ਬਠਿੰਡਾ, 1 ਜਨਵਰੀ – ਇਜ਼ਰਾਇਲ ਵਲੋਂ ਅਮਰੀਕਾ ਅਤੇ ਪੱਛਮ ਦੇ ਸਾਮਰਾਜੀ ਮੁਲਕਾਂ ਦੀ ਸ਼ਹਿ ਨਾਲ ਫ਼ਲਸਤੀਨੀਆਂ ਖਿਲਾਫ਼ ਵਿੱਢੀ ਹੋਈ ਨਿਹੱਕੀ ਤੇ ਅਸਾਵੀਂ ਜੰਗ ਫੌਰੀ ਬੰਦ ਕੀਤੇ ਜਾਣ ਦੀ ਆਵਾਜ਼ ਬੁਲੰਦ ਕਰਨ ਲਈ ਅੱਜ ਪੰਜਾਬ ਦੀਆਂ ਸੱਤ ਖੱਬੀਆਂ, ਇਨਕਲਾਬੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਦੇ ਕਾਰਕੁੰਨਾਂ ਵਲੋਂ ਸਥਾਨਕ ਡੀਸੀ ਦਫਤਰ ਮੂਹਰੇ ਰੋਸ ਰੈਲੀ ਕਰਨ ਉਪਰੰਤ ਫੌਜੀ ਚੌਂਕ ਤੱਕ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਰੈਲੀ ਦੀ ਪ੍ਰਧਾਨਗੀ ਮਨਦੀਪ ਸਿੰਘ ਸਰਦਾਰਗੜ੍ਹ, ਪ੍ਰਕਾਸ਼ ਸਿੰਘ ਨੰਦਗੜ੍ਹ, ਜਗਜੀਤ ਸਿੰਘ ਲਹਿਰਾ, ਸਵਰਨ ਸਿੰਘ ਪੂਹਲੀ ਅਤੇ ਸ੍ਰਿਸ਼ਟੀ ਨੇ ਕੀਤੀ।
ਦੁਖਦਾਇਕ ਖ਼ਬਰ: ਕੈਨੇਡਾ ਵਿੱਚ ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ
ਰੈਲੀ ਨੂੰ ਸੀਪੀਆਈ ਦੇ ਜਿਲ੍ਹਾ ਸਕੱਤਰ ਬਲਕਰਨ ਬਰਾੜ, ਆਰ.ਐਮ.ਪੀ.ਆਈ. ਦੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਮੁਖਤਿਆਰ ਸਿੰਘ ਪੂਹਲਾ, ਪੀ ਐਸ ਯੂ ਦੇ ਆਗੂ ਰਜਿੰਦਰ ਸਿੰਘ, ਅਦਾਰਾ ਲਲਕਾਰ ਦੀ ਆਗੂ ਪਰਮਿੰਦਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਇਜ਼ਰਾਈਲ ਵਲੋਂ ਗਾਜ਼ਾ ਦੇ ਹਸਪਤਾਲਾਂ, ਸਕੂਲਾਂ, ਰਾਹਤ ਕੈਂਪਾਂ ਅਤੇ ਰਿਹਾਇਸ਼ੀ ਬਸਤੀਆਂ ’ਤੇ ਕੀਤੀ ਜਾ ਰਹੀ ਭਿਆਨਕ ਬੰਬਾਰੀ ਅਤੇ ਘਾਤਕ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਰਨ ਦੀ ਅਣਮਨੁੱਖੀ ਪਹੁੰਚ ਦੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਅਮਨ ਕਾਇਮੀ ਦੇ ਯਤਨਾਂ ਵਿਚ ਅੜਿੱਕੇ ਡਾਹ ਰਹੇ ਅਮਰੀਕਾ ਅਤੇ ਉਸਦੇ ਨਾਪਾਕ ਗਠਜੋੜ ਦੀ ਡਟਵੀਂ ਨਿੰਦਾ ਕੀਤੀ।
ਮਹਿਰਾਜ ਤੋਂ ਬਾਅਦ ਮੁੜ ਨਵੇਂ ਸਾਲ ’ਚ ਨਵਜੋਤ ਸਿੱਧੂ ਬਠਿੰਡਾ ਵਿਚ ਕਰਨਗੇ ਰੈਲੀ
ਆਗੂਆਂ ਨੇ ਫਿਰਕੂ ਨਜ਼ਰੀਏ ਤੋਂ ਇਜ਼ਰਾਇਲ ਦਾ ਪੱਖ ਪੂਰਦਿਆਂ ਫ਼ਲਸਤੀਨੀਆਂ ਦੀ ਆਪਣੀ ਆਜ਼ਾਦੀ ਲਈ ਹੱਕੀ ਜੱਦੋਜਹਿਦ ਦਾ ਵਿਰੋਧ ਕਰਨ ਵਾਲੀ ਮੋਦੀ-ਸ਼ਾਹ ਸਰਕਾਰ ਨੂੰ ਵੀ ਕਰੜੇ ਹੱਥੀਂ ਲਿਆ।ਮੁਜ਼ਾਹਰਾਕਾਰੀ ਹੱਥਾਂ ਵਿਚ ਫੜ੍ਹੀਆਂ ਫਲੈਕਸਾਂ ਅਤੇ ਤਖ਼ਤੀਆਂ ਰਾਹੀਂ ਫ਼ਲਸਤੀਨੀਆਂ ਦੀ ਨਸਲਕੁਸ਼ੀ ਅਤੇ ਉਨ੍ਹਾਂ ਨੂੰ ਦੇਸ਼ ਬਦਰ ਕਰਨ ਲਈ ਛੇੜੀ ਗਈ ਜੰਗ ਤੁਰੰਤ ਰੋਕੇ ਜਾਣ, ਇਜ਼ਰਾਇਲ ਵਲੋਂ ਕਬਜ਼ਾਈ ਗਈ ਫ਼ਲਸਤੀਨੀ ਭੂਮੀ ਖਾਲੀ ਕਰਨ ਅਤੇ ਫ਼ਲਸਤੀਨ ਨੂੰ ਆਜ਼ਾਦ ਦੇਸ਼ ਵਜੋਂ ਮਾਨਤਾ ਦਿੱਤੇ ਜਾਣ, ਹਜ਼ਾਰਾਂ ਮਾਸੂਮ ਨਾਗਰਿਕਾਂ, ਜਿਨ੍ਹਾਂ ਵਿਚ ਬਹੁਗਿਣਤੀ ਬੱਚੇ ਅਤੇ ਔਰਤਾਂ ਹਨ ਦੇ ਵਹਿਸ਼ੀ ਕਤਲਾਂ ਲਈ ਜਿੰਮੇਵਾਰ ਇਜ਼ਰਾਇਲਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਸ ਦੇ ਸਾਮਰਾਜੀ ਜੁੰਡੀਦਾਰਾਂ ਨੂੰ ਜੰਗੀ ਅਪਰਾਧੀ ਐਲਾਨ ਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ ਸਨ।
Share the post "ਜੰਗਬਾਜ਼ ਜੁੰਡਲੀ ਖਿਲਾਫ਼ ਖੱਬੀਆਂ, ਇਨਕਲਾਬੀ ਪਾਰਟੀਆਂ ਤੇ ਜਨ ਸੰਗਠਨਾਂ ਵਲੋਂ ਨਵੇਂ ਸਾਲ ਮੌਕੇ ਰੈਲੀ-ਮੁਜ਼ਾਹਰਾ"