮਾਨ ਤੇ ਕੇਜਰੀਵਾਲ"