14 Views
ਨਵੀਂ ਦਿੱਲੀ, 26 ਦਸੰਬਰ: ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਅਤੇ ਇਹਨਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨਾਲ ਸੂਬੇ ਵਿੱਚ ਗਠਜੋੜ ਦੀਆਂ ਚੱਲ ਰਹੀਆਂ ਕਿਆਸਰਾਈਆਂ ਦੇ ਦੌਰਾਨ ਪੰਜਾਬ ਕਾਂਗਰਸ ਪਾਰਟੀ ਦੀ ਅੱਜ ਇੱਕ ਅਹਿਮ ਮੀਟਿੰਗ ਦਿੱਲੀ ਦੇ ਵਿੱਚ ਹਾਈ ਕਮਾਂਡ ਦੇ ਆਗੂਆਂ ਨਾਲ ਹੋਣ ਜਾ ਰਹੀ ਹੈ। ਪਾਰਟੀ ਦੇ ਉੱਚ ਸੂਤਰਾਂ ਮੁਤਾਬਕ ਇਸ ਮੀਟਿੰਗ ਦੇ ਵਿੱਚ ਲੋਕ ਸਭਾ ਚੋਣਾਂ ਲਈ ਅਪਣਾਈ ਜਾਣ ਵਾਲੀ ਰਣਨੀਤੀ ਅਤੇ ਗਠਜੋੜ ਨੂੰ ਲੈ ਕੇ ਲੋਕ ਚਰਚਾ ਹੋਣੀ ਤੈਅ ਹੈ। ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸ਼ਾਮਿਲ ਹੋਵੇਗੀ।
ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਕੀ ਸੋਚਦੀ ਹੈ, ਇਸ ਬਾਰੇ ਹਾਈ ਕਮਾਂਡ ਨੂੰ ਜਾਣੂ ਕਰਵਾਇਆ ਜਾਵੇਗਾ।ਉਧਰ ਇਸ ਮੀਟਿੰਗ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਨਵੇਂ ਲਗਾਏ ਇੰਚਾਰਜ ਦੇਵੇਂਦਰ ਯਾਦਵ ਨੇ ਗਠਜੋੜ ਨੂੰ ਲੈ ਕੇ ਕੁਝ ਸੰਕੇਤ ਦਿੱਤੇ ਹਨ। ਉਨ੍ਹਾਂ ਇਕ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਗਠਜੋੜ ਲੋਕ ਭਾਵਨਾ ਅਤੇ ਲੋਕਲ ਲੀਡਰਸ਼ਿਪ ਦੀ ਰਾਏ ਮੁਤਾਬਕ ਹੀ ਹਾਈਕਮਾਂਡ ਵੱਲੋਂ ਫੈਸਲਾ ਲੈਣ ਦਾ ਵੱਡਾ ਆਧਾਰ ਹੋਣਗੇ।
ਗੌਰਤਲਬ ਹੈ ਕਿ ਕੌਮੀ ਪੱਧਰ ‘ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਇੰਡੀਆ ਗਠਜੋੜ ਦਾ ਹਿੱਸਾ ਬਣ ਚੁੱਕੀਆਂ ਹਨ ਪਰ ਪੰਜਾਬ ਦੇ ਵਿੱਚ ਸਥਿਤੀ ਵੱਖਰੀ ਹੈ ਪੰਜਾਬ ਦੇ ਵਿੱਚ ਨਾ ਤਾਂ ਕਾਂਗਰਸ ਸੀ ਤੇ ਨਾ ਹੀ ਆਮ ਆਦਮੀ ਪਾਰਟੀ ਹੁਣ ਤੱਕ ਗਠਜੋੜ ਦੇ ਹੱਕ ਦੇ ਵਿੱਚ ਖੜਦੀ ਦਿਖਾਈ ਦੇ ਰਹੀ ਹੈ। ਦੋਨਾਂ ਹੀ ਪਾਰਟੀਆਂ ਦੇ ਆਗੂਆਂ ਵੱਲੋਂ ਅਲੱਗ ਅਲੱਗ ਚੋਣਾਂ ਲੜਨ ਦੇ ਬਿਆਨ ਦਾਗੇ ਜਾ ਰਹੇ ਹਨ ਇਸ ਤੋਂ ਇਲਾਵਾ ਇੱਕ ਦੂਜੇ ਵਿਰੁੱਧ ਸ਼ਬਦੀ ਸਿਆਸੀ ਬਣ ਬੀ ਲਗਾਤਾਰ ਚਲਾਏ ਜਾ ਰਹੇ ਹਨ।ਅਜਿਹੇ ਵਿੱਚ ਸੂਬੇ ਅੰਦਰ ਦੋਵੇਂ ਧਿਰਾਂ ਦੇ ਵਿਚਾਲੇ ਗੱਠਜੋੜ ਕਰਵਾਉਣਾ ਹਾਈ ਕਮਾਂਡ ਦੇ ਲਈ ਵੱਡੀ ਚੁਣੌਤੀ ਬਣਦਾ ਦਿਖਾਈ ਦੇ ਰਿਹਾ ਹੈ।
Share the post "ਲੋਕ ਸਭਾ ਚੋਣਾਂ ਤੇ ਆਪ ਨਾਲ ਗਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਦੀ ਦਿੱਲੀ ਵਿੱਚ ਮੀਟਿੰਗ ਅੱਜ"